ਪੱਤਰ ਪ੍ਰੇਰਕਫਗਵਾੜਾ, 11 ਅਪਰੈਲਇੱਥੇ ਮੇਹਲੀ-ਮੇਹਟਾਂ ਬਾਈਪਾਸ ’ਤੇ ਸਥਿਤ ਗਰੂ ਨਾਨਕ ਨਗਰ ਲਾਗੇਂ ਪੰਪ ਦੇ ਮਗਰੋਂ ਬੀਤੇ ਦਿਨ ਇੱਕ ਵਿਅਕਤੀ ਦੀ ਲਾਸ਼ ਮਿਲਣ ’ਤੇ ਸਦਰ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਪੀ ਰੁਪਿੰਦਰ ਭੱਟੀ ਨੇ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਕ੍ਰਿਸ਼ਨਾ ਦੇਵੀ ਪਤਨੀ ਬੂਟਾ ਰਾਮ ਵਾਸੀ ਬੀੜ ਪੁਆਦ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਕ੍ਰਿਸ਼ਨਾ ਦੇਵੀ ਅਨੁਸਾਰ ਉਸ ਦਾ ਪਤੀ ਬੂਟਾ ਰਾਮ ਸਵੇਰੇ ਆਪਣੇ ਕੰਮ ’ਤੇ ਗਿਆ ਸੀ ਤੇ ਉਸ ਨੂੰ ਦੁਪਹਿਰ ਸਮੇਂ ਫ਼ੋਨ ਆਇਆ ਤੇ ਪਤਾ ਲੱਗਾ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਬੂਟਾ ਰਾਮ ਦੀ ਹੱਤਿਆ ਮਨਜੋਤ ਉਰਫ਼ ਜੋਤਾ ਪੁੱਤਰ ਅਜੀਤ ਸਿੰਘ ਵਾਸੀ ਬੀੜ ਪੁਆਦ ਤੇ ਉਸ ਦੇ ਸਾਥੀਆਂ ਨੇ ਕੀਤੀ ਹੈ। ਪੁਲੀਸ ਨੇ ਮਨਜੋਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਸਦਰ ਦਿਲਬਾਗ ਸਿੰਘ ਨੇ ਦੱਸਿਆ ਕਿ ਬੂਟਾ ਰਾਮ ਤੇ ਮਨਜੋਤ ਦੀ ਚੰਗੀ ਸਾਂਝ ਸੀ ਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।