ਪੰਪ ’ਤੇ ਤੇਲ ਪਵਾਉਣ ਮਗਰੋਂ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋਣ ਵਾਲਾ ਕਾਬੂ
ਦੋਰਾਹਾ (ਪੱਤਰ ਪ੍ਰੇਰਕ): ਇੱਕ ਕਾਰ ਡਰਾਈਵਰ ਪੈਟਰੋਲ ਪੰਪ ਤੋਂ ਤੇਲ ਪਵਾਉਣ ਤੋਂ ਬਾਅਦ ਇੱਕ ਮੁਲਾਜ਼ਮ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਬਬਲੂ ਯਾਦਵ ਵਾਸੀ ਪੈਟਰੋਲ ਪੰਪ ਲਾਲ ਮੇਘ ਰਾਜ ਫਿਲਿੰਗ ਸਟੇਸ਼ਨ ਇੰਡੀਆ ਆਇਲ ਨੇੜੇ ਰਜੈਕਾ ਰਿਜ਼ੋਰਟ, ਦੋਰਾਹਾ ਦੇ ਬਿਆਨਾਂ ਦੇ ਆਧਾਰ ’ਤੇ ਅਵਤਾਰ ਸਿੰਘ ਵਾਸੀ ਅੰਨਿਆ ਰੋਡ ਅਮਲੋਹ ਖਿਲਾਫ਼ ਮਾਮਲਾ ਦਰਜ ਕਰ ਕੇ ਕਾਬੂ ਕੀਤਾ ਗਿਆ ਹੈ। ਪੁਲੀਸ ਕੋਲ ਦਰਜ ਕਰਵਾਈ ਰਿਪੋਰਟ ਵਿੱਚ ਬਬਲੂ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਪੈਟਰੋਲ ਪੰਪ ’ਤੇ ਕੰਮ ਕਰ ਰਿਹਾ ਸੀ ਤਾਂ ਦੁਪਹਿਰ ਕਰੀਬ ਡੇਢ ਵਜੇ ਦੋਰਾਹਾ ਵੱਲੋਂ ਇੱਕ ਵੋਕਸਵੈਗਨ ਕਾਰ ਆਈ ਜਿਸ ਦੇ ਡਰਾਈਵਰ ਨੇ ਉਸ ਤੋਂ 2 ਹਜ਼ਾਰ ਰੁਪਏ ਦਾ ਤੇਲ ਪੁਆਇਆ। ਜਦੋਂ ਉਸ ਨੇ ਕਾਰ ਚਾਲਕ ਤੋਂ ਤੇਲ ਦੇ ਪੈਸੇ ਮੰਗੇ ਤਾਂ ਕਾਰ ਚਾਲਕ ਨੇ ਉਸਦੇ ਹੱਥ ਵਿੱਚੋਂ ਪੈਸਿਆਂ ਵਾਲਾ ਬੈਗ ਝਪਟਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫ਼ਰਾਰ ਹੋ ਗਿਆ। ਗੱਡੀ ਨੰਬਰ ਪੜ੍ਹ ਕੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਕਾਰ ਚਾਲਕ ਦਾ ਨਾਂ ਅਵਤਾਰ ਸਿੰਘ ਹੈ। ਪੁਲੀਸ ਨੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।