ਪੰਪ ਅਪਰੇਟਰ ਦੀ ਮੌਤ; ਔਰਤ ਸਣੇ ਤਿੰਨ ਗ੍ਰਿਫ਼ਤਾਰ
ਐੱਨਪੀ ਧਵਨ
ਪਠਾਨਕੋਟ, 13 ਅਪਰੈਲ
ਨਗਰ ਨਿਗਮ ਪਠਾਨਕੋਟ ਵਿੱਚ ਆਊਟਸੋਰਸ ਆਧਾਰ ’ਤੇ ਕੰਮ ਕਰਦੇ ਪੰਪ ਅਪਰੇਟਰ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰੀਸ਼ ਸ਼ਰਮਾ ਵਾਸੀ ਪ੍ਰੀਤਨਗਰ, ਪਠਾਨਕੋਟ ਵਜੋਂ ਹੋਈ ਹੈ। ਸਹੁਰੇ ਪਰਿਵਾਰ ਉੱਪਰ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਹਿਲਾਂ ਹਰੀਸ਼ ਸ਼ਰਮਾ ਦੀ ਕੁੱਟ ਮਾਰ ਕੀਤੀ ਗਈ ਅਤੇ ਫਿਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਠਾਨਕੋਟ ਦੇ ਡਾਕਖਾਨਾ ਚੌਕ ਵਿੱਚ ਸੁੱਟ ਦਿੱਤਾ ਗਿਆ। ਸੂਚਨਾ ਮਿਲਣ ਬਾਅਦ ਐਂਬੂਲੈਂਸ ਰਾਹੀਂ ਉਸ ਨੂੰ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਥੋੜ੍ਹੀ ਦੇਰ ਬਾਅਦ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਹਰੀਸ਼ ਸ਼ਰਮਾ ਦੇ ਭਰਾ ਵਿਸ਼ਾਲ ਉਰਫ਼ ਰਾਜੂ ਨੇ ਦੱਸਿਆ ਕਿ ਉਸ ਦਾ ਭਰਾ ਹਰੀਸ਼ ਨਗਰ ਨਿਗਮ ਵਿੱਚ ਬਤੌਰ ਪੰਪ ਅਪਰੇਟਰ ਲੱਗਾ ਹੋਇਆ ਸੀ ਅਤੇ ਲੰਘੀ ਕੱਲ੍ਹ ਸ਼ਾਮ ਵੀ ਉਹ ਡਿਊਟੀ ਲਈ ਘਰੋਂ ਨਿਕਲਿਆ ਸੀ। ਉਸੇ ਸਮੇਂ, ਹਰੀਸ਼ ਦਾ ਜੀਜਾ ਉਸ ਨੂੰ ਪਠਾਨਕੋਟ ਦੇ ਆਨੰਦਪੁਰ ਰੜ੍ਹਾ ਮੁਹੱਲੇ ਵਿੱਚ ਰਹਿ ਰਹੇ ਉਸ ਦੇ ਸਹੁਰੇ ਘਰ ਲੈ ਗਿਆ ਜਿੱਥੇ ਕਿਸੇ ਗੱਲ ਨੂੰ ਲੈ ਕੇ ਸਹੁਰਿਆਂ ਨਾਲ ਝਗੜਾ ਹੋ ਗਿਆ ਅਤੇ ਉਸ ਤੋਂ ਬਾਅਦ ਸਹੁਰੇ ਪਰਿਵਾਰ ਵਾਲਿਆਂ ਨੇ ਹਰੀਸ਼ ਦੀ ਕੁੱਟ ਮਾਰ ਕਰ ਦਿੱਤੀ। ਜਦ ਉਹ ਬੇਹੋਸ਼ ਹੋ ਗਿਆ ਤਾਂ ਉਸ ਨੂੰ ਸ਼ਹਿਰ ਦੇ ਡਾਕਖਾਨਾ ਚੌਕ ’ਤੇ ਲਹੂ ਲੁਹਾਨ ਹਾਲਤ ਵਿੱਚ ਸੁੱਟ ਗਏ। ਉੱਥੋਂ ਕਿਸੇ ਨੇ ਸਿਵਲ ਹਸਪਤਾਲ ਪਠਾਨਕੋਟ ’ਚ ਐਂਬੂਲੈਂਸ ਡਰਾਈਵਰ ਨੂੰ ਫ਼ੋਨ ਕੀਤਾ ਅਤੇ ਐਂਬੂਲੈਂਸ ਦਾ ਡਰਾਈਵਰ ਹਰੀਸ਼ ਨੂੰ ਸਿਵਲ ਹਸਪਤਾਲ ਲੈ ਗਿਆ। ਜਿੱਥੇ ਉਸ ਦੀ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। ਉਸ ਨੇ ਦੋਸ਼ ਲਗਾਇਆ ਕਿ ਹਰੀਸ਼ ਦੇ ਸਹੁਰਿਆਂ ਨੇ ਹੱਤਿਆ ਕੀਤੀ ਹੈ। ਹਰੀਸ਼ ਦੇ ਵੀ ਦੋ ਬੱਚੇ ਹਨ ਅਤੇ ਉਸ ਦਾ ਵਿਆਹ ਲਗਭਗ 8 ਸਾਲ ਪਹਿਲਾਂ ਹੋਇਆ ਸੀ।
ਡੀਐਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਸਹੁਰਾ ਸਮੇਤ 7 ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੂਸਰੇ ਪਾਸੇ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।