ਪੰਪ ਅਪਰੇਟਰਾਂ ਵੱਲੋਂ ਪੱਕਾ ਧਰਨਾ ਚੁੱਕਣ ਦਾ ਐਲਾਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਜਨਵਰੀ
ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਅਪਰੇਟਰਜ਼ ਐਸੋਸੀਏਸ਼ਨ ਵੱਲੋਂ ਪਿਛਲੇ ਸਵਾ ਸਾਲ ਤੋਂ ਨੇੜਲੇ ਪਿੰਡ ਘਰਾਚੋਂ ਵਿਖੇ ਲਗਾਏ ਗਏ ਪੱਕੇ ਧਰਨੇ ਨੂੰ ਮੰਗਾਂ ਮੰਨਣ ਉਪਰੰਤ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਅੱਜ ਇੱਥੇ ਇੱਕ ਪ੍ਰੈਸ ਬਿਆਨ ਰਾਹੀਂ ਐਸੋਸੀਏਸ਼ਨ ਦੇ ਪ੍ਰਧਾਨ ਸੁਖਜੀਤ ਸਿੰਘ, ਮੀਤ ਪ੍ਰਧਾਨ ਬੇਅੰਤ ਸਿੰਘ, ਸਕੱਤਰ ਬੋਹੜ ਸਿੰਘ ਅਤੇ ਖਜ਼ਾਨਚੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਜਲ ਸਪਲਾਈ ਸਕੀਮ ਤਹਿਤ ਸੇਵਾ ਨਿਭਾਅ ਰਹੇ ਅਪਰੇਟਰਾਂ ਵੱਲੋਂ 13 ਅਕਤੂਬਰ 2023 ਤੋਂ ਪਿੰਡ ਘਰਾਚੋਂ ਵਿਖੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ। ਇਸੇ ਦੌਰਾਨ ਪੰਜਾਬ ਸਰਕਾਰ ਦੇ ਵੱਖ-ਵੱਖ ਅਧਿਕਾਰੀਆਂ ਨਾਲ ਜਥੇਬੰਦੀ ਵੱਲੋਂ ਮੀਟਿੰਗਾਂ ਵੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹੁਣ ਪੰਪ ਅਪਰੇਟਰਾਂ ਦੀ ਛਾਂਟੀ ਕਰਨ ਨੂੰ ਪੂਰਨ ਤੌਰ ’ਤੇ ਰੋਕਣ, ਪੰਪ ਅਪਰੇਟਰਾਂ ਦੇ ਤਜਰਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਲ ਸਪਲਾਈ ਨਾਲ ਸਬੰਧਤ ਸਕੀਮਾਂ ਦੀ ਟਰੇਨਿੰਗ ਦੇਣ ਆਦਿ ਮੰਗਾਂ ਮੰਨੀਆਂ ਗਈਆਂ ਹਨ। ਇਸ ਤੋਂ ਇਲਾਵਾ ਬਾਕੀ ਮੰਗਾਂ ਵੀ ਵਿਚਾਰ ਅਧੀਨ ਹਨ। ਐਸੋਸੀਏਸ਼ਨ ਦੇ ਆਗੂਆਂ ਨੇ ਉਕਤ ਮੰਗਾਂ ਮੰਨੇ ਜਾਣ ਮਗਰੋਂ ਧਰਨਾ ਸਮਾਪਤ ਕਰਨ ਦਾ ਐਲਾਨ ਕਰਦਿਆਂ ਸਮੂਹ ਅਪਰੇਟਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਵੀ ਹਾਜ਼ਰ ਸਨ।