For the best experience, open
https://m.punjabitribuneonline.com
on your mobile browser.
Advertisement

ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਦੋਸ਼ਾਂ ਦੀ ਜਾਂਚ ਲਈ ਭਾਰਤ ਵੱਲੋਂ ਕਮੇਟੀ ਕਾਇਮ

08:22 AM Nov 30, 2023 IST
ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਦੋਸ਼ਾਂ ਦੀ ਜਾਂਚ ਲਈ ਭਾਰਤ ਵੱਲੋਂ ਕਮੇਟੀ ਕਾਇਮ
Advertisement

‘ਫਾਇਨੈਂਸ਼ੀਅਲ ਟਾਈਮਜ਼’ ’ਚ ਆਈ ਖ਼ਬਰ ਵਿੱਚ ਕੀਤਾ ਗਿਆ ਸੀ ਸਾਜ਼ਿਸ਼ ਦਾ ਖੁਲਾਸਾ

ਨਵੀਂ ਦਿੱਲੀ, 29 ਨਵੰਬਰ
ਭਾਰਤ ਨੇ ਅਮਰੀਕੀ ਧਰਤੀ ’ਤੇ ਸਿੱਖ ਕੱਟੜਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਨਾਲ ਸਬੰਧਤ ਦੋਸ਼ਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ‘ਫਾਇਨੈਂਸ਼ੀਅਲ ਟਾਈਮਜ਼’ ’ਚ ਅਣਪਛਾਤੇ ਸੂਤਰਾਂ ਦਾ ਹਵਾਲਾ ਦਿੰਦਿਆਂ ਪਿਛਲੇ ਹਫ਼ਤੇ ਆਈ ਖ਼ਬਰ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ, ਤੇ ਇਸ ਸਾਜ਼ਿਸ਼ ਵਿਚ ਸ਼ਾਮਲ ਹੋਣ ਬਾਰੇ ਭਾਰਤ ਨੂੰ ਫ਼ਿਕਰ ਜ਼ਾਹਿਰ ਕਰ ਕੇ ਚਿਤਾਵਨੀ ਦਿੱਤੀ ਗਈ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਮਾਮਲੇ ਦੀ ਸਾਰੇ ਪਹਿਲੂਆਂ ਉਤੇ ਗੌਰ ਕਰਨ ਲਈ 18 ਨਵੰਬਰ ਨੂੰ ਇਕ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਹੈ। ਬਾਗਚੀ ਨੇ ਕਿਹਾ, ‘ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਦੁਵੱਲੇ ਸੁਰੱਖਿਆ ਸਹਿਯੋਗ ਉਤੇ ਅਮਰੀਕਾ ਦੇ ਨਾਲ ਚਰਚਾ ਦੌਰਾਨ ਅਮਰੀਕੀ ਧਿਰ ਨੇ ਸੰਗਠਿਤ ਅਪਰਾਧੀਆਂ, ਬੰਦੂਕਧਾਰੀਆਂ, ਅਤਿਵਾਦੀਆਂ ਤੇ ਹੋਰ ਲੋਕਾਂ ਵਿਚਾਲੇ ਮਿਲੀਭੁਗਤ ਨਾਲ ਸਬੰਧਤ ਕੁਝ ਜਾਣਕਾਰੀ ਸਾਂਝੀ ਕੀਤੀ ਸੀ।’ ਉਨ੍ਹਾਂ ਕਿਹਾ, ‘ਅਸੀਂ ਇਹ ਵੀ ਸੰਕੇਤ ਦਿੱਤਾ ਸੀ ਕਿ ਭਾਰਤ ਅਜਿਹੀਆਂ ਸੂਚਨਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਕਿਉਂਕਿ ਉਹ ਸਾਡੇ ਕੌਮੀ ਸੁਰੱਖਿਆ ਹਿੱਤਾਂ ਉਤੇ ਅਸਰ ਪਾਉਂਦੀਆਂ ਹਨ ਤੇ ਸਬੰਧਤ ਵਿਭਾਗ ਪਹਿਲਾਂ ਹੀ ਇਸ ਮੁੱਦੇ ਦੀ ਜਾਂਚ ਕਰ ਰਹੇ ਹਨ।’ ਬਾਗਚੀ ਨੇ ਕਿਹਾ ਕਿ ਭਾਰਤ ਕਮੇਟੀ ਦੇ ਸਿੱਟਿਆਂ ਦੇ ਅਧਾਰ ਉਤੇ ਲੋੜੀਂਦੀ ਕਾਰਵਾਈ ਕਰੇਗਾ। ਗੌਰਤਲਬ ਹੈ ਕਿ ਮੀਡੀਆ ਰਿਪੋਰਟ ਤੋਂ ਬਾਅਦ ਅਮਰੀਕਾ ਦੀ ਕੌਮੀ ਸੁਰੱਖਿਆ ਪਰਿਸ਼ਦ ਦੀ ਤਰਜਮਾਨ ਐਡਰੀਅਨ ਵਾਟਸਨ ਨੇ ਕਿਹਾ ਸੀ ਕੀ ਮੁੱਦੇ ਨੂੰ ‘ਬੇਹੱਦ ਗੰਭੀਰਤਾ’ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਅਮਰੀਕਾ ਸਰਕਾਰ ਨੇ ਭਾਰਤ ਸਰਕਾਰ ਕੋਲ ਚੁੱਕਿਆ ਹੈ, ਤੇ ਭਾਰਤ ਸਰਕਾਰ ਨੇ ‘ਫ਼ਿਕਰ ਤੇ ਹੈਰਾਨੀ ਜ਼ਾਹਿਰ ਕੀਤੀ ਹੈ।’ ਸੂਤਰਾਂ ਮੁਤਾਬਕ ਭਾਰਤ ਵੱਲੋਂ ਇਸ ਮਾਮਲੇ ਦੀ ਵੱਖ-ਵੱਖ ਏਜੰਸੀਆਂ ਮਿਲ ਕੇ ਜਾਂਚ ਕਰਨਗੀਆਂ। ਹਾਲਾਂਕਿ ਕਮੇਟੀ ਦੀ ਬਣਤਰ ਬਾਰੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਦੱਸਿਆ ਗਿਆ। ਜ਼ਿਕਰਯੋਗ ਹੈ ਕਿ ਪੰਨੂ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਅਮਰੀਕੀ ਤੇ ਕੈਨੇਡੀਅਨ ਨਾਗਰਿਕ ਹੈ, ਅਖੌਤੀ ਸੰਗਠਨ ‘ਸਿੱਖਸ ਫਾਰ ਜਸਟਿਸ’ ਦਾ ਆਗੂ ਹੈ। ਉਹ ਭਾਰਤ ਵਿਚ ਅਤਿਵਾਦ ਦੇ ਕਈ ਦੋਸ਼ਾਂ ਹੇਠ ਲੋੜੀਂਦਾ ਹੈ। ਗੌਰਤਲਬ ਹੈ ਕਿ ਹਾਲ ਹੀ ਵਿਚ ਕੈਨੇਡਾ ਨੇ ਵੀ ਦੋਸ਼ ਲਾਏ ਸਨ ਕਿ ਵੈਨਕੂਵਰ ਵਿਚ ਮਾਰੇ ਗਏ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸੀ। ਜਦਕਿ ਭਾਰਤ ਨੇ ਦੋਸ਼ ਖਾਰਜ ਕਰ ਦਿੱਤੇ ਸਨ। -ਪੀਟੀਆਈ

Advertisement

ਜਾਂਚ ਵਾਸਤੇ ਦਬਾਅ ਬਣਾਉਣ ਲਈ ਅਮਰੀਕਾ ਨੇ ਚੋਟੀ ਦੇ ਅਧਿਕਾਰੀ ਭਾਰਤ ਭੇਜੇ: ਮੀਡੀਆ ਰਿਪੋਰਟ

ਵਾਸ਼ਿੰਗਟਨ: ‘ਦਿ ਵਾਸ਼ਿੰਗਟਨ ਪੋਸਟ’ ਦੀ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਆਪਣੇ ਦੋ ਚੋਟੀ ਦੇ ਖੁਫ਼ੀਆ ਅਧਿਕਾਰੀਆਂ ਨੂੰ ਭਾਰਤ ਭੇਜ ਕੇ ਗੁਰਪਤਵੰਤ ਪੰਨੂ ਦੀ ਅਮਰੀਕਾ ਦੀ ਧਰਤੀ ’ਤੇ ਕਥਿਤ ਹੱਤਿਆ ਦੀ ਸਾਜ਼ਿਸ਼ ਦੀ ਜਾਂਚ ਲਈ ਨਵੀਂ ਦਿੱਲੀ ’ਤੇ ਦਬਾਅ ਬਣਾਇਆ ਹੈ। ਰਿਪੋਰਟ ਮੁਤਾਬਕ ਇਹ ਅਧਿਕਾਰੀ ਸੀਆਈਏ ਦੇ ਡਾਇਰੈਕਟਰ ਵਿਲੀਅਮ ਜੇ ਬਰਨਜ਼ ਤੇ ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਨਜ਼ ਸਨ। ਮੀਡੀਆ ਅਦਾਰੇ ਨੇ ਆਪਣੀ ਰਿਪੋਰਟ ਵਿਚ ਸੀਨੀਅਰ ਪ੍ਰਸ਼ਾਸਕੀ ਅਧਿਕਾਰੀਆਂ ਦਾ ਹਵਾਲਾ ਦਿੱਤਾ ਹੈ। ਰਿਪੋਰਟ ਮੁਤਾਬਕ ਉਨ੍ਹਾਂ ਇਸ ਕਥਿਤ ਸਾਜ਼ਿਸ਼ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਭਾਰਤ ਤੋਂ ਕੀਤੀ ਸੀ। ਰਿਪੋਰਟ ਮੁਤਾਬਕ ਫੈਡਰਲ ਅਧਿਕਾਰੀ ਨਿਊਯਾਰਕ ਦੀ ਅਦਾਲਤ ਵਿਚ ਇਕ ਭਾਰਤੀ ਨਾਗਰਿਕ ਨਿਖਿਲ ਗੁਪਤਾ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਗੁਪਤਾ ਅਮਰੀਕਾ ਵਿਚ ਨਹੀਂ ਹੈ। ਇਹ ਦੋਸ਼ ‘ਮਰਡਰ-ਫਾਰ-ਹਾਇਰ’ ਸਾਜ਼ਿਸ਼ ਨਾਲ ਸਬੰਧਤ ਹਨ। ਦੋਸ਼ ਲਾਇਆ ਗਿਆ ਹੈ ਕਿ ਗੁਪਤਾ ਨੇ ਪ੍ਰਬੰਧ ਕਰ ਕੇ ਇਕ ਵਿਅਕਤੀ ਨੂੰ 15 ਹਜ਼ਾਰ ਡਾਲਰ ਦੀ ਅਗਾਊਂ ਅਦਾਇਗੀ ਕੀਤੀ ਸੀ ਜੋ ਕਿ ‘ਹਿੱਟ ਮੈਨ’ (ਹਮਲਾਵਰ) ਦਾ ਸਾਥੀ ਸੀ। ਹਾਲਾਂਕਿ ਜਾਂਚ ਦੇ ਦਸਤਾਵੇਜ਼ਾਂ ਵਿਚ ਇਹ ਦਰਜ ਨਹੀਂ ਕੀਤਾ ਗਿਆ ਕਿ ਕਿਸ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਇਹ ਰਿਪੋਰਟ ਉਸ ਵੇਲੇ ਛਪੀ ਹੈ ਜਿਸ ਦਿਨ ਭਾਰਤ ਨੇ ਇਸ ਮਾਮਲੇ ਵਿਚ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ‘ਵਾਸ਼ਿੰਗਟਨ ਪੋਸਟ’ ਦਾ ਕਹਿਣਾ ਹੈ ਕਿ ਅਮਰੀਕਾ ਨੇ ਵੱਖਵਾਦੀ ਸਿੱਖ ਆਗੂ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ, ਇਹ ਵਾਰਦਾਤ ਅਮਰੀਕੀ ਧਰਤੀ ਉਤੇ ਕੀਤੀ ਜਾਣੀ ਸੀ। ਇਹ ਮੁੱਦਾ ਰਾਸ਼ਟਰਪਤੀ ਜੋਅ ਬਾਇਡਨ ਤੇ ਸੀਆਈਏ ਦੇ ਡਾਇਰੈਕਟਰ ਵਿਲੀਅਮ ਜੇ. ਬਰਨਜ਼ ਵੱਲੋਂ ਉਠਾਇਆ ਗਿਆ ਹੈ ਤੇ ਉਨ੍ਹਾਂ ਨਵੀਂ ਦਿੱਲੀ ਤੋਂ ਮੰਗ ਕੀਤੀ ਹੈ ਕਿ ਇਸ ਸਾਜ਼ਿਸ਼ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਰਿਪੋਰਟ ਮੁਤਾਬਕ ਬਾਇਡਨ ਨੇ ਜੀ20 ਸੰਮੇਲਨ ਦੌਰਾਨ ਵੀ ਮੋਦੀ ਕੋਲ ਇਹ ਮੁੱਦਾ ਚੁੱਕਿਆ ਸੀ। ਮੀਡੀਆ ਅਦਾਰੇ ਨੇ ਆਪਣੀ ਰਿਪੋਰਟ ਵਿਚ ਬਾਇਡਨ ਪ੍ਰਸ਼ਾਸਨ ਦੇ ਸੂਤਰਾਂ ਦਾ ਹਵਾਲਾ ਦਿੰਦੇ ਲਿਖਿਆ ਹੈ ਕਿ, ‘ਗੁਪਤਾ ਨੇ ਕਈ ਹੋਰਾਂ ਨਾਲ ਮਿਲ ਕੇ ਇਹ ਸਾਜ਼ਿਸ਼ ਘੜੀ, ਜਿਨ੍ਹਾਂ ਵਿਚ ਘੱਟੋ-ਘੱਟ ਇਕ ਭਾਰਤ ਸਰਕਾਰ ਦਾ ਅਧਿਕਾਰੀ ਵੀ ਹੈ।’ ਰਿਪੋਰਟ ਮੁਤਾਬਕ ਇਹ ਸਾਜ਼ਿਸ਼ ਜੂਨ ਵਿਚ ਡਰੱਗ ਐੱਨਫੋਰਸਮੈਂਟ ਪ੍ਰਸ਼ਾਸਨ ਨੇ ਨਾਕਾਮ ਕੀਤੀ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਕੈਨੇਡਾ ਵਿਚ ਸਿੱਖ ਵੱਖਵਾਦੀ ਹਰਦੀਪ ਨਿੱਝਰ ਦੀ ਹੱਤਿਆ ਕੀਤੀ ਗਈ ਸੀ। ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇਕ ਬਿਆਨ ਵਿਚ ਪੰਨੂ ਨੇ ਦਾਅਵਾ ਕੀਤਾ ‘ਖਾਲਿਸਤਾਨ ਰਾਇਸ਼ੁਮਾਰੀ ਕਰਾਉਣ ਲਈ ਭਾਰਤ ਮੈਨੂੰ ਮਾਰਨਾ ਚਾਹੁੰਦਾ ਹੈ।’ ਇਨ੍ਹਾਂ ਨਵੇਂ ਦੋਸ਼ਾਂ ਤੋਂ ਬਾਅਦ ਬਾਇਡਨ ਪ੍ਰਸ਼ਾਸਨ ਦੇ ਉਨ੍ਹਾਂ ਯਤਨਾਂ ਨੂੰ ਧੱਕਾ ਵੀ ਲੱਗ ਸਕਦਾ ਹੈ ਜੋ ਭਾਰਤ ਨਾਲ ਰਣਨੀਤਕ ਰਿਸ਼ਤੇ ਡੂੰਘੇ ਕਰਨ ਲਈ ਕੀਤੇ ਜਾ ਰਹੇ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×