ਪੰਥਕ ਹਾਲਾਤ
ਪੰਥਕ ਰਾਜਨੀਤੀ ਆਪਣੀ ਧੁਰੀ ਤੋਂ ਹਿੱਲਣ ਕਰ ਕੇ ਸਿੱਖ ਸੰਸਥਾਵਾਂ ਵਿੱਚ ਪਿਛਲੇ ਕੁਝ ਅਰਸੇ ਤੋਂ ਚੱਲ ਰਹੀ ਉਥਲ-ਪੁਥਲ ਅਜੇ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਰੋਜ਼ ਨਵੇਂ ਆਯਾਮ ਦੇਖਣ ਨੂੰ ਮਿਲ ਰਹੇ ਹਨ। ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਰਾਜ਼ੀ ਹੋ ਗਏ। ਇਸ ਤੋਂ ਪਹਿਲਾਂ ਸੋਮਵਾਰ ਅੰਤ੍ਰਿੰਗ ਕਮੇਟੀ ਨੇ ਸ੍ਰੀ ਧਾਮੀ ਦਾ ਅਸਤੀਫ਼ਾ ਨਾਮਨਜ਼ੂਰ ਕਰ ਕੇ ਉਨ੍ਹਾਂ ਨੂੰ ਮੁੜ ਅਹੁਦਾ ਸੰਭਾਲਣ ਦੀ ਅਪੀਲ ਕੀਤੀ ਸੀ। ਪਿਛਲੇ ਮਹੀਨੇ ਉਨ੍ਹਾਂ ਨੈਤਿਕ ਆਧਾਰ ’ਤੇ ਆਪਣੇ ਅਹੁਦੇ ਤੋਂ ਉਦੋਂ ਅਸਤੀਫ਼ਾ ਦੇ ਦਿੱਤਾ ਸੀ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੰਤ੍ਰਿੰਗ ਕਮੇਟੀ ਵੱਲੋਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦੇ ਫ਼ੈਸਲੇ ’ਤੇ ਪ੍ਰਤੀਕਰਮ ਵਜੋਂ ਆਖਿਆ ਸੀ ਕਿ ਅੰਤ੍ਰਿੰਗ ਕਮੇਟੀ ਕੋਲ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਨੇ ਅੰਤ੍ਰਿੰਗ ਕਮੇਟੀ ਵੱਲੋਂ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਆਈ ਸ਼ਿਕਾਇਤ ਦੀ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕਰਨ ’ਤੇ ਵੀ ਉਜ਼ਰ ਕੀਤਾ ਸੀ। ਸ੍ਰੀ ਧਾਮੀ ਨੇ ਨਾ ਕੇਵਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਸਗੋਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਲਈ ਥਾਪੀ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।
ਇਸ ਦੌਰਾਨ ਅੰਤ੍ਰਿੰਗ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਫਾਰਗ ਕਰ ਚੁੱਕੀ ਹੈ ਅਤੇ ਦੋ ਨਵੇਂ ਜਥੇਦਾਰਾਂ ਦੀ ਨਿਯੁਕਤੀ ਵੀ ਕਰ ਚੁੱਕੀ ਹੈ। ਪੰਥਕ ਹਲਕਿਆਂ ਵਿੱਚ ਇਸ ਘਟਨਾਕ੍ਰਮ ਨੂੰ ਕਾਫ਼ੀ ਅਹਿਮੀਅਤ ਨਾਲ ਵਾਚਿਆ ਜਾ ਰਿਹਾ ਹੈ। ਪੰਜਾਬ ਵਿੱਚ ਜੋ ਪੰਥਕ ਬਿਰਤਾਂਤ ਉੱਭਰ ਰਿਹਾ ਹੈ, ਉਸ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਕੋਲ ਇਸ ਦੇ ਟਾਕਰੇ ਲਈ ਪੰਥਕ ਅਤੇ ਸਿਆਸੀ ਅਸਾਸਿਆਂ ਦੀ ਘਾਟ ਮਹਿਸੂਸ ਨਜ਼ਰ ਆ ਰਹੀ ਸੀ ਜਿਸ ਕਰ ਕੇ ਵਾਰ-ਵਾਰ ਸ੍ਰੀ ਧਾਮੀ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਦੀਆਂ ਅਪੀਲਾਂ ਕਰਨੀਆਂ ਪਈਆਂ ਹਨ। ਸ੍ਰੀ ਧਾਮੀ ਦੀ ਵਾਪਸੀ ਭਾਵੇਂ ਤੈਅ ਹੋ ਗਈ ਹੈ ਪਰ ਮੌਜੂਦਾ ਹਾਲਾਤ ਵਿੱਚ ਕੋਈ ਕਾਰਗਰ ਭੂਮਿਕਾ ਨਿਭਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਅਸਤੀਫ਼ੇ ਅਤੇ ਹਾਲ ਵਿੱਚ ਹੋਏ ਅਹਿਮ ਫ਼ੈਸਲਿਆਂ ਬਾਰੇ ਜਵਾਬ ਦੇਣੇ ਪੈਣਗੇ। ਸਿੱਖ ਰਾਜਨੀਤੀ ਨੂੰ ਇਸ ਸਮੇਂ ਵੱਖ-ਵੱਖ ਧਿਰਾਂ ਦਰਮਿਆਨ ਸੁਲ੍ਹਾ ਕਰਵਾਉਣ ਅਤੇ ਸ਼ਾਂਤੀ ਵਰਤਾਉਣ ਵਾਲੀ ਭਰੋਸੇਮੰਦ ਭੂਮਿਕਾ ਦੀ ਬਹੁਤ ਲੋੜ ਹੈ। ਅਕਾਲੀ ਰਾਜਨੀਤੀ ਦਾ ਇਹ ਇਤਿਹਾਸਕ ਅਸਾਸਾ ਰਿਹਾ ਸੀ ਕਿ ਭਾਵੇਂ ਇਸ ਦੇ ਆਗੂਆਂ ਦਰਮਿਆਨ ਕਿੰਨਾ ਵੀ ਵੈਰ ਵਿਰੋਧ ਹੋਵੇ ਪਰ ਉਨ੍ਹਾਂ ਵਿਚਕਾਰ ਸੰਵਾਦ ਦੀ ਤੰਦ ਬਣੀ ਰਹਿੰਦੀ ਸੀ ਅਤੇ ਪੰਥ ਤੇ ਪੰਜਾਬ ਦੇ ਹਿੱਤਾਂ ਵਿੱਚ ਉਹ ਕੋਈ ਵੀ ਫ਼ੈਸਲਾ ਲੈਣ ਦੇ ਸਮੱਰਥ ਹੁੰਦੇ ਸਨ। ਵਡੇਰੀ ਪੰਥਕ ਸਫ਼ਾਂ ਵਿੱਚ ਅੱਜ ਵੀ ਅਜਿਹੀਆਂ ਹਸਤੀਆਂ ਮੌਜੂਦ ਹਨ ਪਰ ਸਮੱਸਿਆ ਇਹ ਹੈ ਕਿ ਵੱਖ-ਵੱਖ ਧਡਿ਼ਆਂ ਅੰਦਰ ਆਪਸੀ ਬੇਭਰੋਸਗੀ ਐਨੀ ਵਧ ਗਈ ਹੈ ਕਿ ਹੁਣ ਸੰਵਾਦ ਦੀਆਂ ਸੰਭਾਵਨਾਵਾਂ ਬਹੁਤ ਮਾਂਦ ਪੈ ਗਈਆਂ ਹਨ।