ਪੰਥਕ ਅਕਾਲੀ ਲਹਿਰ ਵੱਲੋਂ ਮਹਿਰਾਜ ਵਿੱਚ ਭਰਵੀਂ ਇਕੱਤਰਤਾ
ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 8 ਜੂਨ
ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਇੱਕ ਭਰਵੀਂ ਇੱਕਤਰਤਾ ਇਤਿਹਾਸਕ ਨਗਰ ਮਹਿਰਾਜ ਦੇ ਗੁਰਦੁਆਰਾ ਸਾਹਿਬ ਫਲਾਹੀਆਂ ਵਾਲਾ ਵਿਖੇ ਹੋਈ। ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਆਪਣੇ ਧਰਮ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਸਾਵਧਾਨ ਕਰਦਿਆਂ ਕਿਹਾ, ‘‘ਜੇ ਆਪਾਂ ਇਸ ਤਰ੍ਹਾਂ ਹੀ ਕੁੰਭਕਰਨੀ ਨੀਂਦ ਸੁੱਤੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਪੰਥਕ ਸੰਸਥਾਵਾਂ ’ਤੇ ਗੈਰਾਂ ਦਾ ਕਬਜ਼ਾ ਹੋ ਜਾਵੇਗਾ। ਸਾਡੀ ਬੇਧਿਆਨੀ ਕਰਕੇ ਪਹਿਲਾਂ ਹੀ ਵੱਖ-ਵੱਖ ਸੰਸਥਾਵਾਂ ਹੱਥੋਂ ਨਿੱਕਲ ਚੁੱਕੀਆਂ ਹਨ ਹੁਣ ਜੇ ਸੰਗਤ ਚਾਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਹੱਥੋਂ ਨਾ ਨਿੱਕਲੇ ਤਾਂ ਸੰਗਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।’’
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਉੱਪਰ ਪਿਛਲੇ 25-30 ਸਾਲਾਂ ਤੋਂ ਇੱਕ ਪਰਿਵਾਰ ਦਾ ਕਬਜ਼ਾ ਹੈ ਤੇ ਇਹ ਮਹਾਨ ਪੰਥਕ ਸੰਸਥਾਵਾਂ ਅੱਜ ਅਰਸ਼ ਤੋਂ ਫ਼ਰਸ਼ ’ਤੇ ਪਹੁੰਚ ਚੁੱਕੀਆਂ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇ ਸੰਗਤਾਂ ਚਾਹੁੰਦੀਆਂ ਹਨ ਕਿ ਸ਼੍ਰੋਮਣੀ ਕਮੇਟੀ ਅੰਦਰ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਅਤੇ ਪੰਥਕ ਪ੍ਰੰਪਰਾਵਾਂ ਨੂੰ ਬਹਾਲ ਕੀਤਾ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਆ ਰਹੀਆਂ ਜਨਰਲ ਚੋਣਾਂ 'ਚ ਪੰਥਕ ਸੋਚ ਦੇ ਧਾਰਨੀ ਉਮੀਦਵਾਰਾਂ ਨੂੰ ਜਿਤਾਉਣਾ ਅਤਿ ਜ਼ਰੂਰੀ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਇੱਕ ਬੇਦਾਗ਼ ਤੇ ਪੰਥਕ ਸੋਚ ਨੂੰ ਪ੍ਰਣਾਇਆ ਹੋਇਆ ਉਮੀਦਵਾਰ ਦਿਉ ਜਿਸ ਨੂੰ ਅਸੀਂ ਪੰਥਕ ਅਕਾਲੀ ਲਹਿਰ ਵੱਲੋਂ ਟਿਕਟ ਦੇ ਸਕੀਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਦਿੱਲੀ ਸੰਪਰਦਾ ਵੱਲੋਂ ਭਾਈ ਰਣਜੀਤ ਸਿੰਘ ਦਾ ਸਨਮਾਨ ਕੀਤਾ ਗਿਆ। ਸਟੇਜ ਭਾਈ ਪ੍ਰਗਟ ਸਿੰਘ ਭੋਡੀਪੁਰਾ ਨੇ ਚਲਾਈ। ਗਿਆਨੀ ਜਗਜੀਤ ਸਿੰਘ ਖਾਲਸਾ ਨੇ ਭਾਈ ਰਣਜੀਤ ਸਿੰਘ ਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਮ੍ਰਿਤਪਾਲ ਸਿੰਘ ਰਤਨਗੜ੍ਹ, ਸਾਬਕਾ ਐਕਸੀਅਨ ਟੇਕ ਸਿੰਘ ਬਠਿੰਡਾ, ਸ਼ਮਸ਼ੇਰ ਸਿੰਘ ਤਲਵੰਡੀ ਸਾਬੋ, ਹਰਮੀਤ ਸਿੰਘ ਮਹਿਰਾਜ, ਪ੍ਰਿੰਸੀਪਲ ਸੁਖਦੀਪ ਸਿੰਘ, ਭੋਲਾ ਸਿੰਘ ਤਲਵੰਡੀ ਸਾਬੋ, ਸੁਖਦੇਵ ਸਿੰਘ ਮੰਡੀਕਲਾਂ, ਇਕਬਾਲ ਸਿੰਘ ਭੈਣੀ, ਇਕਬਾਲ ਸਿੰਘ ਗੁੰਮਟੀ, ਜਗਸੀਰ ਸਿੰਘ ਬੁੱਗਰ, ਜਸਵੰਤ ਸਿੰਘ ਮਹਿਰਾਜ, ਨਿਰੰਜਨ ਸਿੰਘ ਮਹਿਰਾਜ, ਰਾਮ ਸਿੰਘ ਢਿਪਾਲੀ, ਹਰਚਰਨ ਸਿੰਘ ਘੰਡਾਬੰਨਾ ਤੇ ਬਲਦੇਵ ਸਿੰਘ ਘੰਡਾਬੰਨਾ ਹਾਜ਼ਰ ਸਨ।