ਪੰਜ ਪਿਸਤੌਲਾਂ ਤੇ ਡਰੱਗ ਮਨੀ ਸਣੇ ਚਾਰ ਮੁਲਜ਼ਮ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 31 ਜਨਵਰੀ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੰਜ ਪਿਸਤੌਲ, ਇਕ ਲੱਖ 70 ਹਜ਼ਾਰ ਰੁਪਏ ਦੀ ਡਰੱਗ ਮਨੀ, ਦੋ ਮੋਬਾਈਲ ਫੋਨ, ਇੱਕ ਮੋਟਰਸਾਈਕਲ ਤੇ ਇੱਕ ਸਕੂਟਰ ਬਰਾਮਦ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਜੀਵਨ ਫੌਜੀ ਗੈਂਗ ਦੇ ਮੈਂਬਰ ਵੀ ਸ਼ਾਮਲ ਹਨ। ਐੱਸਐੱਸਪੀ ਚਰਨਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ ਗਾਨਾ, ਅਮਨਦੀਪ ਉਰਫ ਪ੍ਰਿੰਸ, ਬਲਬੀਰ ਸਿੰਘ ਅਤੇ ਹਰਵਿੰਦਰ ਸਿੰਘ ਉਰਫ ਚਮਕੌਰ ਵੱਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਪੰਜ ਪਿਸਤੌਲ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲਂ 1.70 ਲੱਖ ਰੁਪਏ ਦੀ ਡਰੱਗ ਮਨੀ, ਦੋ ਮੋਬਾਈਲ ਫੋਨ, ਇੱਕ ਮੋਟਰਸਾਈਕਲ ਅਤੇ ਇੱਕ ਸਕੂਟਰ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਇੱਕ ਕੇਸ ਵਿੱਚ ਗ੍ਰਿਫਤਾਰ ਕੀਤੇ ਰਣਜੀਤ ਸਿੰਘ ਉਰਫ ਗਾਨਾ ਅਤੇ ਅਮਨਦੀਪ ਸਿੰਘ ਉਰਫ ਪ੍ਰਿੰਸ ਕੋਲੋਂ ਇੱਕ ਪਿਸਤੌਲ ਅਤੇ 10 ਗੋਲੀਆਂ ਸਮੇਤ ਡੇਢ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਗੈਂਗਸਟਰ ਜੀਵਨ ਫੌਜੀ ਗਰੋਹ ਦੇ ਮੈਂਬਰ ਹਨ ਅਤੇ ਉਸਦੇ ਇਸ਼ਾਰੇ ’ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਇਹ ਹੋਰਨਾਂ ਸੂਬਿਆਂ ਤੋਂ ਗੈਰ ਕਾਨੂੰਨੀ ਤੌਰ ’ਤੇ ਹਥਿਆਰ ਲਿਆ ਕੇ ਪੰਜਾਬ ਵਿੱਚ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਵੱਲੋਂ ਇੱਕ ਠੋਸ ਸੂਚਨਾ ’ਤੇ ਕਾਰਵਾਈ ਕਰਦਿਆਂ ਪਿੰਡ ਮੁਹਾਵਾ ਦੇ ਵਾਸੀ ਬਲਬੀਰ ਸਿੰਘ ਨੂੰ ਕਾਬੂ ਕੀਤਾ ਹੈ। ਉਸ ਕੋਲੋਂ ਤਲਾਸ਼ੀ ਦੌਰਾਨ ਨੌ ਐੱਮਐੱਮ ਦੇ ਦੋ ਪਿਸਤੌਲ ਅਤੇ ਇੱਕ .30 ਬੋਰ ਦਾ ਪਿਸਤੌਲ ਸਮੇਤ ਦੋ ਮੋਬਾਈਲ ਫੋਨ ਤੇ 20 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਹੈ। ਇਸ ਸਬੰਧੀ ਵਿੱਚ ਥਾਣਾ ਘਰਿੰਡਾ ਵਿੱਚ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਪੁਰਾਣੇ ਮਾਮਲੇ ਵਿੱਚ ਹਰਵਿੰਦਰ ਸਿੰਘ ਉਰਫ ਚਮਕੌਰ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ .32 ਬੋਰ ਦੀ ਪਿਸਤੌਲ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਡਕੈਤੀ ਮਾਮਲੇ ’ਚ ਦੋ ਗ੍ਰਿਫ਼ਤਾਰ
ਜਲੰਧਰ (ਹਤਿੰਦਰ ਮਹਿਤਾ): ਦਿਹਾਤੀ ਪੁਲੀਸ ਨੇ 24 ਘੰਟਿਆਂ ਦੇ ਅੰਦਰ ਇੱਕ ਡਕੈਤੀ ਦਾ ਮਾਮਲਾ ਸੁਲਝਾ ਕੇ 2 ਲੱਖ ਰੁਪਏ ਬਰਾਮਦ ਕੀਤੇ ਹਨ ਅਤੇ ਅਪਰਾਧ ਵਿੱਚ ਵਰਤੀ ਗਈ ਗੱਡੀ ਨੂੰ ਜ਼ਬਤ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਜੀਤ ਸਿੰਘ ਵਾਸੀ ਛਬਲਵਾੜੀ, ਥਾਣਾ ਖਿਲਾਚੀਆ, ਜ਼ਿਲ੍ਹਾ ਅੰਮ੍ਰਿਤਸਰ ਅਤੇ ਸਤਨਾਮ ਸਿੰਘ ਵਾਸੀ ਪਿੰਡ ਬਚਦੇ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਿ 30 ਜਨਵਰੀ ਨੂੰ ਸਵੇਰੇ ਵਜੇ ਦੇ ਕਰੀਬ ਸ਼ਿਕਾਇਤਕਰਤਾ ਅਰਮਾਨ ਸੂਦ ਪੁੱਤਰ ਰਮੇਸ਼ ਸੂਦ ਵਾਸੀ ਭਿਖੀਵਿੰਡ ਰੋਡ ਜੋ ਆਸਟਰੇਲੀਆ ਜਾ ਰਿਹਾ ਸੀ ਤੇ ਕਰਤਾਰਪੁਰ ਲਾਗੇ ਇੱਕ ਆਲਟੋ ਕਾਰ ਵਿੱਚ ਸਵਾਰ ਦੋ ਵਿਅਕਤੀ ਪੀੜਤ ਨੂੰ ਧਮਕੀਆਂ ਦੇ ਕੇ ਪੈਸੇ ਅਤੇ ਪਾਸਪੋਰਟ ਲੈ ਕੇ ਭੱਜ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਵਲੋਂ ਕੀਤੀ ਕਾਰਵਾਈ ਦੌਰਾਨ ਵਾਰਦਾਤ ਵਿੱਚ ਵਰਤੀ ਗਈ ਆਲਟੋ ਕਾਰ ਵੀ ਬਰਾਮਦ ਕੀਤੀ ਗਈ ਹੈ ਤੇ ਮੁਲਜ਼ਮਾਂ ਪਾਸੋ 2 ਲੱਖ ਰੁਪਏ ਵੀ ਬਰਾਮਦ ਹੋਏ ਹਨ।