ਪੰਜਾਹ ਲੱਖ ਰੁਪਏ ਦੀ ਹੈਰੋਇਨ ਸਣੇ ਪਿਓ-ਪੁੱਤ ਗ੍ਰਿਫ਼ਤਾਰ
ਪ੍ਰਭੂ ਦਿਆਲ
ਸਿਰਸਾ, 1 ਫਰਵਰੀ
ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਿਰਸਾ ਇਕਾਈ ਨੇ ਡਿੰਗ ਖੇਤਰ ਵਿੱਚ ਮੋਟਰਸਾਈਕਲ ’ਤੇ ਸਵਾਰ ਦੋ ਨਸ਼ਾ ਤਸਕਰਾਂ ਪਿਤਾ ਅਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਮੁਲਜ਼ਮਾਂ ਤੋਂ 50 ਲੱਖ ਰੁਪਏ ਦੇ ਲਗਪਗ ਦੀ 412 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹਰਿਆਣਾ ਐੱਨਸੀਬੀ ਯੂਨਿਟ ਸਿਰਸਾ ਦੇ ਨੋਡਲ ਅਫਸਰ ਡਿਪਟੀ ਸੁਪਰਡੈਂਟ ਆਫ਼ ਪੁਲੀਸ ਜੋਗਿੰਦਰ ਸਿੰਘ ਅਤੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਪੁਲੀਸ ਸੁਪਰਡੈਂਟ ਮੋਹਿਤ ਹਾਂਡਾ ਅਤੇ ਸ਼੍ਰੀਮਤੀ ਪੰਖੁਰੀ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਏਐੱਸਆਈ ਸੁਖਦੇਵ ਸਿੰਘ ਆਪਣੀ ਪੁਲੀਸ ਟੀਮ ਨਾਲ ਸਿਰਸਾ ਤੋਂ ਹਿਸਾਰ ’ਤੇ ਪਿੰਡ ਬੱਗੁਵਾਲੀ-ਪਤਲੀ ਡਾਬਰ ਚੌਕ ’ਤੇ ਮੌਜੂਦ ਸੀ। ਇਸ ਦੌਰਾਨ ਡਿੰਗ ਮੋੜ ਦੀ ਦਿਸ਼ਾ ਤੋਂ ਸਰਵਿਸ ਰੋਡ ’ਤੇ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ, ਜਿਸ ’ਤੇ ਦੋ ਵਿਅਕਤੀ ਸਵਾਰ ਸਨ। ਸ਼ੱਕ ਦੇ ਆਧਾਰ ’ਤੇ ਗਸ਼ਤ ਟੀਮ ਨੇ ਸ਼ੱਕੀ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲੀਸ ਦੀ ਗੱਡੀ ਨੂੰ ਦੇਖ ਕੇ ਮੋਟਰਸਾਈਕਲ ਸਵਾਰ ਪਿੱਛੇ ਮੁੜਿਆ ਅਤੇ ਭੱਜਣ ਲੱਗਾ। ਪੁਲੀਸ ਟੀਮ ਨੇ ਸ਼ੱਕੀ ਵਿਅਕਤੀਆਂ ਨੂੰ ਤੁਰੰਤ ਫੜ ਲਿਆ ਅਤੇ ਪੁੱਛ-ਪੜਤਾਲ ਕੀਤੀ। ਜਦੋਂ ਸ਼ੱਕੀ ਵਿਅਕਤੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਤਾਂ ਪੁਲਿਸ ਟੀਮ ਨੇ ਮੌਕੇ ’ਤੇ ਇੱਕ ਗਜ਼ਟਿਡ ਅਧਿਕਾਰੀ ਨੂੰ ਬੁਲਾਇਆ ਅਤੇ ਇਹਨਾਂ ਦੀ ਤਲਾਸ਼ੀ ਲਈ। ਜਿਸ ’ਤੇ ਪੁਲੀਸ ਨੇ ਇਹਨਾਂ ਕੋਲੋਂ 412 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਜਿਸ ਦੀ ਬਾਜ਼ਾਰ ਵਿੱਚ ਕੀਮਤ ਲੱਗਭੱਗ 50 ਲੱਖ ਰੁਪਏ ਦੱਸੀ ਜਾਂਦੀ ਹੈ। ਮੁਲਜ਼ਮਾਂ ਦੀ ਪਛਾਣ ਪਿਤਾ-ਪੁੱਤਰ ਪ੍ਰੇਮ ਸਾਗਰ ਪੁੱਤਰ ਦਰਸ਼ਨ ਲਾਲ ਅਤੇ ਵਿਲਾਸ ਉਰਫ਼ ਵਿਕਾਸ ਪੁੱਤਰ ਪ੍ਰੇਮ ਸਾਗਰ ਵਾਸੀ ਰਾਣੀਆਂ ਗੇਟ, ਸਿਰਸਾ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਸਿਰਸਾ ਜ਼ਿਲ੍ਹੇ ਦੇ ਡਿੰਗ ਪੁਲੀਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਵਿਕਾਸ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕਾ ਹੈ।