ਪੰਜਾਬ ਹਾਕੀ ਲੀਗ: ਰਾਊਂਡ ਗਲਾਸ ਅਕੈਡਮੀ ਨੇ ਕੀਤਾ ਖਿਤਾਬ ’ਤੇ ਕਬਜ਼ਾ
ਹਤਿੰਦਰ ਮਹਿਤਾ
ਜਲੰਧਰ, 24 ਫਰਵਰੀ
ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਐੱਸਜੀਪੀਸੀ ਅਕੈਡਮੀ ਅੰਮ੍ਰਿਤਸਰ ਨੂੰ 6-0 ਦੇ ਵੱਡੇ ਫਰਕ ਨਾਲ ਹਰਾ ਕੇ ਪੰਜਾਬ ਹਾਕੀ ਲੀਗ (ਪੀਐਚਐਲ) 2024 ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਰਾਊਂਡ ਗਲਾਸ ਅਤੇ ਹਾਕੀ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਇਸ ਲੀਗ ਦੇ ਆਖਰੀ ਦੋ ਮੈਚ ਐਤਵਾਰ ਨੂੰ ਖੇਡੇ ਗਏ। ਦੂਜੇ ਮੈਚ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਪੀਆਈਐੱਸ ਲੁਧਿਆਣਾ ਨੂੰ 11-1 ਦੇ ਵੱਡੇ ਫਰਕ ਨਾਲ ਹਰਾ ਕੇ ਲੀਗ ਵਿੱਚ ਦੂਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਪੁੱਤਰ ਓਲੰਪੀਅਨ ਅਸ਼ੋਕ ਕੁਮਾਰ ਨੇ ਕੀਤੀ। ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ ਦੋ ਲੱਕ ਰੁਪਏ ਨਕਦ, ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਕਦ, ਤੀਜੇ ਸਥਾਨ ’ਤੇ ਰਹਿਣ ਵਾਲੀ ਨਾਮਧਾਰੀ ਇਲੈਵਨ ਨੂੰ 50 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ। ਰਾਊਂਡ ਗਲਾਸ ਹਾਕੀ ਅਕੈਡਮੀ ਦੇ ਵਰਿੰਦਰ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਸੁਰਜੀਤ ਹਾਕੀ ਅਕੈਡਮੀ ਦੇ ਗੁਰਸਾਹਿਲ ਸਿੰਘ ਨੂੰ ਬੇਹਤਰੀਨ ਗੋਲ ਕੀਪਰ ਦਾ ਖਿਤਾਬ, ਨਾਮਧਾਰੀ ਅਕੈਡਮੀ ਦੇ ਨਵਰਾਜ ਸਿੰਘ ਨੂੰ ਬੇਹਤਰੀਨ ਫੁਲ ਬੈਕ, ਐਸਜੀਪੀਸੀ ਅਕੈਡਮੀ ਦੇ ਸੁਖਦੇਵ ਸਿੰਘ ਨੂੰ ਬੇਹਤਰੀਨ ਹਾਫ ਬੈਕ ਅਤੇ ਰਾਊਂਡ ਗਲਾਸ ਦੇ ਜਰਮਨ ਸਿੰਘ ਨੂੰ ਸਰਵੋਤਮ ਫਾਰਵਰਡ ਖਿਡਾਰੀ ਐਲਾਨਿਆ ਗਿਆ। ਇਨ੍ਹਾਂ ਸਾਰਿਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ।
ਆਖਰੀ ਲੀਗ ਮੈਚ ਵਿੱਚ ਰਾਊਂਡ ਗਲਾਸ ਅਕੈਡਮੀ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ ਦਮਨਪ੍ਰੀਤ ਸਿੰਘ ਨੇ ਦੋ, ਜਰਮਨ ਸਿੰਘ. ਦੀਪਕਪ੍ਰੀਤ ਸਿੰਘ, ਇੰਦਰਜੀਤ ਸਿੰਘ ਅਤੇ ਅਮਨਦੀਪ ਨੇ ਗੋਲ ਕੀਤਾ। ਲੀਗ ਦੌਰ ਵਿੱਚ ਰਾਊਂਡ ਗਲਾਸ ਨੇ 23 ਅੰਕ ਹਾਸਲ ਕੀਤੇ ਜਦਕਿ ਸੁਰਜਤਿ ਹਾਕੀ ਅਕੈਡਮੀ ਨੇ ਵੀ 23 ਅੰਕ ਹਾਸਲ ਕੀਤੇ ਪਰ ਨਿਯਮ ਅਨੁਸਾਰ ਰਾਊਂਡ ਗਲਾਸ ਨੇ ਲੀਗ ਵਿੱਚ 7 ਮੈਚ ਜਿੱਤ ਕੇ ਪਹਿਲਾ, ਸੁਰਜੀਤ ਅਕੈਡਮੀ ਨੇ 6 ਮੈਚ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਰਾਊਂਡ ਗਲਾਸ ਦੇ ਟੈਕਨੀਕਲ ਲੀਡ ਓਲੰਪੀਅਨ ਰਜਿੰਦਰ ਸਿੰਘ, ਓਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਮੁਖਬੈਨ ੁਸਿੰਘ, ਉਲੰਪੀਅਨ ਬਲਜੀਤ ਸਿੰਘ ਢਿਲੋਂ, ਉਲੰਪੀਅਨ ਚਾਂਦ ਸਿੰਘ, ਬਲਜੀਤ ਸਿੰਘ ਰੰਧਾਵਾ, ਅਸ਼ਫਾਕ ਉਲਾ ਖਾਨ, ਕੁਲਬੀਰ ਸਿੰਘ, ਗੁਨਦੀਪ ਸਿੰਘ ਕਪੂਰ ਅਤੇ ਹੋਰ ਬਹੁਤ ਸਾਰੇ ਹਾਕੀ ਪ੍ਰੇਮੀ ਅਤੇ ਰਾਊਂਡ ਗਲਾਸ ਦੀਆਂ ਵੱਖ ਵੱਖ ਪਿੰਡਾਂ ਦੀਆਂ ਅਕੈਡਮੀਆਂ ਦੇ ਖਿਡਾਰੀ ਅਤੇ ਕੋਚ ਹਾਜ਼ਰ ਸਨ।