ਪੰਜਾਬ ਸਿੱਖਿਆ ਕ੍ਰਾਂਤੀ: ਸਕੂਲਾਂ ’ਚ ਵਿਕਾਸ ਕਾਰਜਾਂ ਦਾ ਉਦਘਾਟਨ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 9 ਅਪਰੈਲ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ਵਿੱਚ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਵਿਕਾਸ ਕਾਰਜ ਦਾ ਉਦਘਾਟਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਵੱਲ ਧਿਆਨ ਨਾ ਦੇਣ ਕਾਰਨ ਸੂਬੇ ਵਿੱਚ ਵੱਡੀ ਪੱਧਰ ’ਤੇ ਪ੍ਰਾਈਵੇਟ ਸਕੂਲ ਖੁੱਲ੍ਹੇ ਅਤੇ ਸਿੱਖਿਆ ਨੂੰ ਮਹਿੰਗਾ ਕਰ ਕੇ ਆਮ ਲੋਕਾਂ ਦੇ ਬੱਚਿਆਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਿੰਨ ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਲਾ ਮਿਸਾਲ ਤਬਦੀਲੀਆਂ ਸਦਕਾ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ ਹੈ। ਇਸ ਮੌਕੇ ਓਐੱਸਡੀ ਤਪਿੰਦਰ ਸਿੰਘ ਸੋਹੀ, ਪ੍ਰਿੰਸੀਪਲ ਇੰਚਾਰਜ ਹਰਸੰਤ ਸਿੰਘ ਰੋੜੇਵਾਲ, ਗੁਰਪ੍ਰੀਤ ਸਿੰਘ, ਸੁਸਾਇਟੀ ਪ੍ਰਧਾਨ ਗੁਰਮੀਤ ਸਿੰਘ ਤੇ ਸਰਪੰਚ ਮਾਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਲਹਿਰਾਗਾਗਾ/ਮੂਨਕ, (ਰਮੇਸ਼ ਭਾਰਦਵਾਜ/ਕਰਮਵੀਰ ਸਿੰਘ ਸੈਣੀ): ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 84.36 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਬਰਿੰਦਰ ਗੋਇਲ ਵੱਲੋਂ ਪਿੰਡ ਕੜੈਲ ਦੇ ਸਰਕਾਰੀ ਮਿਡਲ ਸਕੂਲ ਵਿੱਚ 33.03 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਵਾਧੂ ਕਮਰੇ, ਚਾਰਦੀਵਾਰੀ ਅਤੇ ਪਖਾਨਿਆਂ ਵਾਲੇ ਬਲਾਕ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰੀ ਮਿਡਲ ਸਕੂਲ ਆਲਮਪੁਰ ਵਿੱਚ 23.90 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਵਿੱਚ 19.73 ਲੱਖ ਅਤੇ ਸਰਕਾਰੀ ਹਾਈ ਸਕੂਲ ਅਲੀਸ਼ੇਰ ਵਿੱਚ 7.70 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ’ਤੇ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਬਲਾਕ ਦੇ ਪਿੰਡ ਮੱਟਰਾਂ ਅਤੇ ਨਦਾਮਪੁਰ ਵਿੱਚ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਕਰਨ ਮੌਕੇ ਕੀਤਾ ਗਿਆ।
ਅੱਜ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਵਿੱਚ ਤਕਰੀਬਨ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਧੁਨਿਕ ਆਡੀਟੋਰੀਅਮ ਅਤੇ ਸੁਤੰਤਰਤਾ ਸੰਗਰਾਮੀ ਹਜ਼ੂਰਾ ਸਿੰਘ ਸਰਕਾਰੀ ਮਿਡਲ ਸਮਾਰਟ ਸਕੂਲ ਮੱਟਰਾਂ ਵਿੱਚ 1.5 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੇ ਕਮਰਿਆਂ ਦਾ ਉਦਘਾਟਨ ਕੀਤਾ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਆਪਣੇ ਕਾਰਜਕਾਲ ਦੇ ਆਰੰਭ ਤੋਂ ਹੀ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਦਾਮਪੁਰ ਦੇ ਸਰਕਾਰੀ ਸਕੂਲ ਵਿੱਚ ਬਣਾਇਆ ਗਿਆ ਆਡੀਟੋਰੀਅਮ ਨਮੂਨੇ ਦੀ ਇਮਾਰਤ ਬਣਾਈ ਗਈ ਹੈ ਜੋ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਕੌਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ, ਪ੍ਰਿੰਸੀਪਲ ਪਰਮਲ ਸਿੰਘ ਤੇਜਾ, ਮੁੱਖ ਅਧਿਆਪਕਾ ਸੰਦੀਪ ਕੌਰ, ਬਰਜਿੰਦਰ ਸਿੰਘ ਸਰਪੰਚ, ਜਸਪਾਲ ਸਿੰਘ ਤੂਰ ਸਰਪੰਚ, ਸਕੂਲਾਂ ਦੇ ਸਟਾਫ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਹਾਜ਼ਰ ਸਨ।
ਸਮਾਣਾ (ਸੁਭਾਸ਼ ਚੰਦਰ): ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਹਲਕੇ ਦੇ 4 ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਕ੍ਰਿਸ਼ਨਾ ਬਸਤੀ, ਸਰਕਾਰੀ ਸਕੂਲ ਲੜਕੇ ਤੇ ਲੜਕੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ’ਚ 15 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਕਾਰਜ ਮੁਕੰਮਲ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ। ਇਸ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਕੂਲਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਕੇ ਨੁਹਾਰ ਬਦਲੀ ਗਈ ਹੈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਕੂਲਾਂ ਦੇ ਪ੍ਰਿੰਸੀਪਲ ਪਰਦੀਪ ਕੁਮਾਰ, ਸ਼ਾਲੂ ਰਾਣੀ ਤੇ ਜਸਵੀਰ ਕੌਰ ਆਦਿ ਹਾਜ਼ਰ ਸਨ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਸਿੱਖਿਆ ਕ੍ਰਾਂਤੀ ਤਹਿਤ 10 ਸਕੂਲਾਂ ਦੇ ਵਿੱਚ ਹੋਏ 1 ਕਰੋੜ 72 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਢਾਬੀ ਗੁੱਜਰਾਂ, ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਸ਼ੇਰਗੜ੍ਹ, ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਗੁਲਜ਼ਾਰਪੁਰ, ਸਰਕਾਰੀ ਪ੍ਰਾਇਮਰੀ ਸਕੂਲ ਗਲੋਲੀ, ਸਰਕਾਰੀ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਅਰਨੌ ਤੇ ਸਰਕਾਰੀ ਪ੍ਰਾਇਮਰੀ ਸਕੂਲ ਗੁਰਦਿਤਾਪੁਰਾ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਨੌਜਵਾਨਾਂ ਦਾ ਸੁਨਹਿਰਾ ਭਵਿੱਖ ਬਣਾਉਣ ਲਈ ਸਰਕਾਰ ਅਣਥੱਕ ਮਿਹਨਤ ਕਰ ਰਹੀ ਹੈ।