ਪੰਜਾਬ ਸਰਕਾਰ ਵੱਲੋਂ ਸਮਾਰਟ ਫੋਨ ਖਰੀਦਣ ਲਈ ਟੈਂਡਰ ਜਾਰੀ

ਚਰਨਜੀਤ ਭੁੱਲਰ
ਬਠਿੰਡਾ, 20 ਸਤੰਬਰ
ਪੰਜਾਬ ਸਰਕਾਰ ਢਾਈ ਵਰ੍ਹਿਆਂ ਮਗਰੋਂ ਹੁਣ ਸਮਾਰਟ ਫੋਨ ਖਰੀਦਣ ਲਈ ਸਰਗਰਮ ਹੋ ਗਈ ਹੈ। ਹੁਣ ਅਚਨਚੇਤ ਸਰਕਾਰ ਸਮਾਰਟ ਫੋਨ ਵੰਡਣ ਲਈ ਕਾਹਲੀ ਪੈ ਗਈ ਹੈ। ਪੰਜਾਬ ਦੀਆਂ 1.60 ਲੱਖ ਲੜਕੀਆਂ ਨੂੰ ਪਹਿਲੇ ਪੜਾਅ ’ਚ ਸਮਾਰਟ ਫੋਨ ਦਿੱਤੇ ਜਾਣੇ ਹਨ ਜੋ ਗਿਆਰ੍ਹਵੀਂ ਤੇ ਬਾਰ੍ਹਵੀਂ ਕਲਾਸ ’ਚ ਪੜ੍ਹ ਰਹੀਆਂ ਹਨ। ਪੰਜਾਬ ਕੈਬਨਿਟ ਦੀ ਬੀਤੇ ਕੱਲ੍ਹ ਹੋਈ ਮੀਟਿੰਗ ਵਿਚ ਸਮਾਰਟ ਫੋਨ ਸਕੀਮ ਨੂੰ ਹਰੀ ਝੰਡੀ ਦਿੱਤੀ ਗਈ। ਅੱਜ ਵਧੀਕ ਮੁੱਖ ਸਕੱਤਰ (ਸਨਅਤ ਤੇ ਵਣਜ) ਵਿੰਨੀ ਮਹਾਜਨ ਨੇ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਵਿਚ ਸਮਾਰਟ ਫੋਨ ਖਰੀਦਣ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਨੇ ਇਸੇ ਵਰ੍ਹੇ ਦੇ ਅੰਤ ਤੱਕ ਪਹਿਲਾ ਪੜਾਅ ਮੁਕੰਮਲ ਕਰਨ ਦਾ ਟੀਚਾ ਮਿਥਿਆ ਹੈ।
ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਆਖ ਚੁੱਕੇ ਹਨ ਕਿ ਸਮਾਰਟ ਫੋਨ ਖਰੀਦਣ ਲਈ ਲੋੜੀਂਦੇ ਫੰਡਾਂ ਦਾ ਇੰਤਜ਼ਾਮ ਕਰ ਲਿਆ ਗਿਆ ਹੈ। ਇਨਫੋਟੈੱਕ ਵੱਲੋਂ ਸਮਾਰਟ ਫੋਨ ਦੀ ਖਰੀਦ ਪ੍ਰਕਿਰਿਆ ਸਿਰੇ ਚਾੜ੍ਹੀ ਜਾਵੇਗੀ। ਹੁਣ ਨਵੇਂ ਸਿਰਿਉਂ ਟੈਂਡਰ ਕੀਤੇ ਜਾ ਰਹੇ ਹਨ। ਵੇਰਵਿਆਂ ਅਨੁਸਾਰ ਹੁਣ ਤੱਕ ਸਮਾਰਟ ਫੋਨ ਦੀ ਖਰੀਦ ਪ੍ਰਕਿਰਿਆ ’ਤੇ ਕਰੀਬ ਇੱਕ ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਜਿਸ ਵਿਚ ਵੱਡਾ ਖਰਚਾ ਸਲਾਹਕਾਰੀ ਫਰਮ ਦਾ ਹੈ। ਹੁਣ ਤੱਕ ਖਰੀਦ ਸਬੰਧੀ ਪੰਜ ਛੇ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਦੱਸਣਯੋਗ ਹੈ ਕਿ ਕਾਂਗਰਸ ਨੇ ਚੋਣ ਮਨੋਰਥ ਪੱਤਰ ਵਿਚ ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣ ਦਾ ਵਾਅਦਾ ਕੀਤਾ ਸੀ।
ਹੁਣ ਚਰਚੇ ਛਿੜੇ ਹਨ ਕਿ ਪੰਜਾਬ ਦਾ ਨੌਜਵਾਨ ਰੁਜ਼ਗਾਰ ਮੰਗਦਾ ਹੈ ਨਾ ਕਿ ਸਮਾਰਟ ਫੋਨ। ਅੰਦਰੋਂ ਅੰਦਰੀਂ ਇਸ ’ਤੇ ਉਂਗਲ ਵੀ ਉੱਠਣ ਲੱਗੀ ਹੈ। ਪੰਜਾਬ ਵਿਚ ਪਹਿਲੋਂ ਹੀ ਮੋਬਾਈਲ ਫੋਨਾਂ ਦਾ ਘਾਟਾ ਨਹੀਂ ਹੈ। ਪੰਜਾਬ ਵਿਚ ਇਸ ਵੇਲੇ ਕਰੀਬ 3.85 ਕਰੋੜ ਲੈਂਡਲਾਈਨ ਤੇ ਮੋਬਾਈਲ ਫੋਨ ਹਨ ਜਿਨ੍ਹਾਂ ’ਚੋਂ 1.40 ਕਰੋੜ ਇਕੱਲੇ ਪੰਜਾਬ ਦੇ ਪੇਂਡੂ ਖੇਤਰ ਵਿਚ ਹਨ। ਔਸਤਨ ਦੇਖੀਏ ਤਾਂ ਪੰਜਾਬ ਦੇ ਹਰ ਘਰ ਵਿਚ ਸੱਤ ਟੈਲੀਫੋਨ ਹਨ। ਪੰਜਾਬ ਦੇ ਲੋਕ ਹਰ ਮਹੀਨੇ ਔਸਤਨ 200 ਕਰੋੜ ਰੁਪਏ ਟੈਲੀਫੋਨ ਖਰਚ ’ਤੇ ਫੂਕ ਦਿੰਦੇ ਹਨ। ਪੰਜਾਬ ਭਰ ਵਿਚ ਕਰੀਬ 18,500 ਮੋਬਾਈਲ ਟਾਵਰ ਵੀ ਲੱਗ ਚੁੱਕੇ ਹਨ। ਪੰਜਾਬ ਸਰਕਾਰ ਵੀ ਹੁਣ ਇਨ੍ਹਾਂ ਕੁਨੈਕਸ਼ਨਾਂ ਵਿਚ ਲੱਖਾਂ ਦਾ ਵਾਧਾ ਕਰੇਗੀ। ਪੰਜਾਬ ਦਾ ਨੌਜਵਾਨ ਟੈਂਕੀਆਂ ’ਤੇ ਚੜ੍ਹਿਆ ਹੋਇਆ ਹੈ।
ਘਰ ਘਰ ਰੁਜ਼ਗਾਰ ਦੀ ਮੁਹਿੰਮ ਵੀ ਸਰਕਾਰ ਨੇ ਵਿੱਢੀ ਹੋਈ ਹੈ ਜੋ ਹਕੀਕਤ ਤੋਂ ਦੂਰ ਹੈ। ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਆਖਦੇ ਹਨ ਕਿ ਸਰਕਾਰ ਸਮਾਰਟ ਫੋਨ ਵੰਡਣ ਤੋਂ ਪਹਿਲਾਂ ਟੈਂਕੀਆਂ ’ਤੇ ਰੁਜ਼ਗਾਰ ਖਾਤਰ ਚੜ੍ਹੇ ਨੌਜਵਾਨਾਂ ਦੇ ਭਵਿੱਖ ਬਾਰੇ ਸੋਚੇ।

ਸਾਈਕਲ ਨਹੀਂ, ਸਮਾਰਟ ਫੋਨ ਲਓ

ਪੰਜਾਬ ਸਰਕਾਰ ਵੱਲੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੀਆਂ ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਦਿੱਤੇ ਜਾਣ ਦਾ ਮਾਮਲਾ ਖਟਾਈ ਵਿਚ ਪਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਲੜਕੀਆਂ ਨੂੰ ਹੁਣ ਸਮਾਰਟ ਫੋਨ ਦਿੱਤੇ ਜਾਣੇ ਹਨ। ਕਾਂਗਰਸ ਸਰਕਾਰ ਨੇ ਮਾਈ ਭਾਗੋ ਸਕੀਮ ਦਾ ਦਾਇਰਾ ਘਟਾ ਦਿੱਤਾ ਹੈ। ਗੱਠਜੋੜ ਸਰਕਾਰ ਨੇ 2011-12 ਵਿਚ ਸਾਈਕਲ ਵੰਡਣੇ ਸ਼ੁਰੂ ਕੀਤੇ ਸਨ ਜੋ ਨੌਵੀਂ ਤੋਂ ਬਾਰਵੀਂ ਕਲਾਸ ਤੱਕ ਦੀਆਂ ਲੜਕੀਆਂ ਨੂੰ ਦਿੱਤੇ ਜਾਂਦੇ ਸਨ।

ਟੈਂਡਰ ਜਾਰੀ ਕਰ ਦਿੱਤੇ ਹਨ: ਵਿੰਨੀ ਮਹਾਜਨ

ਵਧੀਕ ਮੁੱਖ ਸਕੱਤਰ (ਸਨਅਤ ਤੇ ਵਣਜ) ਵਿੰਨੀ ਮਹਾਜਨ ਨੇ ਦੱਸਿਆ ਕਿ ਅੱਜ ਸਮਾਰਟ ਫੋਨਾਂ ਬਾਰੇ ਮੀਟਿੰਗ ਹੋਈ ਹੈ ਜਿਸ ਵਿਚ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਨਵੰਬਰ ਮਹੀਨੇ ਵਿਚ ਸਮਾਰਟ ਫੋਨਾਂ ਦਾ ਆਰਡਰ ਜਾਰੀ ਹੋ ਜਾਵੇਗਾ ਅਤੇ ਦਸੰਬਰ ਦੇ ਅਖੀਰ ਤੱਕ ਸਮਾਰਟ ਫੋਨਾਂ ਦੀ ਵੰਡ ਦੇ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋ ਜਾਵੇਗਾ। 1.60 ਲੱਖ ਲੜਕੀਆਂ ਨੂੰ ਸਮਾਰਟ ਫੋਨ ਦਿੱਤੇ ਜਾਣ ਲਈ ਫੰਡਾਂ ਦਾ ਇੰਤਜ਼ਾਮ ਹੋ ਗਿਆ ਹੈ।

Tags :