ਪੰਜਾਬ ਵਿੱਚ ਅਤਿਵਾਦ ਲਈ ਹਰ ਤੀਜੇ ਦਿਨ ਹੁੰਦੀ ਹੈ ਇਕ ਹਥਿਆਰ ਦੀ ਤਸਕਰੀ

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 8 ਅਕਤੂਬਰ
ਸੂਬੇ ਵਿੱੱਚ ਪਹਿਲਾਂ ਹੀ ਨਸ਼ਾ ਤਸਕਰੀ ਤੋਂ ਚਿੰਤਤ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਵੱਡੇ ਪੱਧਰ ’ਤੇ ਹੋ ਰਹੀ ਹਥਿਆਰਾਂ ਦੀ ਤਸਕਰੀ ਰੋਕਣ ਲਈ ਵੀ ਯਤਨਸ਼ੀਲ ਹਨ। ਸਰਹੱਦ ਪਾਰੋ ਐੱਮਪੀ 9 ਅਤੇ ਐੱਮਪੀ 5 ਸਬਮਸ਼ੀਨਗੰਨਾਂ ਦੀ ਤਸਕਰੀ ਹੋ ਰਹੀ ਹੈ। ਬੀਤੇ ਢਾਈ ਸਾਲਾਂ ਵਿੱਚ 200 ਤੋਂ ਵੱਧ ਆਧੁਨਿਕ ਹਥਿਆਰ ਫੜੇ ਗਏ ਹਨ ਜਿਨ੍ਹਾਂ ਵਿੱਚ ਕੁਝ ਖਾਸ ਕਿਸਮ ਦੇ ਹਥਿਆਰ ਵੀ ਸ਼ਾਮਲ ਹਨ। ਇਸ ਤੋਂ ਜਾਪਦਾ ਹੈ ਕਿ ਹਰ ਤੀਜੇ ਦਿਨ ਇਕ ਹਥਿਆਰ ਦੀ ਤਸਕਰੀ ਹੁੰਦੀ ਹੈ।
ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਥਿਆਰ ਤਸਕਰੀ ਵਿੱਚ ਤੇਜ਼ੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੀਆਂ ਕੁਝ ਘਟਨਾਵਾਂ ਵਾਪਰੀਆਂ ਸਨ। ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਪਾਕਿ ਆਧਾਰਤ ਗਰੁੱਪਾਂ ਵੱਲੋਂ ਪੰਜਾਬ ਦੇ ਅੰਦਰੂਨੀ ਹਿੱਸਿਆਂ ਵਿੱਚ ਹਥਿਆਰ ਸੁੱਟਣ ਲਈ ਕੀਤੀ ਗਈ ਡਰੋਨਾਂ ਦੀ ਵਰਤੋਂ ਨੇ ਕੇਂਦਰ ਦਾ ਧਿਆਨ ਵੀ ਖਿੱਚਿਆ ਹੈ। 10 ਕਿਲੋ ਤਕ ਭਾਰ ਲਿਜਾਣ ਦੀ ਸਮਰੱਥਾ ਰੱਖਣ ਵਾਲੇ ਡਰੋਨਾਂ ਨੇ ਸਤੰਬਰ ਦੀ ਸ਼ੁਰੂਆਤ ਵਿੱਚ ਪੰਜ ਵਾਰ ਪੰਜਾਬ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਹਥਿਆਰ ਸੁੱਟੇ। ਪੰਜਾਬ ਪੁਲੀਸ ਦੇ ਰਿਕਾਰਡ ਅਨੁਸਾਰ 2017 ਤੋਂ ਹੁਣ ਤਕ 151 ਪਿਸਤੌਲਾਂ ਅਤੇ ਰਿਵਾਲਵਰਾਂ ਤੋਂ ਇਲਾਵਾ 50 ਏਕੇ 47 ਅਤੇ ਏਕੇ 56 ਰਾਈਫਲਾਂ, ਸਬ ਮਸ਼ੀਨਗਨ ਅਤੇ ਕੁਝ ਹੋਰ ਬੰਦੂਕਾਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ 320 ਕਿਲੋ ਆਰਡੀਐਕਸ ਵੀ ਬਰਾਮਦ ਹੋਇਆ ਹੈ। ਇਹ ਹਥਿਆਰ 29 ਦਹਿਸ਼ਤੀ ਕਾਰਵਾਈਆਂ ਲਈ ਵਰਤੇ ਜਾਣ ਸਨ। ਇਨ੍ਹਾਂ ਹਥਿਆਰਾਂ ਸਮੇਤ 147 ਦਹਿਸ਼ਤਗਰਦਾਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਹਨ। ਇਸ ਨੂੰ ਸੁਰੱਖਿਆ ਏਜੰਸੀਆਂ ਦੀ ਮੁਸਤੈਦੀ ਹੀ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਵੱਡੀ ਘਟਨਾ ਨਹੀਂ ਵਾਪਰੀ।
ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਤਸਕਰੀ ਚਿੰਤਾ ਦਾ ਇਕ ਵਿਸ਼ਾ ਹੈ। ਦੂਜਾ ਵਿਸ਼ਾ ਕਸ਼ਮੀਰੀ ਅਤਿਵਾਦੀਆਂ ਦੇ ਨਾਲ ਨਾਲ ਖਾਲਿਸਤਾਨ ਪੱਖੀ ਲਹਿਰ ਦੇ ਪੰਜਾਬ ਆਧਾਰਤ ਸਰਹੱਦੀ ਲੋਕ ਜਾਂ ਸਲੀਪਰ ਸੈੱਲ ਹਨ। ਪੁਲੀਸ ਨੇ ਭਾਵੇਂ ਸਾਂਝੀ ਕਾਰਵਾਈ ਕੀਤੀ ਹੈ ਪਰ ਉਨ੍ਹਾਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਪੰਜਾਬ ਵਿੱਚ ਕਿਸ ਰਸਤਿਓਂ ਤਸਕਰੀ ਹੁੰਦੀ ਹੈ। ਕਠੂਆ ਅਤੇ ਜੰਮੂ ਵਿੱਚ ਤਿੰਨ ਦਹਿਸ਼ਤਗਰਦਾਂ ਤੋਂ ਕਈ ਏਕੇ-47 ਰਾਈਫਲਾਂ ਮਿਲਣ ਤੋਂ ਬਾਅਦ ਇਸ਼ਾਰਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਪੰਜਾਬ ਵਿਚੋਂ ਹੀ ਕਿਤਿਓਂ ਇਹ ਹਥਿਆਰ ਮਿਲੇ ਸਨ। ਇਸ ਦਾ ਖੁਲਾਸਾ ਹੋਣ ਦੇ ਇਕ ਮਹੀਨੇ ਬਾਅਦ ਵੀ ਪੰਜਾਬ ਅਤੇ ਜੰਮੂ ਪੁਲੀਸ ਇਨ੍ਹਾਂ ਹਥਿਆਰਾਂ ਬਾਰੇ ਕੋਈ ਸਬੂਤ ਹਾਸਲ ਨਹੀਂ ਕਰ ਸਕੀ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਏਜੰਸੀਆਂ ਅਤੇ ਵਿਦੇਸ਼ ਵਿੱਚ ਰਹਿੰਦੇ ਰਾਸ਼ਟਰ ਵਿਰੋਧੀ ਲੋਕ ਸਮੱਸਿਆ ਪੈਦਾ ਕਰਨਾ ਚਾਹੁੰਦੇ ਹਨ ਪਰ ਸੁਰੱਖਿਆ ਏਜੰਸੀਆਂ ਦੀ ਚੌਕਸੀ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਬਰਾਮਦਗੀ ਸੁਰੱਖਿਆ ਏਜੰਸੀ ਦੀ ਚੌਕਸੀ ਦੀ ਨਿਸ਼ਾਨੀ ਹੈ ਪਰ ਇਸ ਦੇ ਨਾਲ ਹੀ ਭਵਿੱਖ ਵਿੱਚ ਤਸਕਰੀ ਨੂੰ ਰੋਕਣਾ ਵੀ ਜ਼ਰੂਰੀ ਹੈ।

Tags :