For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚੋਂ ਪਰਵਾਸ ਕਿਉਂ ਅਤੇ ਕਿਵੇਂ

04:25 AM Apr 05, 2025 IST
ਪੰਜਾਬ ਵਿੱਚੋਂ ਪਰਵਾਸ ਕਿਉਂ ਅਤੇ ਕਿਵੇਂ
Advertisement
ਡਾ. ਰਣਜੀਤ ਸਿੰਘ
Advertisement

ਜਦੋਂ ਤੋਂ ਅਮਰੀਕਾ ਸਰਕਾਰ ਨੇ ਗਲਤ ਢੰਗ ਨਾਲ ਉਥੇ ਗਏ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਆਪਣੇ ਫੌਜੀ ਜਹਾਜ਼ ਰਾਹੀਂ ਵਾਪਸ ਭੇਜਿਆ ਹੈ, ਉਦੋਂ ਤੋਂ ਪਰਵਾਸ ਬਾਰੇ ਸਾਰੇ ਦੇਸ਼ਾਂ, ਵਿਸ਼ੇਸ਼ ਕਰ ਕੇ ਪੰਜਾਬ ਵਿਚ ਚਰਚਾ ਜ਼ੋਰਾਂ ਉੱਤੇ ਹੈ। ਇਸ ਤਰ੍ਹਾਂ ਦੀ ਵਾਪਸੀ ਕੋਈ ਨਵਾਂ ਵਰਤਾਰਾ ਨਹੀਂ, ਅਜਿਹਾ ਪਿਛਲੀ ਅੱਧੀ ਸਦੀ ਤੋਂ ਹੋ ਰਿਹਾ ਹੈ। ਕੋਮਾਗਾਟਾ ਮਾਰੂ ਜਹਾਜ਼ ਦਾ ਦੁਖਾਂਤ ਵੀ ਇਸੇ ਲੜੀ ਵਿੱਚ ਆਉਂਦਾ ਹੈ। ਉਸ ਜਹਾਜ਼ ਵਿੱਚ ਪੰਜਾਬੀ ਉਥੋਂ ਦੀ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਸਮੁੰਦਰੀ ਜਹਾਜ਼ ਨੂੰ ਕਿਰਾਏ ਉਤੇ ਲੈ ਕੇ ਕੈਨੇਡਾ ਪੁੱਜੇ ਸਨ ਪਰ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਜਹਾਜ਼ ਵਿੱਚੋਂ ਉਤਰਨ ਹੀ ਨਹੀਂ ਦਿੱਤਾ। ਅਖ਼ੀਰ ਮਜਬੂਰ ਹੋ ਕੇ ਵਾਪਸ ਮੁੜਨਾ ਪਿਆ ਅਤੇ ਇਨ੍ਹਾਂ ਵਿਚੋਂ ਕਈ ਕੋਲਕਾਤਾ ਪੁੱਜਣ ’ਤੇ ਅੰਗਰੇਜ਼ ਸਰਕਾਰ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ।

Advertisement
Advertisement

ਪਰਵਾਸ ਕੋਈ ਨਵਾਂ ਵਰਤਾਰਾ ਨਹੀਂ। ਇਹ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਮਨੁੱਖ ਨੇ ਜੰਗਲਾਂ ਵਿੱਚੋਂ ਨਿਕਲ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ। ਮੁੱਢਲਾ ਕਿੱਤਾ ਖੇਤੀ ਅਤੇ ਪਸ਼ੂ ਪਾਲਣ ਹੀ ਸੀ, ਇਸ ਲਈ ਧਰਤੀ ਦੀ ਲੋੜ ਸੀ। ਯੂਰੋਪੀਅਨਾਂ ਦੇ ਖੂਨ ਵਿੱਚ ਪਰਵਾਸ ਰਚਿਆ ਹੋਇਆ ਹੈ।

ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਪੰਜਾਬੀ ਮੁੰਡੇ ਵੱਡੀ ਗਿਣਤੀ ਵਿੱਚ ਭਰਤੀ ਹੋਏ। ਲੜਾਈ ਖਤਮ ਹੋਣ ਪਿਛੋਂ ਉਨ੍ਹਾਂ ਯੂਰੋਪ ਜਾਂ ਹੋਰ ਦੇਸ਼ਾਂ ਵਿੱਚ ਵਸਣ ਦੀ ਥਾਂ ਵਾਪਸ ਆਪਣੇ ਵਤਨ ਮੁੜਨਾ ਹੀ ਮੁਨਾਸਿਬ ਸਮਝਿਆ। ਪਰਵਾਸ ਸਭ ਤੋਂ ਪਹਿਲਾਂ ਦੋਆਬੇ ਤੇ ਮਾਝੇ ਤੋਂ ਸ਼ੁਰੂ ਹੋਇਆ। ਇਥੋਂ ਦੀ ਸਾਰੀ ਧਰਤੀ ਵਾਹੀਯੋਗ ਅਤੇ ਸਿੰਜਾਈ ਸਹੂਲਤਾਂ ਹੋਣ ਕਰ ਕੇ ਵਸੋਂ ਸੰਘਣੀ ਹੈ ਜਿਸ ਕਾਰਨ ਜ਼ਮੀਨ ਦੀਆਂ ਵੰਡੀਆਂ ਪੈਣ ਨਾਲ ਬਹੁਤੇ ਵਾਹੀਦਾਰ ਛੋਟੇ ਕਿਸਾਨਾਂ ਦੀ ਗਿਣਤੀ ਵਿੱਚ ਆ ਗਏ। ਮਾਲਵੇ ਵਿੱਚ ਸਿੰਜਾਈ ਸਹੂਲਤਾਂ ਦੀ ਘਾਟ ਸੀ। ਕਈ ਥਾਈਂ ਤਾਂ ਪੀਣ ਦੇ ਪਾਣੀ ਦੀ ਵੀ ਦਿੱਕਤ ਸੀ। ਬਹੁਤੇ ਰੇਤ ਦੇ ਟਿੱਬੇ ਸਨ ਜਿਸ ਕਰ ਕੇ ਵਸੋਂ ਪੇਤਲੀ ਸੀ ਤੇ ਪਰਿਵਾਰ ਵੱਧ ਜ਼ਮੀਨ ਦੇ ਮਾਲਕ ਸਨ। ਫ਼ੌਜ ਵਿੱਚ ਭਰਤੀ ਵੀ ਦੋਆਬੇ ਅਤੇ ਮਾਝੇ ਦੇ ਮੁੰਡਿਆਂ ਦੀ ਹੀ ਵੱਧ ਹੋਈ। ਦੇਸ਼ ਅੰਦਰ ਵੀ ਜਦੋਂ ਮੌਕਾ ਮਿਲਿਆ, ਇਥੋਂ ਦੇ ਲੋਕਾਂ ਨੇ ਆਪਣੇ ਜੱਦੀ ਘਰਾਂ ਨੂੰ ਤਿਆਗਿਆ। ਪੱਛਮੀ ਪੰਜਾਬ ਵਿੱਚ ਜਦੋਂ ਅੰਗਰੇਜ਼ਾਂ ਨੇ ਨਹਿਰਾਂ ਕੱਢੀਆਂ ਤਾਂ ਉਨ੍ਹਾਂ ਜੰਗਲਾਂ ਨੂੰ ਆਬਾਦ ਵੀ ਪੂਰਬੀ ਪੰਜਾਬ ਦੇ ਕਿਸਾਨਾਂ ਨੇ ਹੀ ਕੀਤਾ ਸੀ। ਬੀਕਾਨੇਰ ਦੇ ਰੇਗਿਸਤਾਨ ਅਤੇ ਯੂਪੀ ਦੇ ਤਰਾਈ ਇਲਾਕੇ ਦੇ ਜੰਗਲਾਂ ਨੂੰ ਵੀ ਵਾਹੀਯੋਗ ਪੰਜਾਬੀਆਂ ਨੇ ਹੀ ਬਣਾਇਆ।

ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬੀਆਂ ਨੂੰ ਮਜ਼ਦੂਰੀ ਲਈ ਅੰਗਰੇਜ਼ ਅਫਰੀਕਾ, ਸਿੰਗਾਪੁਰ, ਮਲਾਇਆ, ਕੈਨੇਡਾ ਆਦਿ ਦੇਸ਼ਾਂ ਵਿੱਚ ਲੈ ਕੇ ਗਏ। ਇਨ੍ਹਾਂ ਵਿੱਚੋਂ ਬਹੁਤੇ ਉਥੋਂ ਦੇ ਹੀ ਵਾਸੀ ਬਣ ਗਏ। ਆਜ਼ਾਦੀ ਪਿਛੋਂ ਪਰਵਾਸ ਸੱਠਵਿਆਂ ਵਿੱਚ ਸ਼ੁਰੂ ਹੋਇਆ ਜਦੋਂ ਇੰਗਲੈਂਡ ਨੇ ਆਪਣੇ ਦਰਵਾਜ਼ੇ ਵਿਦੇਸ਼ੀ ਮਜ਼ਦੂਰਾਂ ਲਈ ਖੋਲ੍ਹੇ। ਉਦੋਂ ਸਮੁੰਦਰੀ ਜਹਾਜ਼ ਦੀ ਟਿਕਟ 800 ਰੁਪਏ ਸੀ। ਜਿਹੜੇ ਪੈਸਿਆਂ ਦਾ ਪ੍ਰਬੰਧ ਕਰ ਸਕੇ, ਉਹ ਇੰਗਲੈਂਡ ਪੁੱਜ ਗਏ। ਉੱਥੇ ਉਨ੍ਹਾਂ ਹੱਡ ਤੋੜਵੀਂ ਮਿਹਨਤ ਕੀਤੀ। ਜਦੋਂ ਕੁਝ ਸਾਲਾਂ ਪਿਛੋਂ ਉਹ ਵਾਪਸ ਪੰਜਾਬ ਆਏ ਤਾਂ ਵਧੀਆ ਘਰ ਬਣਾਏ, ਵਿਆਹ ਸ਼ਾਦੀਆਂ ਵਿੱਚ ਦਿਖਾਵਾ ਕੀਤਾ ਤੇ ਵਾਪਸੀ ਉਤੇ ਆਪਣੇ ਟੱਬਰ ਵੀ ਨਾਲ ਲੈ ਗਏ। ਇੰਝ ਇੰਗਲੈਂਡ ਜਾਣ ਦੇ ਰੁਝਾਨ ਵਿੱਚ ਵਾਧਾ ਹੋਇਆ। ਇਨ੍ਹਾਂ ਦੀ ਸ਼ਾਨ ਦੇਖ ਕੇ ਬਾਕੀ ਸ਼ਰੀਕੇ ਵਾਲਿਆਂ ਅੰਦਰ ਵੀ ਅਮੀਰ ਬਣਨ ਦੀ ਲਾਲਸਾ ਜਾਗੀ। ਉਥੇ ਕੀਤੀ ਸਖਤ ਮਿਹਨਤ ਕਿਸੇ ਨੂੰ ਨਜ਼ਰ ਨਹੀਂ ਆਈ; ਬਸ, ਪੌਂਡਾਂ ਦਾ ਲਿਸ਼ਕਾਰਾ ਨਜ਼ਰੀਂ ਪਿਆ। ਖੇਤੀ ਵਿੱਚ ਆਏ ਸੁਧਾਰ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ। ਇਸ ਦਾ ਫ਼ਾਇਦਾ ਜਿਥੇ ਵਿੱਦਿਆ ਦੇ ਵਪਾਰੀਆਂ, ਸਨਅਤਕਾਰਾਂ ਨੇ ਚੁੱਕਿਆ; ਉਥੇ ਹਰ ਨੁੱਕਰ ਉੱਤੇ ਵਿਦੇਸ਼ ਭੇਜਣ ਦੇ ਦਫ਼ਤਰ ਖੁੱਲ੍ਹ ਗਏ। ਸਬਜ਼ਬਾਗ ਦਿਖਾ ਕੇ ਏਜੰਟਾਂ ਨੇ ਲੋਕਾਂ ਨੂੰ ਗਲਤ ਸਹੀ ਢੰਗ ਨਾਲ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਕਾਲੇ ਦੌਰ ਦੇ ਦਿਨਾਂ ਵਿੱਚ ਮਜਬੂਰ ਹੋ ਕੇ ਲੋਕਾਂ ਨੂੰ ਆਪਣੇ ਮੁੰਡੇ ਬਾਹਰ ਭੇਜਣੇ ਪਏ। ਉਸ ਸਥਿਤੀ ਦਾ ਲਾਭ ਏਜੰਟਾਂ, ਰਾਜਸੀ ਆਗੂਆਂ ਅਤੇ ਧਾਰਮਿਕ ਆਗੂਆਂ ਨੇ ਉਠਾਇਆ। ਦੇਸ਼ ਵਿੱਚ ਖਤਰੇ ਦੇ ਸਰਟੀਫਿਕੇਟ ਪੈਸੇ ਲੈ ਕੇ ਦਿੱਤੇ ਤਾਂ ਜੋ ਵਿਦੇਸ਼ ਜਾ ਕੇ ਰਾਜਸੀ ਸ਼ਰਨ ਲਈ ਅਰਜ਼ੀ ਦਿੱਤੀ ਜਾ ਸਕੇ। ਸ਼ਰੀਕੇਬਾਜ਼ੀ ਨੇ ਵੀ ਵਿਦੇਸ਼ ਵੱਲ ਉਡਾਰੀਆਂ ਮਾਰਨ ਨੂੰ ਉਤਸ਼ਾਹਿਤ ਕੀਤਾ।

ਹੁਣ ਹਾਲਤ ਇਹ ਹੈ ਕਿ ਸੰਸਾਰ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿੱਥੇ ਪੰਜਾਬੀ ਨਾ ਪੁੱਜੇ ਹੋਣ। ਵਿਦੇਸ਼ ਜਾਣ ਵਿੱਚ ਤੇਜ਼ੀ ਕੈਨੇਡਾ, ਨਿਊਜੀਲੈਂਡ ਅਤੇ ਅਸਟਰੇਲੀਆ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਪਿੱਛੋਂ ਆਈ। ਪੰਜਾਬ ਵਿੱਚ ਤੁਹਾਨੂੰ ਮੁਕਾਬਲੇ ਦੇ ਇਮਤਿਹਾਨ ਵਿੱਚ ਤਿਆਰੀ ਕਰਵਾਉਣ ਲਈ ਕੋਈ ਕੋਚਿੰਗ ਸੈਂਟਰ ਨਜ਼ਰ ਨਹੀਂ ਆਉਂਦਾ ਪਰ ਰਾਤੋ-ਰਾਤ ਹਰੇਕ ਮੁਹੱਲੇ ਵਿੱਚ ਆਈਲੈਟਸ ਕਰਵਾਉਣ ਵਾਲੇ ਕੇਂਦਰ ਖੁੱਲ੍ਹ ਗਏ। ਇਸ ਵਿੱਚ ਵੀ ਬੇਈਮਾਨੀ ਆ ਗਈ। ਇਨ੍ਹਾਂ ਦੇਸ਼ਾਂ ਵਿੱਚ ਫਰਜ਼ੀ ਯੂਨੀਵਰਸਿਟੀਆਂ ਖੁੱਲ੍ਹ ਗਈਆਂ। ਉਨ੍ਹਾਂ ਵਿੱਚ ਵੱਡੀਆਂ ਫੀਸਾਂ ਦੇ ਕੇ ਦਾਖਲੇ ਹੋਏ ਤੇ ਵੱਡੀ ਗਿਣਤੀ ਵਿੱਚ ਮੁੰਡਿਆਂ ਤੇ ਹੁਣ ਕੁੜੀਆਂ ਨੇ ਪੜ੍ਹਾਈ ਦੇ ਪੱਜ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਇਸੇ ਕਰ ਕੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਘਟ ਗਏ। ਪੰਜਾਬ ਵਿੱਚ ਰੁਜ਼ਗਾਰ ਦੀ ਘਾਟ ਨਹੀਂ ਪਰ ਕੋਈ ਵੀ ਸਰਕਾਰ ਬੱਚਿਆਂ ਦਾ ਮਾਰਗ ਦਰਸ਼ਨ ਨਹੀਂ ਕਰ ਸਕੀ। ਕਿਸੇ ਵੀ ਕਾਲਜ ਜਾਂ ਸੰਸਥਾ ਵਿੱਚ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਨ ਲਈ ਤਿਆਰ ਨਹੀਂ ਕੀਤਾ ਜਾਂਦਾ ਜਿਸ ਦਾ ਨਤੀਜਾ ਹੈ ਕਿ ਪੰਜਾਬ ਦੇ ਬਹੁਤੇ ਅਫਸਰ ਦੂਜੇ ਸੂਬਿਆਂ ਤੋਂ ਹਨ। ਉਂਝ ਵੀ, ਜੇਕਰ ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਆ ਕੇ ਲੱਖਾਂ ਕਾਮੇ ਚੰਗੀ ਕਮਾਈ ਕਰ ਰਹੇ ਹਨ ਤਾਂ ਪੰਜਾਬੀ ਇਹ ਕੰਮ ਕਿਉਂ ਨਹੀਂ ਕਰ ਰਹੇ? ਹੱਥੀਂ ਕੰਮ ਕਰਨਾ ਹੁਣ ਹੇਠੀ ਸਮਝੀ ਜਾਣ ਲੱਗ ਪਈ ਹੈ। ਅਸਲ ਵਿੱਚ ਪੰਜਾਬੀਆਂ ਨੇ ਮਿਹਨਤ ਕਰਨੀ ਛੱਡ ਦਿੱਤੀ ਹੈ। ਦੁੱਧ, ਮੱਖਣ, ਘਿਓ ਤੋਂ ਦੂਰੀ ਬਣਾ ਕੇ ਜੰਕ ਫੂਡ ਖਾਣ ਲੱਗ ਪਏ ਹਨ। ਵਿਹਲ ਨੇ ਕੁਰਾਹੇ ਪਾ ਦਿੱਤਾ ਹੈ।

ਉੱਪਰੋਂ ਪੰਜਾਬ ਵਿੱਚ ਖੇਤੀ ਹੇਠ ਧਰਤੀ ਘਟ ਰਹੀ ਹੈ। ਸ਼ਹਿਰ ਪਿੰਡਾਂ ਦੇ ਪਿੰਡ ਖਾ ਰਹੇ ਹਨ। ਫਿਰ ਉਜੜੇ ਪਿੰਡਾਂ ਦੇ ਵਾਸੀ ਜ਼ਮੀਨ ਵੇਚ ਕੇ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਹੀ ਜਾਣਗੇ। ਦਰਅਸਲ ਜਦੋਂ ਦਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਹੈ, ਪੰਜਾਬ ਨੂੰ ਵਧੀਆ ਸੋਚ ਵਾਲਾ ਕੋਈ ਦੂਰ-ਅੰਦੇਸ਼ ਲੀਡਰ ਨਹੀਂ ਮਿਲਿਆ। ਸਾਰਿਆਂ ਦੀ ਸੋਚ ਕੇਵਲ ਕੁਰਸੀ ਪ੍ਰਾਪਤੀ ਤੱਕ ਸੀਮਤ ਹੋ ਕੇ ਰਹਿ ਗਈ। ਆਜ਼ਾਦੀ ਪਿੱਛੋਂ ਹੋਏ ਪੰਜਾਬ ਵਿੱਚ ਵਿਕਾਸ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਸੀ ਪਰ ਇਸ ਨੂੰ ਹੋਰ ਚੰਗੇਰਾ ਬਣਾਉਣ ਦੀ ਥਾਂ ਇਹ ਹੇਠਾਂ ਜਾ ਰਿਹਾ ਹੈ। ਇਸ ਨਿਘਾਰ ਲਈ ਸਾਡੇ ਰਾਜਸੀ ਆਗੂ ਜ਼ਿੰਮੇਵਾਰ ਹਨ। ਰਾਜਸੀ ਆਗੂਆਂ ਨੇ ਯੋਜਨਾ ਬਣਾ ਕੇ ਸਰਬਪੱਖੀ ਵਿਕਾਸ ਨਹੀਂ ਕੀਤਾ। ਪੈਸੇ ਕਮਾਉਣ ਅਤੇ ਦਿਖਾਵੇ ਦੀ ਦੌੜ ਨੇ ਪੰਜਾਬ ਨੂੰ ਤਬਾਹੀ ਵੱਲ ਧੱਕਿਆ ਹੈ। ਲੋਕਾਂ ਵਿੱਚ ਵਧ ਰਹੀ ਨਿਰਾਸ਼ਤਾ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਰਹੀ ਹੈ।

ਪੰਜਾਬ ਵਰਗਾ ਸੂਬਾ ਬਹੁਤ ਘੱਟ ਮੁਲਕਾਂ ਵਿੱਚ ਹੈ। ਕੈਨੇਡਾ ਜਿੱਥੇ ਸਭ ਤੋਂ ਵੱਧ ਪੰਜਾਬੀ ਗਏ ਹਨ, ਅੱਧਾ ਸਾਲ ਬਰਫ਼ ਨਾਲ ਢਕਿਆ ਰਹਿੰਦਾ ਹੈ, ਇਸੇ ਕਰ ਕੇ ਉੱਥੇ ਆਬਾਦੀ ਮਸਾਂ ਚਾਰ ਕਰੋੜ ਹੈ ਅਤੇ ਰਕਬਾ ਸਭ ਤੋਂ ਵੱਧ ਹੈ ਪਰ ਉੱਥੇ ਮਨੁੱਖ ਨੂੰ ਮਨੁੱਖ ਸਮਝਿਆ ਜਾਂਦਾ ਹੈ। ਪੈਸੇ ਜਾਂ ਕੁਰਸੀ ਦੀ ਥਾਂ ਮਨੁੱਖ ਦੀ ਕਦਰ ਹੈ। ਵਿਦੇਸ਼ ਜਾਣਾ ਗਲਤ ਨਹੀਂ ਹੈ ਪਰ ਗਲਤ ਢੰਗ-ਤਰੀਕਿਆਂ ਨਾਲ ਜਾਣਾ ਗਲਤ ਹੈ। ਇਸ ਤਰ੍ਹਾਂ ਖ਼ਤਰੇ ਵਧ ਜਾਂਦੇ ਹਨ ਅਤੇ ਪੰਜਾਬ ਵਿੱਚੋਂ ਪੰਜਾਬੀਆਂ ਦੀ ਗਿਣਤੀ ਘਟਦੀ ਹੈ। ਸਾਡੇ ਆਗੂਆਂ ਨੂੰ ਨਿੱਜੀ ਹਿੱਤਾਂ ਨੂੰ ਤਿਆਗ ਕੇ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ।

ਸੰਪਰਕ: 94170-87328

Advertisement
Author Image

Jasvir Samar

View all posts

Advertisement