ਪੰਜਾਬ ’ਵਰਸਿਟੀ ਦੇ ਰਿਹਾਇਸ਼ੀ ਖੇਤਰ ’ਚ ਲੜਕੀ ਨੇ ਫਾਹਾ ਲਿਆ
ਕੁਲਦੀਪ ਸਿੰਘ
ਚੰਡੀਗੜ੍ਹ, 4 ਜੁਲਾਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਹਾਇਸ਼ੀ ਖੇਤਰ (ਸੈਕਟਰ-14) ਸਥਿਤ ਇੱਕ ਘਰ ਵਿੱਚ ਕਰੀਬ 25 ਸਾਲਾ ਲੜਕੀ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਹੈ। ਮ੍ਰਿਤਕ ਲੜਕੀ ਦਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਵਿੱਚ ਨੌਕਰੀ ਕਰਦੀ ਸੀ। ਉਸ ਦਾ ਪਿਤਾ ’ਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿੱਚ ਤਾਇਨਾਤ ਹੈ। ਵੇਰਵਿਆਂ ਮੁਤਾਬਕ ਅੱਜ ਸਵੇਰੇ ਜਦੋਂ ਮਾਪਿਆਂ ਨੇ ਦੇਖਿਆ ਕਿ ਉਨ੍ਹਾਂ ਦੀ ਬੇਟੀ ਉਸ ਕਮਰੇ ਵਿੱਚ ਨਹੀਂ ਸੀ ਜਿੱਥੇ ਰਾਤ ਨੂੰ ਸੌਂਦੀ ਸੀ ਤਾਂ ਉਨ੍ਹਾਂ ਉੱਪਰ ਵਾਲੇ ਕਮਰੇ ਵਿੱਚ ਜਾ ਕੇ ਵੇਖਿਆ ਤਾਂ ਕਮਰੇ ਵਿੱਚ ਪੱਖੇ ਨਾਲ ਲੜਕੀ ਦੀ ਲਾਸ਼ ਲਟਕ ਰਹੀ ਸੀ। ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਮਾਪਿਆਂ ਨੂੰ ਸੌਂਪ ਦਿੱਤੀ ਹੈ। ਪੁਲੀਸ ਸਟੇਸ਼ਨ ਸੈਕਟਰ 11 ਦੇ ਐੱਸਐੱਚਓ ਜੈ ਵੀਰ ਰਾਣਾ ਨੇ ਮੌਕੇ ਮ੍ਰਿਤਕ ਦੇ ਮਾਪਿਆਂ ਦੇ ਬਿਆਨ ਦਰਜ ਕੀਤੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦਿਨ ਬਾਅਦ ਅਮਨਦੀਪ ਕੌਰ ਦਾ ਮੰਗਣਾ ਹੋਣਾ ਸੀ ਤੇ ਉਸ ਨੂੰ ਸ਼ਗਨ ਪੈਣਾ ਤੈਅ ਹੋਇਆ ਸੀ।
ਉਸ ਕੋਲੋਂ ਮਿਲੇ ਸੁਸਾਈਡ ਨੋਟ ਵਿੱਚ ਲਿਖਿਆ ਹੈ, ‘ਆਈ ਐਮ ਸੌਰੀ, ਮੈਂ ਜੋ ਵੀ ਕਰ ਰਹੀ ਹਾਂ, ਆਪਣੀ ਮਰਜ਼ੀ ਨਾਲ ਕਰ ਰਹੀ ਹਾਂ। ਇਸ ਦਾ ਜ਼ਿੰਮੇਵਾਰ ਕਿਸੇ ਨੂੰ ਵੀ ਨਾ ਠਹਿਰਾਇਆ ਜਾਵੇ। ਮੈਂ ਹਾਲਾਤਾਂ ਨੂੰ ਹੈਂਡਲ ਨਹੀਂ ਕਰ ਸਕੀ।’