ਪੰਜਾਬ ਯੂਨੀਵਰਸਿਟੀ ’ਚ ਏਆਈਯੂ ਨੌਰਥ ਜ਼ੋਨ ਯੂਥ ਫੈਸਟੀਵਲ
ਕੁਲਦੀਪ ਸਿੰਘ
ਚੰਡੀਗੜ੍ਹ, 2 ਫਰਵਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 38ਵਾਂ ਏਆਈਯੂ (ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼) ਇੰਟਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫੈਸਟੀਵਲ ਵਿੱਚ ਉੱਤਰੀ ਰਾਜਾਂ ਦੀਆਂ ਯੂਨੀਵਰਸਿਟੀਆਂ ਦੇ ਨੌਜਵਾਨ ਵਿਦਿਆਰਥੀ ਕਲਾਕਾਰਾਂ ਨੇ ਆਪਣੀਆਂ ਕਲਾਵਾਂ ਦੇ ਪ੍ਰਦਰਸ਼ਨ ਕੀਤੇ ਅਤੇ ਕੁਇਜ਼ ਮੁਕਾਬਲਿਆਂ ਵਿੱਚ ਵੀ ਆਪਣੇ ਬੌਧਿਕ ਗਿਆਨ ਦਾ ਪ੍ਰਦਰਸ਼ਨ ਕੀਤਾ। ਪੀਯੂ ਦੇ ਲਾਅ ਆਡੀਟੋਰੀਅਮ ਵਿੱਚ ਬੀਤੇ ਦਿਨ 1 ਫਰਵਰੀ ਨੂੰ ਚੰਡੀਗੜ੍ਹ ਦੇ ਚੀਫ ਸਕੱਤਰ ਰਾਜੀਵ ਵਰਮਾ ਆਈਏਐੱਸ ਵੱਲੋਂ ਉਦਘਾਟਨ ਕੀਤਾ ਗਿਆ। ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਫੈਸਟੀਵਲ ਦੇ ਅੱਜ ਦੂਜੇ ਦਿਨ ਕਲਾਕਾਰਾਂ ਨੇ ਵੱਖ-ਵੱਖ ਸ਼ੈਲੀਆਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲੱਦਾਖ ਅਤੇ ਜੰਮੂ ਅਤੇ ਕਸ਼ਮੀਰ ਦੀਆਂ ਯੂਨੀਵਰਸਿਟੀਆਂ ਤੋਂ ਆਏ ਵਿਦਿਆਰਥੀਆਂ ਨੇ ਕਾਰਟੂਨਿੰਗ, ਪੋਸਟਰ ਮੇਕਿੰਗ ਅਤੇ ਕੋਲਾਜ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ।
ਪੀਯੂ ਦੇ ਡਾਇਰੈਕਟਰ ਸਪੋਰਟਸ ਰੋਹਿਤ ਸ਼ਰਮਾ ਨੇ ਦੱਸਿਆ ਕਿ ਭਲਕੇ 3 ਫਰਵਰੀ ਨੂੰ ਵਨ ਐਕਟ ਪਲੇਅ-2, ਸਕਿੱਟ, ਵੈਸਟਰਨ ਵੋਕਲ ਸੋਲੋ, ਗਰੁੱਪ ਸੌਂਗ (ਭਾਰਤੀ), ਕਲਾਸੀਕਲ ਇੰਸਟਰੂਮੈਂਟਲ ਪੇਸ਼ ਕੀਤੇ ਜਾਣਗੇ। ਸੋਲੋ (ਨਾਨ-ਪਰਕਸ਼ਨ), ਮੌਕੇ ’ਤੇ ਪੇਂਟਿੰਗ, ਮਿੱਟੀ ਮਾਡਲਿੰਗ, ਇੰਸਟਾਲੇਸ਼ਨ, ਲੋਕ ਕਬਾਇਲੀ ਨਾਚ, ਭਾਸ਼ਣ, ਅਤੇ ਕੁਇਜ਼ ਦਾ ਅੰਤਿਮ ਦੌਰ ਹੋਵੇਗਾ।