‘ਪੰਜਾਬ ਪਟਵਾਰੀ’ ਮੋਬਾਈਲ ਐਪ ਲਾਂਚ

ਪਵਨ ਕੁਮਾਰ ਵਰਮਾ
ਧੂਰੀ, 10 ਸਤੰਬਰ
ਪੰਜਾਬੀ ਸ਼ਬਦਕੋਸ਼, ਪੰਜਾਬੀ ਟਾਈਪ ਮਾਸਟਰ, ਰਾਵੀ ਟਾਈਪਿੰਗ ਟਿਊਟਰ, ਪਟਵਾਰੀ ਸਾਫਟਵੇਅਰ ਵਰਗੇ ਅਨੇਕਾਂ ਪ੍ਰੋਗਰਾਮ ਬਣਾਉਣ ਵਾਲੇ ਹਰਵਿੰਦਰ ਸਿੰਘ ਟਿਵਾਣਾ ਨੇ ਹੁਣ ਪਟਵਾਰੀ ਐਪ ਬਣਾ ਕੇ ਲੋਕਾਂ ਨੂੰ ਜ਼ਮੀਨ ਦੇ ਹਿੱਸੇ ਕੱਢਣ ਦਾ ਕੰਮ ਸੁਖਾਲਾ ਕਰ ਦਿੱਤਾ ਹੈ। ਹਰਵਿੰਦਰ ਸਿੰਘ ਟਿਵਾਣਾ ਨੇ ਅੱਜ ਇਥੇ ਦੱਸਿਆ ਕਿ ਹੁਣ ਸਾਂਝੀ ਜਮੀਨ ਵਿੱਚ ਹਿੱਸੇ ਦਾ ਬਣਦਾ ਰਕਬਾ ਕੱਢਣ ਲਈ ਅਤੇ ਜ਼ਮੀਨ ਦੀਆਂ ਇਕਾਈਆਂ ਨੂੰ ਆਪਸ ਵਿਚ ਬਦਲਣ ਵਰਗੇ ਛੋਟੇ ਛੋਟੇ ਕੰਮਾਂ ਲਈ ਪਟਵਾਰੀਆਂ ਕੋਲ ਜਾਣ ਦੀ ਜ਼ਰੂਰਤ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾ ਵੱਲੋਂ ਪਟਵਾਰੀ ਮੁਖਤਿਆਰ ਸਿੰਘ ਅਤੇ ਪਟਵਾਰੀ ਜਸਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਮੋਬਾਇਲ ਐਪ ਤਿਆਰ ਕੀਤੀ ਗਈ ਹੈ ਜਿਸ ਵਿੱਚ ਸਾਂਝੀ ਜ਼ਮੀਨ ਅਤੇ ਉਸ ਵਿੱਚ ਇੱਕ ਹਿੱਸੇਦਾਰ ਦਾ ਹਿੱਸਾ ਦਰਜ ਕਰਨ ਤੇ ਸਕਿੰਟਾਂ ਵਿੱਚ ਹੀ ਰਕਬਾ ਮੋਬਾਈਲ ਸਕਰੀਨ ’ਤੇ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਪਲੇਅ ਸਟੋਰ ’ਤੇ ਅਪਲੋਡ ਕੀਤਾ ਗਿਆ ਹੈ, ਜਿਸ ਨੂੰ ਬਿਲਕੁਲ ਮੁਫਤ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ।ਮੁਖਤਿਆਰ ਸਿੰਘ ਪਟਵਾਰੀ ਅਤੇ ਜਸਪ੍ਰੀਤ ਸਿੰਘ ਪਟਵਾਰੀ ਨੇ ਦੱਸਿਆ ਕਿ ਐਪ ਦੀ ਮੱਦਦ ਨਾਲ ਸਕਿੰਟਾਂ ਵਿੱਚ ਹੀ ਇੱਕ ਹਿੱਸੇਦਾਰ ਦਾ ਹਿੱਸਾ ਕੱਢਿਆ ਜਾ ਸਕਦਾ ਹੈ ਅਤੇ ਜਮੀਨ ਦਾ ਜੋੜ ਘਟਾਓ ਕੀਤਾ ਜਾ ਸਕਦਾ ਹੈ।