ਪੰਜਾਬ ਨੂੰ ਬਦਅਮਨੀ ਵੱਲ ਧੱਕ ਰਹੀਆਂ ਨੇ ‘ਆਪ’ ਤੇ ਕਾਂਗਰਸ: ਜਾਖੜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਪਰੈਲ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਤਾਪ ਸਿੰਘ ਬਾਜਵਾ ਦੇ 50 ਗ੍ਰਨੇਡ ਵਾਲੇ ਬਿਆਨ ਬਾਰੇ ‘ਆਪ’ ਤੇ ਕਾਂਗਰਸ ’ਤੇ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਸੰਵੇਦਨਸ਼ੀਲ ਮੁੱਦੇ ’ਤੇ ਸਿਆਸਤ ਕਰਕੇ ਪੰਜਾਬ ਨੂੰ ਬਦਅਮਨੀ ਵੱਲ ਧੱਕ ਰਹੀਆਂ ਹਨ। ਸ੍ਰੀ ਜਾਖੜ ਨੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਦੀ ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਵਿਗੜਨ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੋਵੇਂ ਜਾਣਦੇ ਹਨ ਕਿ ਕਾਂਗਰਸੀ ਆਗੂ ਦੀ ਇਸ ਬਿਆਨਬਾਜ਼ੀ ਦਾ ਕੋਈ ਇਮਾਨਦਾਰ ਕਾਰਨ ਨਹੀਂ ਹੈ। ਸ੍ਰੀ ਜਾਖੜ ਨੇ ਕਿਹਾ ਕਿ ਸਰਹੱਦੀ ਰਾਜ ਪੰਜਾਬ ਨੂੰ ਅਸ਼ਾਂਤੀ ਅਤੇ ਅਵਿਵਸਥਾ ਵੱਲ ਧੱਕਣ ਅਤੇ ਪੰਜਾਬੀਆਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਉਨ੍ਹਾਂ ਦੀ ਅਸੰਵੇਦਨਸ਼ੀਲਤਾ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ। ਜਾਖੜ ਨੇ ‘ਆਪ’ ਤੇ ਕਾਂਗਰਸ ਨੂੰ ਸੂਬੇ ਵਿੱਚ ਹਰ ਗੱਲ ’ਤੇ ਸਿਆਸਤ ਦੀ ਥਾਂ ਲੋਕ ਹਿੱਤ ਵਿੱਚ ਕੰਮ ਕਰਨ ਦੀ ਅਪੀਲ ਕੀਤੀ।