ਪੰਜਾਬ ਨੂੰ ਕਰਜ਼ਾਈ ਕਰ ਰਹੀ ਹੈ ਮਾਨ ਸਰਕਾਰ: ਸ਼ਵੇਤ ਮਲਿਕ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਜੂਨ
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਭਗਵੰਤ ਮਾਨ ਵੱਲੋਂ ਦਿੱਲੀ ਦੀ ਜਨਤਾ ਵੱਲੋਂ ਰੱਦ ਕੀਤੇ ਲੋਕਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਅੱਗੇ ਲਿਆਕੇ ਪੰਜਾਬ 'ਤੇ ਕਰੋੜਾਂ ਰੁਪਏ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ ਅਤੇ ਪੰਜਾਬ ਨੂੰ ਕਰਜ਼ਾਈ ਬਣਾਇਆ ਜਾ ਰਿਹਾ ਹੈ।
ਉਹ ਅੱਜ ਇੱਥੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਹੋਏ ਸਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਉੱਚੇ ਅਹੁਦਿਆਂ ਤੇ ਲਗਾਕੇ ਪੰਜਾਬ ਦੇ ਵਾਹਨ ਅਤੇ ਬੰਗਲੇ ਦਿੱਤੇ ਜਾ ਰਹੇ ਹਨ ਜਿਸ ਨਾਲ ਟੈਕਸਦਾਤਾਵਾਂ 'ਤੇ ਬੋਝ ਪੈ ਰਿਹਾ ਹੈ। ਉਨ੍ਹਾਂ ਵਿਅੰਗਮਈ ਟਿੱਪਣੀ ਕੀਤੀ ਕਿ ਇਹ "ਆਮ ਆਦਮੀ ਪਾਰਟੀ" ਨਹੀਂ ਸਗੋਂ "ਖਾਸ ਆਦਮੀ ਪਾਰਟੀ" ਬਣ ਗਈ ਹੈ। ਉਨ੍ਹਾਂ ਆਪ ਅਤੇ ਕਾਂਗਰਸ 'ਤੇ ਤਿੱਖੇ ਹਮਲੇ ਕਰਦਿਆਂ ਦੋਵਾਂ ਪਾਰਟੀਆਂ 'ਤੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਤੋਂ ਇਲਾਵਾ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਦੋਸ਼ ਵੀ ਲਗਾਇਆ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਧੇਰੇ ਕੰਮ, ਘੱਟ ਗੱਲਾਂ ਦੇ ਸਿਧਾਂਤ ’ਤੇ ਕੰਮ ਕਰਦੀ ਹੈ, ਜੋ ਪਾਰਟੀ ਦੀ ਠੋਸ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ ਪਰ ਆਪ ਝੂਠ ਬੋਲਕੇ ਅਤੇ ਫੌਕੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸ੍ਰੀ ਮਲਿਕ ਨੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਪੰਜਾਬ ਅਤੇ ਖ਼ਾਸ ਕਰਕੇ ਲੁਧਿਆਣਾ ਲਈ ਕੀਤੇ ਕੰਮਾਂ ਦਾ ਵਿਸਥਾਰਤ ਜ਼ਿਕਰ ਕੀਤਾ।
ਉਨ੍ਹਾਂ ਹਲਕਾ ਪੱਛਮੀ ਦੇ ਵੋਟਰਾਂ ਨੂੰ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਚੁਣਨ ਦੀ ਅਪੀਲ ਕੀਤੀ ਜੋ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੀ ਸੇਵਾ ਕਰਨ ਵਾਲੇ ਇੱਕ ਤਜਰਬੇਕਾਰ ਪਾਰਟੀ ਨੇਤਾ ਹਨ। ਉਨ੍ਹਾਂ ਕਿਹਾ ਕਿ ਗੁਪਤਾ ਦੀ ਜਿੱਤ ਹਲਕੇ ਲਈ ਵਿਕਾਸ ਕਾਰਜਾਂ ਦਾ ਹੜ੍ਹ ਲਿਆਏਗੀ। ਇਸ ਮੌਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਰਾਕੇਸ਼ ਰਾਠੌਰ, ਸਤੀਸ਼ ਮਲਹੋਤਰਾ ਅਤੇ ਡਾ: ਸਤੀਸ਼ ਕੁਮਾਰ ਵੀ ਹਾਜ਼ਰ ਸਨ।