ਪੰਜਾਬ ਦੇ ਪਿੰਡਾਂ ’ਚ ਈਸਾਈ ਪ੍ਰਚਾਰਕਾਂ ਵੱਲੋਂ ਧਰਮ ਪਰਿਵਰਤਨ ਕਰਾਉਣਾ ਚਿੰਤਾ ਦਾ ਵਿਸ਼ਾ: ਕਾਲਕਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਪੰਜਾਬ ਦੇ 12 ਹਜ਼ਾਰ ਪਿੰਡਾਂ ਵਿੱਚੋਂ 8 ਹਜ਼ਾਰ ਪਿੰਡਾਂ ਵਿਚ ਈਸਾਈ ਧਰਮ ਦੇ ਪ੍ਰਚਾਰਕ ਪਹੁੰਚ ਗਏ ਹਨ ਜੋ ਗਰੀਬ ਤੇ ਕਮਜ਼ੋਰ ਸਿੱਖਾਂ ਨੂੰ ਅਨੇਕਾਂ ਤਰੀਕੇ ਦੇ ਲਾਲਚ ਦੇ ਕੇ ਈਸਾਈ ਧਰਮ ਨਾਲ ਜੋੜਨ ਦਾ ਕੰਮ ਕਰ ਰਹੇ ਹਨ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਬਲਕਿ ਦਿੱਲੀ ਵਿਚ ਵੀ ਕਮੇਟੀ ਨੇ ਆਪਣਾ ਸਿੱਖ ਮਿਸ਼ਨ ਸਥਾਪਤ ਕੀਤਾ ਹੋਇਆ ਹੈ ਜਦੋਂ ਕਿ ਇਸ ਵੱਲੋਂ ਇਕ ਵੀ ਸਿੱਖ ਪ੍ਰਚਾਰਕ ਦਿੱਲੀ ਦੇ ਕਿਸੇ ਵੀ ਇਲਾਕੇ ਵਿੱਚ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਧਰਨਾ ਦੇਣ ’ਤੇ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਗਠਨ 1971 ਦੇ ਪਾਰਲੀਮੈਂਟ ਦੇ ਐਕਟ ਮੁਤਾਬਕ ਹੋਇਆ ਹੈ। ਜਦੋਂ ਤੋਂ ਐਕਟ ਮੁਤਾਬਕ ਚੋਣਾਂ ਹੋਈਆਂ ਹਨ, ਕਦੇ ਵੀ ਸਿੰਘ ਸਭਾਵਾਂ ਦੇ ਮੈਂਬਰਾਂ ਦੀ ਲਾਟਰੀ ਸਿਸਟਮ ਵਾਸਤੇ ਚੋਣ ਵਿਚ ਦੂਜੇ ਤੋਂ ਤੀਜੀ ਪਰਚੀ ਨਹੀਂ ਕੱਢੀ ਗਈ ਪਰ 2021 ਵਿਚ ਹੋਈਆਂ ਚੋਣਾਂ ਵਿੱਚ ਸਰਨਾ ਤੇ ਜੀਕੇ ਆਮ ਆਦਮੀ ਪਾਰਟੀ ਸਰਕਾਰ ਨਾਲ ਰਲੇ ਹੋਏ ਸਨ। ਇਸ ਕਾਰਨ ਗੁਰਦੁਆਰਾ ਚੋਣਾਂ ਦੇ ਡਾਇਰੈਕਟਰ ਨੇ ਪੰਜ ਪਰਚੀਆਂ ਕੱਢਵਾ ਦਿੱਤੀਆਂ। ਉਨ੍ਹਾਂ ਕਿਹਾ ਕਿ ਜਦੋਂ ਇਸ ਗੈਰ ਕਾਨੂੰਨੀ ਫੈਸਲੇ ਨੂੰ ਪਹਿਲੀਆਂ ਦੋ ਪਰਚੀਆਂ ਵਿੱਚ ਮੈਂਬਰ ਬਣੇ ਮਨਜੀਤ ਸਿੰਘ ਤੇ ਕਸ਼ਮੀਰ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਤਾਂ ਹੁਣ ਬੀਤੇ ਸਮੇਂ ਵਿਚ ਹੋਈ ਤਰੁੱਟੀ ਨੂੰ ਦਰੁੱਸਤ ਕਰ ਕੇ ਉਨ੍ਹਾਂ ਦੀ ਮੈਂਬਰਸ਼ਿਪ ਮਨਜ਼ੂਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜੇ ਸਰਨਾ ਤੇ ਜੀਕੇ ਨੂੰ ਕੋਈ ਇਤਰਾਜ਼ ਸੀ ਤਾਂ ਉਹ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਸਾਹਮਣੇ ਧਰਨਾ ਦਿੰਦੇ ਜਾਂ ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਦੇ ਸਾਹਮਣੇ ਧਰਨਾ ਦਿੰਦੇ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪ੍ਰਦਰਸ਼ਨ
ਦਿੱਲੀ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਕਥਿਤ ਗੱਠਜੋੜ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੱਸਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਸੰਸਦ ਵੱਲ ਮਾਰਚ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ, ਸੂਬਾ ਦਫ਼ਤਰ ਤੋਂ ਸੰਸਦ ਵੱਲ ਮਾਰਚ ਸ਼ੁਰੂ ਕੀਤਾ ਗਿਆ, ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਨੇੜੇ ਰੋਕ ਦਿੱਤਾ। ਮਗਰੋਂ ਦੋਵਾਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਦੇ ਬੁੱਤ ਸਾਹਮਣੇ ਸੰਗਤ ਨੂੰ ਸੰਬੋਧਨ ਕੀਤਾ। ਅਕਾਲੀ ਆਗੂਆਂ ਨੇ ਇਸ ਮੌਕੇ ਦਿੱਲੀ ਸਰਕਾਰ ਦੇ ਮੰਤਰੀਆਂ ਭਾਜਪਾ ’ਤੇ ਸਿੱਖਾਂ ਦੀਆਂ ਧਾਰਮਿਕ ਕਮੇਟੀਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਦਾ ਦੋਸ਼ ਲਾਇਆ।