ਪੰਜਾਬ ਦੀ ਸੰਗੀਤ ਪਰੰਪਰਾ ਬਾਰੇ ਕਾਨਫਰੰਸ: ਅਕਾਦਮਿਕ ਸੈਸ਼ਨਾਂ ’ਚ ਗੁਰਮਤਿ ਸੰਗੀਤ ਦੇ ਪਸਾਰ ’ਤੇ ਜ਼ੋਰ
ਖੇਤਰੀ ਪ੍ਰਤੀਨਿਧ
ਪਟਿਆਲਾ, 12 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਵਿਭਾਗ ਦੇ ਮੁਖੀ ਡਾ. ਅਲੰਕਾਰ ਸਿੰਘ ਦੀ ਦੇਖ-ਰੇਖ ਹੇਠਾਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਕੌਮਾਂਤਰੀ ਕਾਨਫਰੰਸ ਦੇ ਦੂਜੇ ਦਿਨ ਪੰਜਾਬ ਦੀ ਗੁਰਮਤਿ ਸੰਗੀਤ ਪਰੰਪਰਾ, ਲੋਕ ਸੰਗੀਤ ਪਰੰਪਰਾ ਅਤੇ ਸੂਫੀ ਸੰਗੀਤ ਪਰੰਪਰਾ ਨੂੰ ਸਮਰਪਿਤ ਵੱਖ-ਵੱਖ ਅਕਾਦਮਿਕ ਸੈਸ਼ਨ ਹੋਏ। ਕਾਨਫਰੰਸ ਕੋਆਰਡੀਨੇਟਰ ਨਿਵੇਦਿੱਤਾ ਸਿੰਘ ਨੇ ਦੱਸਿਆ ਕਿ
ਇੱਕ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਜਸਬੀਰ ਕੌਰ ਨੇ ਗੁਰਮਤਿ ਸੰਗੀਤ ਨੂੰ ਇੱਕ ਵਿਸ਼ੇ ਵਜੋਂ ਵਿਕਸਿਤ ਕਰਨ ਸਬੰਧੀ ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਹੋਰ ਅੱਗੇ ਲਿਜਾਣ ’ਤੇ ਜ਼ੋਰ ਦਿੱਤਾ। ਰਬਾਬ-ਏ-ਰੂਹਾਨੀਅਤ ਦੇ ਕਰਤਾ ਧਰਤਾ ਰਣਬੀਰ ਸਿੰਘ ਸਿਬੀਆ ਨੇ ਸੰਗੀਤ ਵਿਭਾਗ ਨੂੰ ਇੱਕ ਰਬਾਬ ਭੇਟ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਾਜਿੰਦਰ ਸਿੰਘ ਨੇ ਮੁੱਖ ਤੌਰ ’ਤੇ ਗੁਰੂ ਸਾਹਿਬ ਵੱਲੋਂ ਪ੍ਰਾਪਤ ਵਿਰਾਸਤ ਨੂੰ ਹਰ ਹੀਲੇ ਅੱਗੇ ਲਿਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਯੁੱਧ ਦੇ ਨਾਲ-ਨਾਲ ਕੀਰਤਨ ਨੂੰ ਵੀ ਅੱਗੇ ਵਧਾਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਗੁਰਮਤਿ ਸੰਗੀਤ ਦੇ ਹਵਾਲੇ ਨਾਲ ਗੱਲ ਕੀਤੀ। ਸੂਫੀ ਸੰਗੀਤ ਪਰੰਪਰਾ ਵਾਲੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਇਸਲਾਮ ਵਿੱਚ ਸਮਸ ਦੇ ਹਵਾਲੇ ਨਾਲ ਬੜੇ ਮਹੱਤਵਪੂਰਨ ਨੁਕਤੇ ਉਠਾਏ। ਲੋਕ ਸੰਗੀਤ ਵਾਲੇ ਸੈਸ਼ਨ ਵਿੱਚ ਪਾਕਿਸਤਾਨ ਤੋਂ ਆਨਲਾਈਨ ਰੂਪ ਵਿੱਚ ਜੁੜੇ ਅਕਰਮ ਰਾਹੀ ਨੇ ਸੱਭਿਆਚਾਰਕ ਗੀਤਾਂ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਇਸ ਕੰਮ ਲਈ ਹਰ ਸੰਭਵ ਸੇਵਾ ਦੇਣ ਬਾਰੇ ਐਲਾਨ ਕੀਤਾ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਦੋਹਤੀ ਨੇ ਇਸ ਸੈਸ਼ਨ ਵਿੱਚ ਵੱਖ-ਵੱਖ ਤਸਵੀਰਾਂ ਵਿਖਾਈਆਂ। ਹਰਦਿਆਲ ਥੂਹੀ ਅਤੇ ਡਾ. ਜਸਵਿੰਦਰ ਸ਼ਰਮਾ ਨੇ ਪੰਜਾਬੀ ਗਾਇਕੀ ਵਿੱਚ ਬਿਰਤਾਂਤ ਸਿਰਜਣਾ ਅਤੇ ਰਿਕਾਰਡਿੰਗ ਦੇ ਇਤਿਹਾਸ ਦੀ ਗੱਲ ਕੀਤੀ। ਅੱਜ ਸ਼ਾਮ ਦੇਸ ਰਾਜ ਲਚਕਾਣੀ ਅਤੇ ਸਾਥੀਆਂ ਨੇ ਆਪਣੇ ਲੋਕ ਰੰਗ ਪੇਸ਼ ਕੀਤੇ। ਇਸ ਉਪਰੰਤ ਸੂਫੀ ਗਾਇਕ ਦੇਵ ਦਿਲਦਾਰ ਨੇ ਆਪਣੇ ਕਲਾਮ ਪੇਸ਼ ਕੀਤੇ। ਉਨ੍ਹਾਂ ਵੱਲੋਂ ਸੁਰਜੀਤ ਪਾਤਰ ਤੇ ਕਲਾਮ ਵਿਸ਼ੇਸ਼ ਤੌਰ ’ਤੇ ਗਾਏ ਗਏ।