ਬਲਵਿੰਦਰ ਸਿੰਘ ਹਾਲੀਕੋਟਕਪੂਰਾ, 12 ਮਾਰਚਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਦੇ ਪਿੰਡ ਟਹਿਣਾ ਵਿੱਚ ਸਰਕਾਰੀ ਸੈਕੰਡਰੀ ਸਕੂਲ ’ਚ ਆਧੁਨਿਕ ਕੰਪਿਊਟਰ ਲੈਬ ਅਤੇ ਪਿੰਡ ਦੀ ਜ਼ਮੀਨ ’ਤੇ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਉਪਰੰਤ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਵਿਕਾਸ ਵਿੱਚ ਪਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਪਿੰਡ ਦੇ ਪਰਵਾਸੀ ਪੰਜਾਬੀ ਗੁਰਦੀਪ ਸਿੰਘ ਬਰਾੜ ਵੀ ਮੌਜੂਦ ਸਨ।ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਪਰਵਾਸੀ ਪੰਜਾਬੀ ਸ੍ਰੀ ਬਰਾੜ ਨੇ ਆਪਣੇ ਪਿਤਾ ਕਰਤਾਰ ਸਿੰਘ ਭਗਤ ਅਤੇ ਮਾਤਾ ਸੰਤ ਕੌਰ ਦੀ ਯਾਦ ਵਿੱਚ ਪਿੰਡ ਦੇ ਸਕੂਲ ’ਚ ਆਧੁਨਿਕ ਕੰਪਿਊਟਰ ਲੈਬ ਅਤੇ ਖੇਡ ਸਟੇਡੀਅਮ ਲਈ ਦਿਲ ਖੋਲ੍ਹਕੇ ਵਿੱਤੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੇ ਇਸ ਲੈਬ ਲਈ 25 ਕੰਪਿਊਟਰ ਅਤੇ ਪ੍ਰਿੰਟਰ ਦਿੱਤੇ ਹਨ। ਉਨ੍ਹਾਂ ਸ੍ਰੀ ਬਰਾੜ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਦੀਪ ਸਿੰਘ ਬਰਾੜ ਨੇ ਕਿਹਾ ਕਿ ਉਹ ਆਪਣੇ ਜੱਦੀ ਪਿੰਡ ਟਹਿਣਾ ਦਾ ਹੋਰ ਵਿਕਾਸ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਮਾਤਾ ਪਿਤਾ ਦੀ ਯਾਦ ਵਿੱਚ ਖੇਡ ਸਟੇਡੀਅਮ ਅਤੇ ਸਕੂਲ ਵਿੱਚ ਆਧੁਨਿਕ ਕੰਪਿਊਟਰ ਲੈਬ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਬੀ.ਡੀ.ਪੀ.ਓ ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਸੁਪਰਡੈਂਟ ਜ਼ਿਲ੍ਹਾ ਪਰਿਸ਼ਦ, ਪ੍ਰਿੰਸੀਪਲ ਸਰਬਜੀਤ ਕੌਰ, ਚੇਅਰਮੈਨ ਜਲੰਧਰ ਸਿੰਘ, ਸਰਪੰਚ ਰਣਜੀਤ ਸਿੰਘ ਅਤੇ ਸੋਹਨ ਸਿੰਘ ਹਾਜ਼ਰ ਸਨ।