ਪੰਜਾਬ ਦੀ ਜਿ਼ਮਨੀ ਚੋਣ ਅਤੇ ਭਾਜਪਾ ਦੀ ਖ਼ਾਮੋਸ਼ੀ
ਜਯੋਤੀ ਮਲਹੋਤਰਾ
ਲੁਧਿਆਣਾ ਪੱਛਮੀ ਅਸੈਂਬਲੀ ਹਲਕੇ ਵਿੱਚ 19 ਜੂਨ ਨੂੰ ਹੋਣ ਵਾਲੀ ਚੋਣ ਤੋਂ ਦਸ ਦਿਨ ਪਹਿਲਾਂ, ਪੰਜਾਬ ਭਾਜਪਾ ਦੋ ਸਵਾਲ ਪੁੱਛ ਰਹੀ ਹੈ। ਪਹਿਲਾ ਹੈ, ਲੁਧਿਆਣਾ ਪੱਛਮੀ ਕਿੱਥੇ ਹੈ? ਤੇ ਦੂਜਾ ਹੈ, ਲੁਧਿਆਣਾ ਪੱਛਮੀ ਤੋਂ ਕੌਣ? ਸੂਬੇ ਵਿੱਚ ਪਾਰਟੀ ਅੰਦਰ ਸੰਕਟ ਇਹ ਹੈ ਕਿ ਇਹ ਦੇਸ਼ ਦੇ ਬਾਕੀ ਹਿੱਸਿਆਂ ਅੰਦਰ ਸਰਪਟ ਚੱਲ ਰਹੀ ਇਸ ਦੀ ਅਜੇਤੂ ਮੁਹਿੰਮ ਤੋਂ ਐਨ ਉਲਟ ਹੈ, ਜਿਸ ਦੇ ਹੋਕਰੇ ਪਿਛਲੇ ਕਈ ਮਹੀਨਿਆਂ ਤੋਂ ਸੁਣਾਈ ਦੇ ਰਹੇ ਹਨ ਅਤੇ ਇਸ ਨੇ ਜਿਨ੍ਹਾਂ ਵੀ ਰਾਜਾਂ ’ਤੇ ਨਜ਼ਰ ਟਿਕਾਈ, ਉੱਥੇ ਆਪਣੀ ਸਰਕਾਰ ਕਾਇਮ ਕਰ ਲਈ। ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ; ਇੱਥੋਂ ਤੱਕ ਕਿ ਮਨੀਪੁਰ ਵਿਚ ਭਾਜਪਾ ਦੇ ਲੋਕ ਬਹੁਗਿਣਤੀ (44) ਵਿਧਾਇਕਾਂ ਦੀ ਹਮਾਇਤ ਜੁਟਾਉਣ ਦਾ ਯਤਨ ਕਰ ਰਹੇ ਹਨ ਤਾਂ ਕਿ ਉੱਥੇ ਮੁੜ ਆਪਣੀ ਸਰਕਾਰ ਕਾਇਮ ਕੀਤੀ ਜਾ ਸਕੇ। ਭਾਜਪਾ ਦੀ ਪ੍ਰਚਾਰ ਮੁਹਿੰਮ ਨੂੰ ਚੌਵੀ ਘੰਟੇ ਤੇ ਪੂਰਾ ਹਫ਼ਤਾ ਇਹ ਰੇਖਾਂਕਿਤ ਕਰਨ ਲਈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ, ਜਿਸ ਕੋਲ 90 ਕਰੋੜ ਦੀ ਮੈਂਬਰਸ਼ਿਪ ਹੈ, ਲਈ ਅਪਰੇਸ਼ਨ ਸਿੰਧੂਰ ਦੀ ਲੋੜ ਨਹੀਂ ਹੈ। ਭਾਜਪਾ ਚੀਨ ਦੀ ਕਮਿਊਨਿਸਟ ਪਾਰਟੀ ਨਾਲੋਂ ਵੀ ਵੱਡੀ ਹੋਣ ਦੇ ਦਾਅਵੇ ਕਰ ਰਹੀ ਹੈ।
ਯਕੀਨਨ, ਅਪਰੇਸ਼ਨ ਸਿੰਧੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਹਿਮੀਅਤ ਨੂੰ ਨਾ ਕੇਵਲ ਪਾਰਟੀ ਅੰਦਰ ਸਗੋਂ ਸਮੁੱਚੇ ਦੇਸ਼ ਅਤੇ ਕੌਮਾਂਤਰੀ ਮੰਚ ਉੱਪਰ ਵੀ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦਾ ਫ਼ੈਸਲਾ ਕੀਤਾ। ਫਿਰ ਜਦੋਂ ਪਾਕਿਸਤਾਨੀਆਂ ਨੇ ਬਾਰਾਮੁੱਲਾ ਤੋਂ ਲੈ ਕੇ ਭੁਜ ਤੱਕ ਭਾਰਤੀ ਫ਼ੌਜੀ ਬੁਨਿਆਦੀ ਢਾਂਚੇ ਉੱਪਰ ਡਰੋਨਾਂ ਅਤੇ ਮਿਜ਼ਾਈਲਾਂ ਦਾ ਮੀਂਹ ਵਰ੍ਹਾ ਕੇ ਮੋੜਵਾਂ ਹਮਲਾ ਕੀਤਾ ਤਾਂ ਇਹ ਪ੍ਰਧਾਨ ਮੰਤਰੀ ਹੀ ਸਨ ਜਿਨ੍ਹਾਂ ਨੇ ਹਵਾਈ ਜੰਗ ਨੂੰ ਤੇਜ਼ ਕਰਨ ਦਾ ਫ਼ੈਸਲਾ ਕਰਦੇ ਹੋਏ, ਪਾਕਿਸਤਾਨ ਦੇ 11 ਫ਼ੌਜੀ ਅੱਡਿਆਂ ਤੇ ਰਨਵੇਅਜ਼ ਉੱਪਰ ਬੰਬਾਰੀ ਕੀਤੀ। ਬ੍ਰਹਮੋਸ ਮਿਜ਼ਾਈਲ ਨੇ ਯਕੀਨਨ ਆਪਣਾ ਕੰਮ ਕੀਤਾ ਅਤੇ ਰਾਵਲਪਿੰਡੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਕਾਰਵਾਈ ਕਰਨ ਦਾ ਸਿਹਰਾ ਯਕੀਨਨ ਸ੍ਰੀ ਮੋਦੀ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਉਨ੍ਹਾਂ ਦੇ ਕਰੀਬੀ, ਸ਼ਕਤੀਸ਼ਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਦਰਸਾਇਆ ਕਿ ਕਿਵੇਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਵਿਚਕਾਰ ਕੋਈ ਮਤਭੇਦ ਜਾਂ ਅਸਹਿਮਤੀ ਨਹੀਂ ਹੈ। ਇਹ ਉਵੇਂ ਹੀ ਸੀ ਜਿਵੇਂ ਇੱਕ ਦੂਜੇ ਦੇ ਵਾਕਾਂ ਨੂੰ ਪੂਰਾ ਕਰ ਰਹੇ ਹੋਣ। ਪਾਰਟੀ ਅਤੇ ਦੇਸ਼ ਉੱਪਰ ਇਨ੍ਹਾਂ ਦੋਵਾਂ ਦਾ ਪੂਰਾ ਕੰਟਰੋਲ ਹੈ।
ਅਮਿਤ ਸ਼ਾਹ ਬਾਬਤ ਵਾਰ-ਵਾਰ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਨ੍ਹਾਂ ਦਾ ਹਰ ਅਮਲ ਗਿਣਿਆ-ਮਿਥਿਆ ਹੁੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਉਹ ਪੰਚਾਇਤ ਤੋਂ ਲੈ ਕੇ ਲੋਕ ਸਭਾ ਤੱਕ ਹਰ ਚੋਣ ਲੜਦੇ ਹਨ, ਜਿਵੇਂ ਮਹਾਰਾਸ਼ਟਰ ਦੀ ਬਿਸਾਤ ’ਤੇ ਦਾਅ ਲਾਉਂਦਿਆਂ ਉਹ ਹਰ ਚਾਲ ਚੱਲਣ ’ਤੇ ਤਿੰਨ ਅਗਲੀਆਂ ਚਾਲਾਂ ਬਾਰੇ ਸੋਚਦੇ ਸਨ। ਭਾਰਤ-ਪਾਕਿਸਤਾਨ ਟਕਰਾਅ ਦੇ ਖਾਤਮੇ ਤੋਂ ਕੁਝ ਦਿਨਾਂ ਦੇ ਅੰਦਰ ਹੀ, ਜਿਵੇਂ ਪ੍ਰਧਾਨ ਮੰਤਰੀ ਵੱਲੋਂ ਦੇਸ਼ ਭਰ ਵਿੱਚ ਦੌਰੇ ਕਰ ਕੇ ਹੁਣੇ ਖਤਮ ਹੋਏ ਟਕਰਾਅ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਸ੍ਰੀ ਸ਼ਾਹ ਜ਼ਮੀਨੀ ਪੱਧਰ ’ਤੇ ਨੁਕਸਾਨ ਦਾ ਪਤਾ ਲਾਉਣ ਲਈ ਜੰਮੂ ਖੇਤਰ ਵਿੱਚ ਵਾਪਸ ਆਏ ਹਨ।
ਸ਼ਾਇਦ ਇਨ੍ਹਾਂ ’ਚੋਂ ਕੁਝ ਵੀ ਨਵਾਂ ਨਹੀਂ ਹੈ। 2014 ਵਿੱਚ ਜਦੋਂ ਭਾਜਪਾ ਸੱਤਾ ਵਿੱਚ ਆਈ ਸੀ ਤਾਂ ਉਦੋਂ ਤੋਂ ਹੀ ਮੋਦੀ-ਸ਼ਾਹ ਨੇ ਭਾਜਪਾ ਅਤੇ ਦੇਸ਼ ਉੱਪਰ ਪਕੜ ਬਣਾਈ ਹੋਈ ਹੈ- ਵਿਰੋਧੀ ਧਿਰ ਨੂੰ ਪਾੜ ਕੇ ਰੱਖਿਆ, ਸਮਾਜ ਤੇ ਮੀਡੀਆ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਦੇਵੀ ਦੇਵਤਿਆਂ ਦੇ ਹਵਾਲਿਆਂ ਨਾਲ ਰਾਸ਼ਟਰਵਾਦ ਨੂੰ ਦਰਸਾਇਆ ਹੈ, ਹਾਲਾਂਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਹਿੰਦੂ ਦੇਵਤਿਆਂ ਬਾਰੇ ਸਭ ਤੋਂ ਪਿਆਰੀ ਗੱਲ ਇਹ ਹੈ ਕਿ ਇਹ ਵੀ ਅਪੂਰਨ ਹੁੰਦੇ ਹਨ।
ਅਤੀਤ ਅਤੇ ਵਰਤਮਾਨ ਦੇ ਸਾਰੇ ਪਾਰਟੀ ਪ੍ਰਧਾਨ ਇਹ ਜਾਣਦੇ ਹਨ। ਮੌਜੂਦਾ ਪ੍ਰਧਾਨ ਜੇਪੀ ਨੱਡਾ ਜੋ ਹਿਮਾਚਲ ਪ੍ਰਦੇਸ਼ ਤੋਂ ਇੱਕ ਭੱਦਰਪੁਰਸ਼ ਹਨ, ਨੂੰ ਇਹ ਹੈਰਾਨੀ ਹੋ ਰਹੀ ਹੋਵੇਗੀ ਕਿ ਉਨ੍ਹਾਂ ਦਾ ਵਧਿਆ ਹੋਇਆ ਕਾਰਜਕਾਲ ਕਿੰਨੀ ਕੁ ਦੇਰ ਚੱਲੇਗਾ। ਕਿਹਾ ਜਾ ਰਿਹਾ ਹੈ ਕਿ ਆਰਐੱਸਐੱਸ ਪੂਰੀ ਤਰ੍ਹਾਂ ਮੋਦੀ ਰੇਲ ਵਿੱਚ ਸਵਾਰ ਹੈ, ਉਨ੍ਹਾਂ ਦੇ ਹਿੰਦੁਤਵ ਦਾ ਸੰਦੇਸ਼ ਦੇਸ਼ ਦੀ ਗਲੀ-ਗਲੀ ਵਿੱਚ ਪਹੁੰਚਾਇਆ ਜਾ ਰਿਹਾ ਹੈ ਅਤੇ ਆਪਣੇ ਸ਼ਤਾਬਦੀ ਵਰ੍ਹੇ ਵਿੱਚ ਉਹ ਇਸ ਤੋਂ ਵੱਧ ਹੋਰ ਕਿਸ ਚੀਜ਼ ਦੀ ਖਾਹਿਸ਼ ਕਰ ਸਕਦੇ ਹਨ।
ਚਲੋ ਪਹਿਲੇ ਸਵਾਲ ’ਤੇ ਆਉਂਦੇ ਹਾਂ। ਕਿਉਂ ਭਾਜਪਾ ’ਚ ਕੋਈ ਵੀ, ਇੱਥੋਂ ਤੱਕ ਕਿ ਮੋਦੀ-ਸ਼ਾਹ ਵੀ, ਪੰਜਾਬ ਦੇ ਇੱਕ ਖੂੰਜੇ ’ਚ ਹੋ ਰਹੀ ਜ਼ਿਮਨੀ ਚੋਣ, ਲੁਧਿਆਣਾ ਪੱਛਮੀ, ਵਿੱਚ ਦਿਲਚਸਪੀ ਨਹੀਂ ਲੈ ਰਿਹਾ, ਇਹ ਦੇਖਦੇ ਹੋਏ ਵੀ ਕਿ ਪੰਜਾਬ, ਜੋ ਸੰਵੇਦਨਸ਼ੀਲ ਸਰਹੱਦੀ ਰਾਜ ਹੈ, ਹੁਣੇ-ਹੁਣੇ ਪਾਕਿਸਤਾਨ ਨਾਲ ਲਗਭਗ ਜੰਗ ਵਰਗੇ ਹਾਲਾਤ ’ਚੋਂ ਲੰਘਿਆ ਹੈ, ਚਾਹੇ ਇਹ ਜ਼ਿਆਦਾਤਰ ਹਵਾਈ ਯੁੱਧ ਹੀ ਸੀ ਅਤੇ ਕੋਈ ਹੋਰ ਨਹੀਂ ਬਲਕਿ ਪ੍ਰਧਾਨ ਮੰਤਰੀ ਮੋਦੀ ਖ਼ੁਦ ਟਕਰਾਅ ਖ਼ਤਮ ਹੋਣ ਦੇ ਇੱਕ ਦਿਨ ਦੇ ਅੰਦਰ ਹੀ ਆਦਮਪੁਰ ਆਏ, ਮਹੱਤਵਪੂਰਨ ਸੀ ਕਿਉਂਕਿ ਐੱਸ-400 ਪ੍ਰਣਾਲੀ ਨੇ ਪਾਕਿਸਤਾਨ ਦੀਆਂ ਹਤਫ਼ ਮਿਜ਼ਾਈਲਾਂ ਨੂੰ ਰੋਕੀ ਰੱਖਿਆ?
ਬਿਲਕੁਲ ਦਿਲਚਸਪੀ ਨਾ ਹੋਣ ਦੀ ਗੱਲ ਵਿਚਾਰੋ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਈ ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਤੇ ਉਨ੍ਹਾਂ ਦੀ ਜਗ੍ਹਾ ਭਰਨ ਲਈ ਕੋਈ ਹਲਚਲ ਨਹੀਂ ਹੋਈ। ਬੇਖੌਫ਼ ਅਮਰਿੰਦਰ ਸਿੰਘ, ਜਿਨ੍ਹਾਂ ਕਾਂਗਰਸ ਨੂੰ ਸਬਕ ਸਿਖਾਉਣ ਲਈ ਇਸ ਨੂੰ ਛੱਡਿਆ ਸੀ ਤੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਸੀ, ਰਾਜਨੀਤੀ ਦੀ ਗਹਿਮਾ-ਗਹਿਮੀ ਤੇ ਗੁਬਾਰ ਤੋਂ ਕਿਤੇ ਦੂਰ ਹਨ ਤੇ ਸੈਰ-ਸਪਾਟੇ ਦੀ ਯੋਜਨਾਬੰਦੀ ’ਚ ਰੁੱਝੇ ਹਨ। ਗੁਜਰਾਤ ਤੋਂ ਆਇਆ ਵਿਜੈ ਰੂਪਾਣੀ ਜੋ ਪੰਜਾਬ ਭਾਜਪਾ ਦਾ ਇੰਚਾਰਜ ਹੈ, ਬੋਰੀਅਤ ’ਚ ਖਿੱਝ ਕੇ ਕਿਤੇ ਲੁਕ-ਛਿਪ ਜਾਂਦਾ ਹੈ, ਪਰ ਸਾਰੇ ਉਸ ਨੂੰ ਦੇਖ ਸਕਦੇ ਹਨ।
ਲੁਧਿਆਣਾ ਪੱਛਮੀ ਹਲਕਾ ਜ਼ਿਆਦਾਤਰ ਹਿੰਦੂ ਬਹੁਗਿਣਤੀ ਵਾਲਾ ਹੈ, ਲਗਭਗ 85 ਪ੍ਰਤੀਸ਼ਤ, 18 ਮਹੀਨਿਆਂ ਬਾਅਦ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਖਾਤਾ ਖੋਲ੍ਹਣ ਦੀ ਸਹੀ ਜਗ੍ਹਾ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਨੇ ਜ਼ਿਆਦਾ ਮਾੜੀ ਕਾਰਗੁਜ਼ਾਰੀ ਨਹੀਂ ਦਿਖਾਈ ਸੀ, ਕਰੀਬ 18 ਪ੍ਰਤੀਸ਼ਤ ਵੋਟਾਂ ਲਈਆਂ ਸਨ। ਪ੍ਰਧਾਨ ਮੰਤਰੀ, ਜਿਨ੍ਹਾਂ ਐਮਰਜੈਂਸੀ ਦੌਰਾਨ ਪੰਜਾਬ ਵਿੱਚ ਕਾਫ਼ੀ ਵਕਤ ਬਿਤਾਇਆ, ਕਿਹਾ ਜਾਂਦਾ ਹੈ ਕਿ ਪੰਜਾਬ ਲਈ ਉਨ੍ਹਾਂ ਦੇ ਮਨ ’ਚ ਖ਼ਾਸ ਜਗ੍ਹਾ ਹੈ ਪਰ ਸਾਫ਼ ਤੌਰ ’ਤੇ ਆਤਮ-ਵਿਸ਼ਵਾਸ ਦੀ ਘਾਟ ਹੈ।
ਮੰਨਿਆ ਜਾ ਰਿਹਾ ਹੈ ਕਿ ਲੁਧਿਆਣੇ ਦਾ ਮੁੰਡਾ ਵਿਕਰਮ ਸੰਧੂ ਪੱਛਮੀ ਹਲਕੇ ਤੋਂ ਉਮੀਦਵਾਰ ਹੋ ਸਕਦਾ ਹੈ- ਉਸ ਨੇ ਪਿਛਲੀ ਵਾਰ ਵੀ ਚੋਣ ਲੜੀ ਸੀ- ਸਿਵਾਏ ਇਸ ਦੇ ਕਿ ਸਥਾਨਕ ‘ਸੰਗਠਨ’ ਜਾਂ ਆਰਐੱਸਐੱਸ ਪ੍ਰਤੀਨਿਧੀ, ਮੰਤਰੀ ਸ੍ਰੀਨਿਵਾਸੁਲੂ ਇਸ ਨੂੰ ਮਨਜ਼ੂਰ ਨਾ ਕਰਨ। ਸ੍ਰੀਨਿਵਾਸੁਲੂ ਇਸ ਦੀ ਥਾਂ ਜੀਵਨ ਗੁਪਤਾ ਨੂੰ ਪਸੰਦ ਕਰਦੇ ਹਨ ਜੋ ਇੱਕ ਹੋਰ ਮੁਕਾਮੀ ਬਾਸ਼ਿੰਦਾ ਹੈ; ਉਹ ਪੂਰੀ ਤਰ੍ਹਾਂ ‘ਸੰਗਠਨ’ ਨੂੰ ਸਮਰਪਿਤ ਹੈ, ਪਰ ਇਸ਼ਾਰਾ ਮਿਲੇ ਤਾਂ, “ਦਸ ਵੋਟਾਂ ਵੀ ਸ਼ਾਇਦ ਨਾ ਮਿਲਣ”।
ਇਸ ਦੌਰਾਨ ਸ੍ਰੀਨਿਵਾਸੁਲੂ ਪੰਜਾਬ ਭਾਜਪਾ ’ਚ ਸਭ ਤੋਂ ਜ਼ਿਆਦਾ ਨਾ-ਪਸੰਦ ਕੀਤੇ ਗਏ ਹਨ। ਰੱਬ ਤੋਂ ਡਰਨ ਵਾਲਾ, ਤੇਲਗੂ ਭਾਸ਼ੀ ਭਲਾਮਾਣਸ, ਉਸ ਨੇ ਚਾਅ ਨਾਲ ਮੀਲਾਂ ਗਾਹੇ ਹਨ, ਪਿੰਡਾਂ ਦੇ ਪਿੰਡ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਇਹ ਅਸਲ ’ਚ ਉਸ ਦੀ ਗ਼ਲਤੀ ਨਹੀਂ ਹੈ। ਉਹ ਪੰਜਾਬੀਆਂ ਲਈ ਬੁਝਾਰਤ ਬਣਿਆ ਹੋਇਆ ਹੈ ਤੇ ਪੰਜਾਬੀ ਉਸ ਲਈ ਬੁਝਾਰਤ ਹਨ। ਇੱਥੇ ਨਿਊਟਨ ਦਾ ਤੀਜਾ ਸਿਧਾਂਤ ਲਾਗੂ ਹੁੰਦਾ ਹੈ; ਹਰੇਕ ਕਿਰਿਆ ਦੀ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ।
ਬੇਸ਼ੱਕ, ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਪੰਜਾਬ ਅਤੇ ਆਂਧਰਾ ਪ੍ਰਦੇਸ਼ ’ਚੋਂ ਗੁਜ਼ਰਦਿਆਂ, ਭਾਰਤ ਇੱਕ ਹੀ ਹੈ, ਪਰ ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ‘ਮੈਗੀ’ ਵਿੱਚ ਕੁਝ ਲੋਕਲ ਸੁਆਦ ਹਮੇਸ਼ਾ ਚੰਗਾ ਲੱਗਦਾ ਹੈ।
ਦੁਬਾਰਾ ਫੇਰ ਅਸਲ ਸਵਾਲ ’ਤੇ ਆਉਂਦੇ ਹਾਂ। ਭਾਜਪਾ ਲੁਧਿਆਣਾ ਪੱਛਮੀ ਚੋਣ ਲੜਨ ਵਿੱਚ ਦਿਲਚਸਪੀ ਕਿਉਂ ਨਹੀਂ ਲੈ ਰਹੀ? ਸ਼ਾਇਦ ਇਸ ਨੂੰ ਯੋਗ ਉਮੀਦਵਾਰ ਨਹੀਂ ਮਿਲ ਸਕਿਆ। ਇਸ ਤਰ੍ਹਾਂ ਨਹੀਂ ਕਿ ਇਹ ਕਿਸੇ ਵਿਆਪਕ ਅਲਾਮਤ ਦਾ ਹਿੱਸਾ ਹੈ; ਗੱਲ ਇਹ ਹੈ ਕਿ ਪੰਜਾਬ ਕੋਲ ਸਿਰਫ਼ 13 ਲੋਕ ਸਭਾ ਸੀਟਾਂ ਹਨ ਤੇ ਅਕਾਲੀ ਦਲ ਤੋਂ ਬਿਨਾਂ ਇਸ ਨੂੰ ਪੰਜਾਬ ਦੇ ਸਿੱਖ ਬਹੁਗਿਣਤੀ ਵਾਲੇ ਪਿੰਡਾਂ ਵਿੱਚ ਵੜਨਾ ਮੁਸ਼ਕਿਲ ਲੱਗ ਰਿਹਾ ਹੈ।
ਸ਼ਾਇਦ ਉੱਤੇ ਲਿਖਿਆ ਕੁਝ ਵੀ ਸੱਚ ਨਾ ਹੋਵੇ ਤੇ ਅਸਲ ਕਾਰਨ ਇਹ ਹੈ ਕਿ ਪੰਜਾਬੀ ਸਦੀਆਂ ਤੋਂ ਦਿੱਲੀ ਦਰਬਾਰ ਦਾ ਵਿਰੋਧ ਕਰਨ ਦੇ ਐਨੇ ਆਦੀ ਹੋ ਚੁੱਕੇ ਹਨ ਕਿ ਉਨ੍ਹਾਂ ਲਈ ਭਗਵਾਂ ਪਾਰਟੀ ਤੋਂ ਨਾਬਰ ਹੋਣਾ ਵਧੇਰੇ ਸੌਖਾ ਹੈ। ਫਿਰ ਭਾਜਪਾ ਆਖ਼ਿਰ ਕਿਉਂ ਇਸ ਹਾਲਤ ਨੂੰ ਬਦਲਣਾ ਨਹੀਂ ਚਾਹੁੰਦੀ?
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।