For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

11:32 AM Feb 07, 2023 IST
ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ
Advertisement

ਡਾ. ਸ਼ਿਆਮ ਸੁੰਦਰ ਦੀਪਤੀ

Advertisement

ਕਿਸੇ ਵੀ ਮੁਲਕ/ਸਮਾਜ ਬਾਰੇ ਅੰਦਾਜ਼ਾ ਉਸ ਦੇ ਸ਼ਹਿਰਾਂ ਵਿਚ ਲੱਗੇ ਪੋਸਟਰਾਂ/ਬੈਨਰਾਂ ਤੋਂ ਲਗਾਇਆ ਜਾ ਸਕਦਾ ਹੈ। ਅਜੋਕੇ ਪੰਜਾਬ ਬਾਰੇ ਗੱਲ ਕਰੀਏ ਤਾਂ ਸਭ ਤੋਂ ਵੱਧ ਗਿਣਤੀ ਆਈਲੈੱਟਸ ਸੈਂਟਰਾਂ, ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਹੋਵੇਗੀ। ਇਸ ਦੇ ਨਾਲ ਹੀ ਗਲੀ-ਮੁਹੱਲੇ ਵਿਚ ਖੁੱਲ੍ਹੇ ਜਿੰਮ ਵੀ ਨਜ਼ਰ ਪੈਣਗੇ। ਨਸ਼ਾ ਛੁਡਾਊ ਕੇਂਦਰਾਂ ਦੀ ਗੱਲ ਕਰੀਏ ਤਾਂ ਉਹ ਵੀ ਦਿਨ-ਬ-ਦਿਨ ਵਧ ਰਹੇ ਹਨ; ਨਾਲ ਹੀ ਨਵੇਂ ਬੁਢਾਪਾ ਘਰ ਖੋਲ੍ਹਣ ਦੀ ਮੰਗ ਵੀ ਸਰਕਾਰ ਕੋਲੋਂ ਕੀਤੀ ਜਾਣ ਲੱਗੀ ਹੈ। ਇਕ ਪੱਖ ਜੋ ਹੋਰ ਹੈ, ਇਹ ਹੈ ਤਾਂ ਭਾਵੇਂ ਬੜੇ ਸਾਕਾਰਾਤਮਕ ਤੇ ਸਾਰਥਕ ਹਾਲਤ ਵਾਲਾ ਜਿਵੇਂ ਉਮੀਦ, ਵਰਦਾਨ ਆਦਿ ਪਰ ਇਹ ਪੰਜਾਬ ਵਿਚ ਘਟ ਰਹੀ ਪ੍ਰਜਨਣ ਦਰ ਜਾਂ ਕਹੀਏ ਬਾਂਝਪੁਣੇ ਦੇ ਇਲਾਜ ਕੇਂਦਰਾਂ ਦਾ ਸੰਕੇਤ ਹੈ। ਇਹ ਸਾਰੇ ਹੀ ਸਿੱਧੇ-ਅਸਿੱਧੇ ਨੌਜਵਾਨੀ ਨਾਲ ਜੁੜੇ ਵਰਤਾਰੇ ਹਨ।

ਸਾਡੇ ਕੋਲ ਪੰਜਾਬ ਦੀ ਜਵਾਨੀ ਦਾ ਉਹ ਦ੍ਰਿਸ਼ ਹੈ ਜੋ ਪ੍ਰੋਫੈਸਰ ਪੂਰਨ ਸਿੰਘ ਨੇ ਚਿਤਰਿਆ ਹੈ: ਬੇਪਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਕਰਨ ਮਖੌਲਾਂ। ਜਾਪਦਾ ਹੈ, ਇਹ ਕਵੀ ਨੇ ਕਿਸੇ ਕਲਪਨਾ ਵਿਚ ਲਿਖਿਆ ਹੈ ਕਿਉਂ ਜੋ ਅਜੋਕੇ ਪੰਜਾਬੀ ਨੌਜਵਾਨ ਇਸ ਤਸਵੀਰ ਦੇ ਮੇਚ ਨਹੀਂ ਆਉਂਦੇ। ਪ੍ਰੋਫੈਸਰ ਪੂਰਨ ਸਿੰਘ ਹੀ ਨਹੀਂ, ਹੋਰ ਵੀ ਅਨੇਕਾਂ ਲਿਖਤਾਂ ਵਿਚ ਪੰਜਾਬ ਦੇ ਗੱਭਰੂ/ਮੁਟਿਆਰਾਂ ਦਾ ਭਰਵਾਂ ਜ਼ਿਕਰ ਮਿਲਦਾ ਹੈ; ਉਨ੍ਹਾਂ ਦੇ ਜੁੱਸੇ ਤੋਂ ਲੈ ਕੇ ਦਲੇਰੀ ਤੱਕ, ਜਿਵੇਂ ਪੰਜਾਬ ਵਿਚ ਪ੍ਰਚਲਿਤ ਅਖਾਣ ਹੈ- ‘ਖਾਧਾ-ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’। ਫ਼ੱਕਰਪੁਣਾ ਤੇ ਬੇਪਰਵਾਹੀ, ਮੌਤ ਨਾਲ ਮਖੌਲਾਂ ਕਰਨ ਵਾਲਾ ਪਿਛੋਕੜ ਵੀ ਸਮਝ ਸਕਦੇ ਹਾਂ: ਹਿੰਦੋਸਤਾਨ ਨੂੰ ਲੁੱਟਣ ਜਾਂ ਰਾਜ ਕਰਨ ਜੋ ਵੀ ਧਾੜਵੀ ਜਾਂ ਦੁਸ਼ਮਣ ਆਏ, ਪੰਜਾਬ ਦੇ ਰਾਹ ਤੋਂ ਹੀ ਆਉਂਦੇ ਰਹੇ ਹਨ ਤੇ ਉਨ੍ਹਾਂ ਦਾ ਸਾਹਮਣਾ ਪੰਜਾਬੀਆਂ ਨਾਲ ਹੀ ਹੁੰਦਾ ਰਿਹਾ ਹੈ।

ਮੁਲਕ ਵਿਚ ਭਾਵੇਂ ਮੁਗਲ ਵੀ ਰਹੇ ਤੇ ਅੰਗਰੇਜ਼ ਵੀ ਪਰ ਅੰਗਰੇਜ਼ੀ ਹਕੂਮਤ ਨਾਲ ਟਾਕਰਾ ਲੈਣ ਦੀ ਗੱਲ ਵੀ ਪੰਜਾਬ ਦੇ ਮਾਣਮੱਤੇ ਇਤਿਹਾਸ ਵਿਚ ਪਈ ਹੈ। ‘ਪਗੜੀ ਸੰਭਾਲ ਜੱਟਾ’ ਤੋਂ ਲੈ ਕੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਊਧਮ ਸਿੰਘ ਦੀਆਂ ਕਥਾਵਾਂ ਇਸ ਧਰਤੀ ਦੇ ਨੌਜਵਾਨਾਂ ਦੀ ਬਾਤ ਪਾਉਂਦੀਆਂ ਹਨ। ਪੰਜਾਬ ਦੀ ਇਸ ਨੌਜਵਾਨੀ ਦੀ ਹਿੰਮਤ ਦਾ ਹਰਜਾਨਾ ਹੀ ਕਹਾਂਗੇ ਜੋ ਪੰਜਾਬ ਨੂੰ ਦੋ ਟੋਟਿਆਂ ਵਿਚ ਵੰਡਿਆ ਗਿਆ ਭਾਵੇਂ ਇਸ ਪਿੱਛੇ ਮੁਲਕ ਦੀ ਆਪਣੀ ਸਿਆਸਤ ਵੀ ਹਿੱਸੇਦਾਰ ਹੈ।

ਅਜੋਕੇ ਹਾਲਾਤ ਮੁਤਾਬਿਕ, ਨਜ਼ਰ ਆ ਰਹੀਆਂ ਅਲਾਮਤਾਂ ਦੀ ਗੱਲ ਕਰਨੀ ਹੋਵੇ ਤਾਂ ਸਮਝ ਨਹੀਂ ਆਉਂਦੀ ਕਿ ਤੰਦ ਕਿਥੋਂ ਫੜੀ ਜਾਵੇ। ਇਹ ਸਾਰੇ ਆਪਸ ਵਿਚ ਉਲਝੇ ਅਤੇ ਇਕ ਦੂਸਰੇ ਤੋਂ ਪੈਦਾ ਹੋਏ ਵਰਤਾਰੇ ਹਨ। ਫਿਰ ਵੀ ਇਕ ਮੁੱਦਾ ਜੋ ਤਕਰੀਬਨ ਤੀਹ ਕੁ ਸਾਲਾਂ ਤੋਂ ਕਾਫ਼ੀ ਉਭਰਿਆ ਹੈ ਤੇ ਉਸ ਨੂੰ ਮੁੱਦਾ ਬਣਾ ਕੇ ਕਈ ਸਰਕਾਰਾਂ ਬਣੀਆਂ ਹਨ, ਨਸ਼ਿਆਂ ਦਾ ਮੁੱਦਾ ਹੈ।

ਨਸ਼ੇ ਦੀ ਵਰਤੋਂ ਦਾ ਮਸਲਾ ਕੋਈ ਦਹਾਕਿਆਂ ਜਾਂ ਸਦੀਆਂ ਦਾ ਨਹੀਂ। ਅਫੀਮ ਦਾ ਇਤਿਹਾਸ ਤਿੰਨ ਹਜ਼ਾਰ ਸਾਲ ਦਾ ਹੈ ਤੇ ਤਕਰੀਬਨ ਇੰਨਾ ਹੀ ਸ਼ਰਾਬ ਦਾ। ਸ਼ਰਾਬ ਤਾਂ ਹੁਣ ਸਾਡੇ ਖਿੱਤੇ ਦੇ ਸੱਭਿਆਚਾਰ ਦਾ ਹਿੱਸਾ ਹੈ। ਸ਼ਰਾਬ ਤੋਂ ਬਿਨਾ ਤਾਂ ਹੁਣ ਪ੍ਰਾਹੁਣਾਚਾਰੀ ਪੂਰੀ ਨਹੀਂ ਸਮਝੀ ਜਾਂਦੀ। ‘ਖਾਧਾ-ਪੀਤਾ’ ਵਾਲੇ ਅਖਾਣ ਵਿਚ ਸ਼ਰਾਬ ਵੀ ਸ਼ਾਮਿਲ ਹੈ। ਜਿਥੋਂ ਤਕ ਅਫੀਮ ਦੀ ਗੱਲ ਹੈ, ਇਸ ਦੀ ਖੇਤੀ ਵੀ ਹੁੰਦੀ ਰਹੀ ਹੈ ਤੇ ਇਹ ਦਵਾ ਪ੍ਰਣਾਲੀ ਦਾ ਹਿੱਸਾ ਵੀ ਰਹੀ ਹੈ। ਦੋ-ਚਾਰ ਅਮਲੀ ਤਾਂ ਹਰ ਪਿੰਡ ਦਾ ਹਿੱਸਾ ਹਮੇਸ਼ਾ ਰਹੇ ਹਨ।

ਅਸਲ ਵਿਚ, ਨਸ਼ੇ ਉਦੋਂ ਸਮੱਸਿਆ ਬਣ ਕੇ ਉਭਰੇ ਹਨ ਜਦੋਂ ਇਨ੍ਹਾਂ ਦਾ ਗੈਰ-ਸਮਾਜਿਕ ਤੇ ਗੈਰ-ਕਾਨੂੰਨੀ ਰੂਪ, ਸਮੈਕ ਤੇ ਹੈਰੋਇਨ ਬਣਨੇ ਤੇ ਮਿਲਣੇ ਸ਼ੁਰੂ ਹੋਏ। ਨਸ਼ਿਆਂ ਦੀਆਂ ਇਨ੍ਹਾਂ ਕਿਸਮਾਂ ਨੂੰ ‘ਮਨੋਵਿਗਿਆਨਕ ਯੁੱਧ’ ਤਹਿਤ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਵਰਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੀ ਇੰਨੀ ਗੰਭੀਰ ਸਮੱਸਿਆ ਨੂੰ ਸਾਡੇ ਸਿਆਸਤਦਾਨਾਂ ਨੇ ਸੰਜੀਦਗੀ ਨਾਲ ਨਹੀਂ ਲਿਆ ਤੇ ਨਤੀਜਾ ਸਾਹਮਣੇ ਹੈ- ਸਮੱਸਿਆ ਜਿਉਂ ਦੀ ਤਿਉਂ ਹੈ। ਹਰ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਸ਼ੇ ਰੋਕੇ ਨਹੀਂ ਜਾ ਰਹੇ। ਕੁਝ ਕੁ ਸਾਲ ਪਹਿਲਾਂ ਤਕ ਪੰਜਾਬ ਦੇ ਮਨੋਰੋਗ ਵਿਭਾਗ ਨਾਲ ਉਨ੍ਹਾਂ ਦੀ ਨਿਗਰਾਨੀ ਹੇਠ ਨਸ਼ਾ ਛੁਡਾਊ ਕੇਂਦਰ ਹੁੰਦੇ ਸਨ, ਅੱਜ ਇਹ ਹਰ ਜਿ਼ਲ੍ਹੇ ਵਿਚ ਹਨ ਅਤੇ ਮੈਡੀਕਲ ਕਾਲਜਾਂ ਨਾਲੋਂ ‘ਬਿਹਤਰੀਨ ਨਸ਼ਾ ਛੁਡਾਊ ਕੇਂਦਰ’ ਹਨ। ਇਸ ਨੂੰ ਪ੍ਰਾਪਤੀ ਕਹਿ ਕੇ ਵਡਿਆਇਆ ਜਾਂਦਾ ਹੈ।

ਨਸ਼ਿਆਂ ਦੀ ਵਧ ਰਹੀ ਵਰਤੋਂ ਦਾ ਇਕ ਨਤੀਜਾ ਇਹ ਹੈ ਕਿ ਪੰਜਾਬ ਵਿਚ ਨੌਜਵਾਨਾਂ ਦਾ ਪਰਵਾਸ ਲਗਾਤਾਰ ਵਧ ਰਿਹਾ ਹੈ। ਇਸ ਦਾ ਅੰਦਾਜ਼ਾ ਆਈਲੈੱਟਸ ਸੈਂਟਰਾਂ ਅਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀਆਂ ਦੁਕਾਨਾਂ ਤੋਂ ਲੱਗ ਸਕਦਾ ਹੈ। ਪਰਵਾਸ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ। ਸੌ ਸਾਲਾਂ ਪਹਿਲਾਂ ਤਾਂ ਅਮਰੀਕਾ ਕੈਨੇਡਾ ਵੱਲ ਉਡਾਣਾਂ ਜਾਣ ਲੱਗ ਪਈਆਂ ਸਨ, ਇਸ ਤੋਂ ਪਹਿਲਾਂ ਬ੍ਰਿਟੇਨ ਵੱਲ ਉਡਾਣਾਂ ਜਾ ਰਹੀਆਂ ਸਨ ਪਰ ਜਿਸ ਰਫ਼ਤਾਰ ਨਾਲ ਪਿਛਲੇ ਕੁਝ ਕੁ ਸਾਲਾਂ ਤੋਂ ਪਰਵਾਸ ਵਧਿਆ ਹੈ, ਉਸ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਇਸ ਨਾਲ ਪੰਜਾਬ ਦੇ ਭਵਿੱਖ ਦੀ ਨਵੀਂ ਤਸਵੀਰ ਉੱਭਰ ਰਹੀ ਹੈ।

ਨੌਜਵਾਨਾਂ ਦੇ ਪਰਵਾਸ ਦੀ ਕਹਾਣੀ ਪੰਜਾਬ ਦੇ ਅਤਿਵਾਦ ਦੇ ਸਮੇਂ ਨਾਲ ਜ਼ਰੂਰ ਜੁੜਦੀ ਹੈ; ਫਿਰ ਨੌਜਵਾਨਾਂ ਦਾ ਇਥੇ ਆ ਕੇ ਡਾਲਰਾਂ ਦੇ ਰੰਗ ਦਿਖਾਉਣ ਨਾਲ ਹੋਰ ਨੌਜਵਾਨਾਂ ਨੇ ਵੀ ਇਸ ਪਾਸੇ ਰਾਹ ਬਣਾਇਆ। ਪੰਜਾਬ ਦੀ ਆਰਥਿਕ ਅਤੇ ਸਿਆਸੀ ਵਿਵਸਥਾ ਨੇ ਇਸ ਪੱਖ ਨੂੰ ਅਣਗੌਲਿਆਂ ਕੀਤਾ ਸਗੋਂ ਅਜਿਹਾ ਮਾਹੌਲ ਉਸਾਰਿਆ ਕਿ ਪਰਵਾਸ ਵੱਲ ਦੌੜ ਹੋਰ ਤੇਜ਼ ਹੋ ਗਈ। ਨਸ਼ਿਆਂ ਦੀ ਭੂਮਿਕਾ ਇੰਨੀ ਕੁ ਹੈ ਕਿ ਇਸ ਨੇ ਨੌਜਵਾਨਾਂ ਤੋਂ ਵੱਧ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਰਿਆ ਕਿ ਉਨ੍ਹਾਂ ਦੇ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਸੁਰੱਖਿਅਤ ਨਸ਼ਿਆਂ ਵਾਲੀ ਇਸ ਜ਼ਮੀਨ ਤੋਂ ਉੱਡ ਜਾਣ; ਭਾਵੇਂ ਉਹੀ ਮਾਪੇ ਹੁਣ ਪਛਤਾ ਰਹੇ ਹਨ ਕਿ ਘਰ ਖਾਲੀ ਹੋ ਰਹੇ ਹਨ! ਹੁਣ ਤਾਂ ਟਾਵਾਂ ਟਾਂਵਾਂ ਘਰ ਹੀ ਹੋਵੇਗਾ ਜਿਥੇ ਕੋਈ ਪੂਰਾ ਪਰਿਵਾਰ ਰਹਿੰਦਾ ਹੋਵੇ। ਪਹਿਲਾਂ ਪਰਵਾਸ ਕਰਦੇ ਲੋਕ ਪੰਜਾਬ ਨਾਲ ਜੁੜੇ ਰਹਿੰਦੇ ਸਨ, ਇਥੋਂ ਦੀ ਪਰਵਾਹ ਵੀ ਕਰਦੇ ਸਨ। ਹੁਣ ਨੌਜਵਾਨ ਚਾਹੁੰਦੇ ਹਨ ਕਿ ਸਭ ਕੁਝ ਵੇਚ-ਵੱਟ ਕੇ ਸਾਰੇ ਹੀ ਵਿਦੇਸ਼ ਪੁੱਜ ਜਾਣ। ਵਿਦੇਸ਼ ਦੀਆਂ ਸਰਕਾਰਾਂ ਵੀ ਇਸ ਲਈ ਉਤਸ਼ਾਹਿਤ ਕਰ ਰਹੀਆਂ ਹਨ।

ਨਸ਼ੇ ਦੀ ਸ਼ੁਰੂਆਤ ਨੂੰ ਲੈ ਕੇ ਅਕਸਰ ਨੌਜਵਾਨਾਂ ਨੂੰ ਹੀ ਇਸ ਦਾ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਇਸ ਦਾ ਅੰਦਾਜ਼ਾ ਕੁਝ ਕੁ ਸਵਾਲਾਂ ਦੇ ਜਵਾਬਾਂ ਤੋਂ ਲਗਾ ਸਕਦੇ ਹਾਂ:

-ਕੀ ਨੌਜਵਾਨਾਂ ਨੂੰ ਇਨ੍ਹਾਂ ਦੀ ਵਰਤੋਂ ਦਾ ਫਾਇਦਾ ਹੈ ਕਿ ਉਹ ਇਨ੍ਹਾਂ ਦੀ ਲੋਰ ਵਿਚ, ਰੰਗ-ਬਿਰੰਗੀ ਦੁਨੀਆ ਵਿਚ ਆਪਣਾ ਸਮਾਂ ਕੱਟਦੇ ਮਸਤ ਰਹਿੰਦੇ ਹਨ?

-ਕੀ ਨੌਜਵਾਨਾਂ ਦੇ ਮਾਪਿਆਂ ਨੂੰ ਇਸ ਦਾ ਫਾਇਦਾ ਹੈ ਜੋ ਇਨ੍ਹਾਂ ਦੇ ਮੋਢਿਆਂ ‘ਤੇ ਪਰਿਵਾਰ ਦੀ ਜਿ਼ੰਮੇਵਾਰੀ ਦੇਣ ਲਈ ਟੇਕ ਲਾਈ ਬੈਠੇ ਹਨ?

-ਕੀ ਸਮਾਜ ਨੂੰ ਇਹ ਇਨ੍ਹਾਂ ਨਸ਼ਿਆਂ ਦੀ ਵਰਤੋਂ ਦਾ ਫਾਇਦਾ ਹੈ ਜਿਸ ਨੂੰ ਭਰੋਸਾ ਹੈ ਕਿ ਹੁਣ ਇਹ ਚੰਗੇ ਸਮਾਜ ਵਿਚ ਹਿੱਸਾ ਪਾਉਣਗੇ?

-ਕੀ ਪ੍ਰਸ਼ਾਸਨ ਨੂੰ ਫਾਇਦਾ ਹੈ ਕਿ ਇਹ ਜੋਸ਼ੀਲੇ ਨੌਜਵਾਨ ਉਨ੍ਹਾਂ ਦੀ ਨੀਂਦ ਹਰਾਮ ਨਹੀਂ ਕਰਨਗੇ ਤੇ ਨਸ਼ਿਆਂ ਵਿਚ ਝੂਮਦੇ ਰਹਿਣਗੇ ਤੇ ਆਪਣੀ ਹੀ ਦੁਨੀਆ ਵਿਚ ਰੁੱਝੇ ਰਹਿਣਗੇ?

-ਕੀ ਸਿਆਸਤਦਾਨਾਂ ਨੂੰ ਫਾਇਦਾ ਹੈ ਜੋ ਸੱਤਾ ਚਾਹੁੰਦੇ ਹਨ ਜਿਸ ਲਈ ਨੌਜਵਾਨਾਂ ਦਾ ਬਾਹੂਬਲ ਵੀ ਚਾਹੀਦਾ ਹੈ ਤੇ ਨਸ਼ੇ ਦੀ ਸਮਗਲਿੰਗ ਰਾਹੀਂ ਕਾਲਾ ਪੈਸਾ ਵੀ।

ਇਨ੍ਹਾਂ ਤੱਥਾਂ ਦੇ ਮੱਥੇਨਜ਼ਰ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਰਿਵਾਰ, ਸਮਾਜ ਅਤੇ ਸੱਤਾ ਵਿਚ ਕਿਸ ਦਾ ਕਿਰਦਾਰ ਅਜਿਹਾ ਹੈ ਜੋ ਦੇਸ਼ ਦਾ ਵਿਕਾਸ ਚਾਹੁੰਦਾ ਹੈ ਤੇ ਲੋਕਾਂ ਦੀ ਤਰੱਕੀ ਦੇਖਣ ਦਾ ਚਾਹਵਾਨ ਹੈ। ਨਿਸ਼ਚੇ ਹੀ ਇਹ ਸੱਤਾ ਹੈ ਤੇ ਉਸ ਦਾ ਸਹਿਯੋਗੀ ਪ੍ਰਸ਼ਾਸਨ। ਉਹ ਕਿਉਂ ਚਾਹੁਣਗੇ ਕਿ ਹਾਲਾਤ ਵਿਚ ਸੁਧਾਰ ਹੋਵੇ ਜਾਂ ਤਬਦੀਲੀ ਆਵੇ। ਨਸ਼ਿਆਂ ਦੀ ਬੇਤਹਾਸ਼ਾ ਵਰਤੋਂ ਅਤੇ ਪਰਵਾਸ ਦਾ ਨਤੀਜਾ ਬੁੱਢਿਆਂ ਦਾ ਇਕੱਲੇ ਰਹਿ ਜਾਣਾ ਹੈ। ਨਾਲ ਘੱਟ ਰਹੀ ਪ੍ਰਜਨਣ ਦਰ ਦੀ ਜੋ ਗੱਲ ਹੋ ਰਹੀ ਹੈ, ਜੇ ਇਸ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਨਸ਼ਿਆਂ ਰਾਹੀਂ ਵਧ ਰਹੀ ਨਿਪੁਸੰਕਤਾ, ਪਰਵਾਸ ਅਤੇ ਵਿਆਹ ਦੀ ਉਮਰ ਵਿਚ ਵਾਧਾ ਵੀ ਕਾਰਨ ਹਨ।

ਨੌਜਵਾਨਾਂ ਦੇ ਸਮੇਂ ਨੂੰ ਹੋਸ਼ ਬਨਾਮ ਜੋਸ਼ ਦੇ ਰੂਪ ਵਿਚ ਵੀ ਪੇਸ਼ ਕੀਤਾ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਇਹ ਉਮਰ ਜੋਸ਼ ਦੀ ਹੈ, ਹੋਸ਼ ਦੀ ਨਹੀਂ। ਇਹ ਗੱਲ ਦਰੁਸਤ ਨਹੀਂ ਸਗੋਂ ਭਟਕਾਉਣ ਵਾਲੀ ਹੈ। ਇਕ ਤੱਥ ਇਹ ਵੀ ਹੈ ਕਿ ਦੁਨੀਆ ਵਿਚ ਜਿੰਨੀਆਂ ਵੀ ਨਵੀਆਂ ਖੋਜਾਂ ਹੋਈਆਂ ਹਨ ਜਾਂ ਨਵੇਂ ਰਾਹਾਂ ਦੀ ਤਲਾਸ਼ ਹੋਈ ਹੈ, ਉਹ ਚਾਹੇ ਵਿਗਿਆਨ ਸੀ ਜਾਂ ਸਮਾਜ ਤੇ ਰਾਜਨੀਤੀ, ਉਹ ਰਾਹ ਇਸ ਜਵਾਨੀ ਨੇ ਹੀ ਖੋਜੇ ਹਨ। ਸਾਡੇ ਕੋਲ ਹਰ ਖੇਤਰ ਵਿਚ ਅਨੇਕਾਂ ਉਦਾਹਰਨਾਂ ਹਨ ਪਰ ਅਸੀਂ ਦੇਖ ਸਕਦੇ ਹਾਂ ਕਿ ਇਸ ਉਮਰ ਦੇ ਜੋਸ਼ੀਲੇ ਪੱਖ ਨੂੰ ਸਿਆਸਤ ਆਪਣੇ ਵਿਦਿਆਰਥੀ ਵਿੰਗ ਬਣਾ ਕੇ ਇਸਤੇਮਾਲ ਕਰਦੀ ਹੈ। ਇਨ੍ਹਾਂ ਦੀ ਸੋਚ ਨੂੰ ਸਹੀ ਰਾਹ ਨਾ ਦਿਖਾ ਕੇ ਇਨ੍ਹਾਂ ਨੂੰ ਭੀੜ ਦੇ ਰੂਪ ਵਿਚ ਵੱਧ ਵਰਤਿਆ ਜਾਂਦਾ ਹੈ।

ਇਸ ਵਿਗੜੇ ਹੋਏ ਮਾਹੌਲ ਨੇ ਜਿਥੇ ਹੋਰ ਨੁਕਸਾਨ ਕੀਤੇ ਹਨ, ਉਥੇ ਪੰਜਾਬ ਨੂੰ ਪਰਵਾਸ ਦਾ ਰਾਹ ਵੀ ਦਿਖਾਇਆ ਹੈ। ਹਰ ਸਾਲ ਕੁਝ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ ਤੇ ਕੁਝ ਪਰਵਾਸ ਕਰ ਰਹੇ ਹਨ; ਨਤੀਜੇ ਵਜੋਂ ਪੰਜਾਬ ਵਿਚ ਨੌਜਵਾਨਾਂ ਦੀ ਤਾਦਾਦ ਘਟ ਰਹੀ ਹੈ। ਇਸ ਦਾ ਅਸਿੱਧਾ ਪੈਮਾਨਾ ਇਹ ਵੀ ਹੈ ਕਿ ਪੰਜਾਬ ਦੀ ਪ੍ਰਜਨਣ ਅਤੇ ਆਬਾਦੀ ਵਾਧੇ ਦੀ ਦਰ ਕਾਫ਼ੀ ਘਟ ਰਹੀ ਹੈ। ਇਹ ਫਿ਼ਕਰ ਵਾਲਾ ਪੱਖ ਹੈ।

ਪਿਆਰ ਨਾਲ ਗ਼ੁਲਾਮੀ ਕਰਨ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਪਿੱਛਲੱਗੂ ਸਮਝ ਲਿਆ ਜਾਵੇ; ਇਸ ਦਾ ਇਹ ਮਤਲਬ ਨਹੀਂ ਕਿ ਵਰਗਲਾਏ ਜਾਣ ਜਾਂ ਕੁਰਾਹੇ ਪਾਏ ਜਾਣ। ਜੇ ਇਹ ਸੱਚ ਭਾਰੂ ਹੈ ਕਿ ਇਨ੍ਹਾਂ ਦਾ ਜੋਸ਼ ਵਰਤਿਆ ਜਾਵੇ ਤਾਂ ਅਸੀਂ ਵਧੀਆ ਭੱਵਿਖ ਨਹੀਂ ਉਸਾਰ ਰਹੇ। ਜਿਥੇ ਹਰ ਤੀਜਾ ਸ਼ਖਸ ਨਸ਼ੇ ਵਿਚ ਲੱਗਿਆ ਹੋਵੇ, ਪ੍ਰਜਨਣ ਦਰ 1.5 ਹੋ ਗਈ ਹੋਵੇ ਅਤੇ ਤਕਰੀਬਨ ਡੇਢ ਲੱਖ ਨੌਜਵਾਨ ਪੜ੍ਹਾਈ ਦੇ ਨਾਂ ‘ਤੇ ਪੰਜਾਬ ਛੱਡ ਕੇ ਜਾ ਰਹੇ ਹੋਣ, ਉਸ ਸੂਬੇ ਦਾ ਵਿਕਾਸ ਕਿਸੇ ਦੇ ਹੱਥਾਂ ਵਿਚ ਹੈ, ਇਹ ਸਮਝ ਸਕਦੇ ਹਾਂ।
ਸੰਪਰਕ: 98158-08506

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×