For the best experience, open
https://m.punjabitribuneonline.com
on your mobile browser.
Advertisement

ਪੰਜਾਬ ਦਾ ਸੁੰਗੜਦਾ ਪਸ਼ੂ ਧਨ

04:17 AM Apr 08, 2025 IST
ਪੰਜਾਬ ਦਾ ਸੁੰਗੜਦਾ ਪਸ਼ੂ ਧਨ
Advertisement

ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਪਸ਼ੂ ਧਨ ਵਿੱਚ ਆਈ ਕਮੀ ਰਾਜ ਦੇ ਡੇਅਰੀ ਖੇਤਰ ਦੀ ਲਾਵਾਰਸੀ ਵੱਲ ਧਿਆਨ ਖਿੱਚ ਰਹੀ ਹੈ। ਇਸ ਨੂੰ ਲੀਹ ’ਤੇ ਲਿਆਉਣ ਲਈ ਜਿੱਥੇ ਸਰਕਾਰ ਦੇ ਪੱਧਰ ’ਤੇ ਕੁਝ ਠੋਸ ਉਪਰਾਲੇ ਦਰਕਾਰ ਹਨ, ਉੱਥੇ ਪੰਜਾਬ ਵਿੱਚ ਕਿਰਤ ਦੇ ਮਹੱਤਵ ਨੂੰ ਮੁੜ ਸਥਾਪਿਤ ਕਰਨ ਲਈ ਰਵਾਇਤੀ ਸਮਾਜਿਕ ਸੋਚ ਪ੍ਰਣਾਲੀ ਨੂੰ ਵੀ ਬਦਲਣ ਦੀ ਲੋੜ ਹੈ। ਪੰਜ ਸਾਲਾਂ ਬਾਅਦ ਕੀਤੀ ਜਾਂਦੀ ਪਸ਼ੂ ਗਣਨਾ ਦੀ ਮੁੱਢਲੀ ਰਿਪੋਰਟ ਤੋਂ ਇਹ ਖ਼ੁਲਾਸਾ ਹੋਇਆ ਹੈ ਕਿ ਪੰਜਾਬ ਵਿੱਚ 2019 ਵਿੱਚ ਕੁੱਲ ਪਸ਼ੂ ਧਨ 73,81,540 ਲੱਖ ਤੋਂ ਘਟ ਕੇ 68,03,196 ਲੱਖ ਰਹਿ ਗਿਆ ਹੈ; ਭਾਵ, ਪਸ਼ੂਆਂ ਦੀ ਗਿਣਤੀ 5.78 ਲੱਖ ਘਟ ਗਈ ਹੈ ਜਿਨ੍ਹਾਂ ਵਿੱਚ ਸਭ ਤੋਂ ਵੱਧ 5.22 ਲੱਖ ਦੀ ਕਮੀ ਮੱਝਾਂ ਦੀ ਗਿਣਤੀ ਵਿੱਚ ਆਈ ਹੈ। ਕੁਝ ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਬਹੁਤੇ ਘਰਾਂ ਵਿੱਚ ਦੁਧਾਰੂ ਪਸ਼ੂ ਖੜ੍ਹੇ ਮਿਲਦੇ ਸਨ। ਬਹੁਤੇ ਲੋਕ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਦੁੱਧ, ਲੱਸੀ ਤੇ ਮੱਖਣ ਦੀ ਪੂਰਤੀ ਤੋਂ ਇਲਾਵਾ ਦੋਧੀਆਂ ਨੂੰ ਜਾਂ ਡੇਅਰੀਆਂ ’ਤੇ ਦੁੱਧ ਵੇਚਦੇ ਸਨ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਮਦਦ ਮਿਲਦੀ ਸੀ ਪਰ ਹੁਣ ਪਿੰਡਾਂ ਵਿੱਚ ਵੀ ਬਹੁਤੇ ਘਰ ਪਸ਼ੂਆਂ ਤੋਂ ਖਾਲੀ ਹੋ ਗਏ ਹਨ।
ਮੱਝਾਂ ਦੀ ਗਿਣਤੀ ਵਿੱਚ ਕਮੀ ਦਾ ਪੰਜਾਬ ਵਿੱਚ ਦੁੱਧ ਦੀ ਪੈਦਾਵਾਰ ਤੇ ਸਪਲਾਈ ਉੱਪਰ ਸਿੱਧਾ ਅਸਰ ਪੈਣਾ ਚਾਹੀਦਾ ਸੀ ਪਰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਲੋਕ ਹੁਣ ਤਜਾਰਤੀ ਡੇਅਰੀ ਫਾਰਮਾਂ ਨੂੰ ਤਰਜੀਹ ਦੇ ਰਹੇ ਹਨ ਜਿਨ੍ਹਾਂ ਵਿੱਚ ਮੱਝਾਂ ਦੇ ਮੁਕਾਬਲੇ ਐੱਚਐੱਫ ਨਸਲ ਦੀਆਂ ਗਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਤਜਾਰਤੀ ਡੇਅਰੀ ਫਾਰਮਾਂ ਲਈ ਸਰਕਾਰ ਅਤੇ ਬੈਂਕਾਂ ਤੋਂ ਕਰਜ਼ੇ ਅਤੇ ਹੋਰ ਸਹੂਲਤਾਂ ਉਪਲਬਧ ਹਨ ਪਰ ਘਰਾਂ ਵਿੱਚ ਦੁਧਾਰੂ ਪਾਲਤੂ ਪਸ਼ੂਆਂ ਦੀ ਗਿਣਤੀ ਨਾਲ ਛੋਟੀ ਕਿਸਾਨੀ ਅਤੇ ਦਲਿਤ ਪਰਿਵਾਰਾਂ ਲਈ ਸਵੈ-ਰੁਜ਼ਗਾਰ ਦਾ ਚੰਗਾ ਬਦਲ ਖੁੱਸ ਰਿਹਾ ਹੈ। ਇਸ ਰੁਝਾਨ ਦੇ ਕਾਰਨ ਵੀ ਅਹਿਮ ਹਨ ਜਿਨ੍ਹਾਂ ਵਿੱਚ ਖੇਤੀ ਲਈ ਜ਼ਮੀਨਾਂ ਘਟਣ ਤੇ ਰਹਿਣ-ਸਹਿਣ ਵਿੱਚ ਤਬਦੀਲੀ ਆਉਣ ਕਰ ਕੇ ਕਿਰਤ ਸੱਭਿਆਚਾਰ ਦਾ ਘਟਣਾ ਵੀ ਸ਼ਾਮਿਲ ਹੈ। ਨਵੀਂ ਪੀੜ੍ਹੀ ਵਿੱਚ ਪਸ਼ੂ ਪਾਲਣ ਅਤੇ ਖ਼ੁਦ ਖੇਤੀ ਜਿਹੇ ਧੰਦਿਆਂ ਪ੍ਰਤੀ ਚੇਟਕ ਘਟ ਰਹੀ ਹੈ। ਢੁੱਕਵੀਂ ਆਮਦਨ ਦੀ ਘਾਟ ਇਸ ਦਾ ਮੁੱਖ ਕਾਰਨ ਹੈ। ਦੁੱਧ ਸਾਡੇ ਸਰੀਰਕ ਤੇ ਮਾਨਸਿਕ ਵਿਕਾਸ ਦਾ ਅਹਿਮ ਕਾਰਕ ਹੈ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ਘਟਣ ਦੇ ਬਾਵਜੂਦ ਦੁੱਧ ਦੀ ਸਪਲਾਈ ’ਤੇ ਕੋਈ ਫ਼ਰਕ ਨਹੀਂ ਪੈ ਰਿਹਾ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਨਕਲੀ ਦੁੱਧ ਦੀ ਪੈਦਾਵਾਰ ਤੇ ਸਪਲਾਈ ਵਧ ਰਹੀ ਹੈ ਜੋ ਰਾਜ ਵਿੱਚ ਪਸ਼ੂ ਪਾਲਣ ਦੇ ਧੰਦੇ ਲਈ ਖ਼ਤਰਾ ਬਣ ਰਿਹਾ ਹੈ। ਨਕਲੀ ਦੁੱਧ ਦਾ ਕਾਰੋਬਾਰ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ ਅਤੇ ਇਸ ਨੂੰ ਜੜ੍ਹੋਂ ਪੁੱਟਣ ਲਈ ਹਾਲੇ ਤੱਕ ਕੋਈ ਠੋਸ ਤੇ ਬੱਝਵੀਂ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਕੇ ਲੋਕਾਂ ਦੀ ਸਿਹਤ ਦਾਅ ’ਤੇ ਲੱਗੀ ਹੋਈ ਹੈ। ਇਸ ਦੇ ਨਾਲ ਹੀ ਪਸ਼ੂਪਾਲਕਾਂ ਲਈ ਗੁਣਵੱਤਾ ਭਰਪੂਰ ਖ਼ੁਰਾਕ, ਰਿਆਇਤੀ ਕਰਜ਼, ਸੀਮਨ ਅਤੇ ਵੈਟਰਨਰੀ ਸੇਵਾਵਾਂ ਮੁਹੱਈਆ ਕਰਾਉਣ ਨਾਲ ਹਾਲਾਤ ਨੂੰ ਮੋੜਾ ਦਿੱਤਾ ਜਾ ਸਕਦਾ ਹੈ ਜਿਸ ਨਾਲ ਆਮ ਲੋਕਾਂ ਦੇ ਅਰਥਚਾਰੇ ਨੂੰ ਹੁਲਾਰਾ ਮਿਲ ਸਕੇਗਾ।

Advertisement

Advertisement
Advertisement
Advertisement
Author Image

Jasvir Samar

View all posts

Advertisement