For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਗਰਮੀ ਦਾ ਕਹਿਰ, ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ

04:52 AM Jun 11, 2025 IST
ਪੰਜਾਬ ’ਚ ਗਰਮੀ ਦਾ ਕਹਿਰ  ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ
ਜਲੰਧਰ ’ਚ ਮੰਗਲਵਾਰ ਨੂੰ ਗਰਮੀ ਤੋਂ ਬਚਣ ਲਈ ਮੂੰਹ-ਸਿਰ ਢੱਕ ਕੇ ਜਾਂਦੇ ਹੋਏ ਰਾਹਗੀਰ। -ਫੋਟੋ: ਮਲਕੀਅਤ ਿਸੰਘ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 10 ਜੂਨ
ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਸੂੁਬੇ ’ਚ ਤਾਪਮਾਨ 47 ਡਿਗਰੀ ਤੋਂ ਪਾਰ ਚਲਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਹੈ। ਉਧਰ ਗਰਮੀ ਵਧਣ ਦੇ ਨਾਲ ਹੀ ਸੂਬੇ ’ਚ ਬਿਜਲੀ ਦੀ ਮੰਗ ਬਹੁਤ ਵਧ ਗਈ ਹੈ। ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ 66 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ, ਜਿੱਥੇ ਬਿਜਲੀ ਦੀ ਮੰਗ 16,249 ਮੈਗਾਵਾਟ ’ਤੇ ਪਹੁੰਚ ਗਈ ਹੈ ਅਤੇ ਇਹ ਅੱਜ ਤੱਕ ਦੀ ਸਭ ਤੋਂ ਵੱਧ ਮੰਗ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ 29 ਜੂਨ ਨੂੰ ਬਿਜਲੀ ਦੀ ਰਿਕਾਰਡ ਮੰਗ 16,083 ਮੈਗਾਵਾਟ ਜਦਕਿ 19 ਜੂਨ ਨੂੰ 16,078 ਮੈਗਾਵਾਟ ਦਰਜ ਕੀਤੀ ਗਈ ਸੀ। ਇਸ ਵਾਰ ਅਤਿ ਦੀ ਗਰਮੀ ਪੈਣ ਕਰਕੇ ਬਿਜਲੀ ਦੀ ਮੰਗ ਨੇ ਵੀ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ਵਿੱਚ ਕਈ ਥਾਵਾਂ ’ਤੇ ਬਿਜਲੀ ਦੇ ਕੱਟ ਵੀ ਲਗਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਟ ਨਹੀਂ ਲੱਗ ਰਹੇ ਅਤੇ ਸੂਬੇ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਹੋ ਰਹੀ ਹੈ।
ਪੰਜਾਬ ਵਿੱਚ ਪਿਛਲੇ ਸਾਲ ਇਸੇ ਦਿਨ ਦੇ ਮੁਕਾਬਲੇ ਅੱਜ ਬਿਜਲੀ ਦੀ ਮੰਗ 3,600 ਮੈਗਾਵਾਟ ਵੱਧ ਦਰਜ ਕੀਤੀ ਗਈ ਹੈ। ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 12,600 ਮੈਗਾਵਾਟ ਦਰਜ ਕੀਤੀ ਗਈ ਸੀ ਜਦੋਂ ਕਿ ਸਾਲ 2023 ਵਿੱਚ ਇਹ ਮੰਗ 10,644 ਮੈਗਾਵਾਟ ਸੀ। ਪੰਜਾਬ ’ਚ ਗਰਮੀ ਹੋਰ ਵਧਣ ਕਰਕੇ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ। ਉਧਰ ਪੰਜਾਬ ਵਿੱਚ ਝੋਨੇ ਦੀ ਲੁਆਈ 1 ਜੂਨ ਤੋਂ ਸ਼ੁਰੂ ਹੋ ਗਈ ਹੈ। ਜ਼ਿਆਦਾ ਗਰਮੀ ਪੈਣ ਕਰਕੇ ਪੰਜਾਬ ’ਚ ਝੋਨੇ ਦੀ ਲੁਆਈ ਦਾ ਕੰਮ ਹਾਲੇ ਮੱਠਾ ਹੈ ਪਰ ਇਸ ’ਚ ਤੇਜ਼ੀ ਆਉਣ ਨਾਲ ਸੂਬੇ ’ਚ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ ਅਤੇ ਇਸ ਨਾਲ ਪਾਵਰਕੌਮ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ।

Advertisement

ਪੰਜ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਕਾਰਜਸ਼ੀਲ

ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ’ਚ ਸਰਕਾਰੀ ਖੇਤਰ ਦੇ ਤਿੰਨ ਅਤੇ ਨਿੱਜੀ ਖੇਤਰ ਦੇ ਦੋ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਕਾਰਜਸ਼ੀਲ ਹਨ। ਇਸ ਦੌਰਾਨ ਰੋਪੜ ਥਰਮਲ ਪਲਾਂਟ ਦੇ ਚਾਰੋਂ ਯੂਨਿਟ ਚੱਲ ਰਹੇ ਹਨ, ਜਿੱਥੋਂ ਲਗਪਗ 680 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੋਂ ਤੇ ਗੋਇੰਦਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਹਨ, ਜਿਥੋਂ ਕ੍ਰਮਵਾਰ ਲਗਪਗ 825 ਮੈਗਾਵਾਟ ਅਤੇ 500 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਦੂਜੇ ਪਾਸੇ ਨਿੱਜੀ ਖੇਤਰ ਦੇ ਥਰਮਲ ਪਲਾਂਟਾ ਵਿੱਚੋਂ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਕਾਰਜਸ਼ੀਲ ਹਨ, ਜਿੱਥੇ 1250 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਹੋ ਰਹੀ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋਂ ਯੂਨਿਟ ਚੱਲ ਰਹੇ ਹਨ ਤੇ ਇੱਥੋਂ ਲਗਪਗ 1850 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ।

Advertisement
Advertisement

ਪੰਜਾਬ ’ਚ ਬਿਜਲੀ ਸਪਲਾਈ ਨਿਰਵਿਘਨ ਜਾਰੀ: ਈਟੀਓ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅੱਜ ਪੰਜਾਬ ’ਚ ਬਿਜਲੀ ਦੀ ਰਿਕਾਰਡ ਮੰਗ ਦਰਜ ਕੀਤੀ ਗਈ ਹੈ ਅਤੇ ਇਸ ਦੇ ਬਾਵਜੂਦ ਪਾਵਰਕੌਮ ਵੱਲੋਂ ਨਿਰਵਿਘਨ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵਧ ਰਹੀ ਗਰਮੀ ਦੇ ਮੱਦੇਨਜ਼ਰ ਰਿਹਾਇਸ਼ੀ ਤੇ ਖੇਤੀ ਖੇਤਰ ਲਈ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਹਿਲਾਂ ਹੀ ਰਣਨੀਤੀ ਘੜ ਲਈ ਸੀ। ਪਾਵਰਕੌਮ ਵੱਲੋਂ ਝੋਨੇ ਦੀ ਲੁਆਈ ਲਈ ਵੀ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

ਪੰਜਾਬ ’ਚ ਜਨ-ਜੀਵਨ ’ਤੇ ਅਸਰ

ਪੰਜਾਬ ’ਚ ਗਰਮੀ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ, ਜਿੱਥੇ ਅੱਜ ਤਾਪਮਾਨ 47 ਡਿਗਰੀ ਤੋਂ ਟੱਪ ਗਿਆ ਹੈ। ਮੌਸਮ ਵਿਗਿਆਨੀਆਂ ਨੇ 11 ਜੂਨ ਨੂੰ ਸੂਬੇ ਵਿੱਚ ਅਤਿ ਦੀ ਗਰਮੀ ਪੈਣ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ ਤੇ ਅਗਲੇ ਤਿੰਨ-ਚਾਰ ਦਿਨ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਬਠਿੰਡਾ ਏਅਰਪੋਰਟ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ’ਚ ਤਾਪਮਾਨ 43.9 ਡਿਗਰੀ, ਅੰਮ੍ਰਿਤਸਰ ’ਚ 44.8, ਲੁਧਿਆਣਾ ’ਚ 44, ਪਟਿਆਲਾ ’ਚ 44.5, ਪਠਾਨਕੋਟ ’ਚ 43.2, ਫਰੀਦਕੋਟ ’ਚ 44.4, ਗੁਰਦਾਸਪੁਰ ’ਚ 44, ਫਤਹਿਗੜ੍ਹ ਸਾਹਿਬ ’ਚ 41.9, ਫਾਜ਼ਿਲਕਾ ’ਚ 43.4, ਫਿਰੋਜ਼ਪੁਰ ’ਚ 43.5, ਹੁਸ਼ਿਆਰਪੁਰ ’ਚ 42.3, ਜਲੰਧਰ ’ਚ 42.9, ਮੁਹਾਲੀ ’ਚ 42.1 ਤੇ ਰੋਪੜ ’ਚ 41.7 ਡਿਗਰੀ ਦਰਜ ਕੀਤਾ ਹੈ। ਇਹ ਤਾਪਮਾਨ ਆਮ ਨਾਲੋਂ 4 ਤੋਂ 5 ਡਿਗਰੀ ਵੱਧ ਹੈ।

Advertisement
Author Image

Advertisement