ਜਤਿੰਦਰ ਸਿੰਘ ਬਾਵਾਸ੍ਰੀ ਗੋਇੰਦਵਾਲ ਸਾਹਿਬ,11 ਅਪਰੈਲਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਵਿੱਚ ਬੀਤੇ ਦਿਨੀਂ ਕਤਲ ਕੀਤੀ ਅੰਮ੍ਰਿਤਧਾਰੀ ਮਹਿਲਾ ਗੁਰਪ੍ਰੀਤ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਿੰਡ ਕੰਗ ਵਿਖੇ ਪੁੱਜੇ। ਉਨ੍ਹਾਂ ਗੁਰਪ੍ਰੀਤ ਕੌਰ ਦੇ ਪਤੀ ਗੁਰਦਿਆਲ ਸਿੰਘ ਨਾਲ ਦੁੱਖ ਪ੍ਰਗਟ ਕੀਤਾ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਦਿਨ-ਦਿਹਾੜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਪਾਠ ਕਰ ਰਹੀ ਅੰਮ੍ਰਿਤਧਾਰੀ ਬੀਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ, ਆਏ ਦਿਨ ਪੰਜਾਬ ਵਿੱਚ ਦਿਨ ਦਿਹਾੜੇ ਕਤਲੋਂਗਾਰਤ ਦੀਆਂ ਖ਼ਬਰਾਂ ਸੁਣਨ ਲਈ ਮਿਲ ਰਹੀ ਹਨ। ਪੁਲੀਸ ਪ੍ਰਸ਼ਾਸਨ ਦਾ ਵੱਡਾ ਹਿੱਸਾ ਸਿਆਸੀ ਲੀਡਰਾਂ ਦੀ ਆਓ ਭਗਤ ਵਿੱਚ ਮਸ਼ਹੂਫ ਹੈ ਅਤੇ ਆਮ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਗੁਰਪੀਤ ਕੌਰ ਦੇ ਕਤਲ ਮਾਮਲੇ ਨੂੰ ਪੁਲੀਸ ਪ੍ਰਸ਼ਾਸਨ ਗੰਭੀਰਤਾ ਨਾਲ ਲਵੇ ਅਤੇ ਜਲਦੀ ਕਾਤਲਾਂ ਦੀ ਪਛਾਣ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਪੁਲੀਸ ਪ੍ਰਸ਼ਾਸਨ ਮਾਮਲੇ ਵਿੱਚ ਢਿੱਲਾ ਰਵੱਈਆ ਰੱਖਦਾ ਹੈ ਤਾਂ ਅਕਾਲ ਤਖ਼ਤ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਅਤੇ ਅਕਾਲ ਤਖ਼ਤ ਸਾਹਿਬ ਪੀੜਤ ਪਰਿਵਾਰ ਨਾਲ ਹਰ ਵੇਲੇ ਖੜ੍ਹਾ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕੇ ਦੀ ਅਕਾਲੀ ਲੀਡਰਸ਼ਿਪ ਦੇ ਕੁੱਝ ਆਗੂ ਹਾਜ਼ਰ ਸਨ।