ਪੰਜਾਬ ’ਚ ਅਮਨ ਕਾਨੂੰਨ ਦੀ ਵਿਵਸਥਾ ਵਿਗੜੀ: ਹਰਦੇਵ ਅਰਸ਼ੀ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 7 ਜੂਨ
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜਦੇ 90ਵਿਆਂ ਵਿੱਚ ਅਤਿਵਾਦੀਆਂ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ ਸ਼ਹੀਦ ਕਾਮਰੇਡ ਅਮੋਲਕ ਸਿੰਘ ਅਤੇ ਉਨ੍ਹਾਂ ਦੇ 6 ਸਾਥੀਆਂ ਦੀ 34ਵੀਂ ਬਰਸੀ ਜ਼ਿਲ੍ਹੇ ਦੇ ਪਿੰਡ ਔਲਖ ਵਿਚ ਮਨਾਈ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਹੀ ਤਰਸਯੋਗ ਹੋ ਚੁੱਕੀ ਹੈ ਅਤੇਪੁਲੀਸ ਰਾਜ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕਾ ਹੈ। ਕਾਮਰੇਡ ਅਰਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਮਾਫੀਆ ਅਨਸਰ ਰਾਜ ਸਰਕਾਰ ’ਤੇ ਭਾਰੂ ਹੋ ਚੁੱਕੇ ਹਨ। ਰਾਜ ਸਰਕਾਰ ਹੁਣ ਕੇਂਦਰ ਦੀ ਤਰਜ਼ ’ਤੇ ਲੋਕ ਸੰਘਰਸ਼ਾਂ ਨੂੰ ਜਾਬਰ ਤਰੀਕਿਆਂ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਜਨਤਕ ਏਕਤਾ ਕਰ ਕੇ ਤਿੱਖਾ ਘੋਲ ਅਰੰਭਿਆ ਜਾਵੇ।
ਸਮਾਗਮ ਵਿੱਚ 7 ਜੂਨ 1991 ਨੂੰ ਕਾਮਰੇਡ ਅਮੋਲਕ ਸਿੰਘ ਔਲਖ ਦੇ ਨਾਲ ਸ਼ਹੀਦ ਕੀਤੇ ਗਏ ਬਲਜੀਤ ਸਿੰਘ ਔਲਖ, ਲਛਮਣ ਸਿੰਘ, ਹੈਡ ਕੰਸਟੇਬਲ ਮਹਿੰਦਰ ਸਿੰਘ, ਲਾਲ ਸਿੰਘ, ਨਛੱਤਰ ਸਿੰਘ ਅਤੇ ਮੁਖਤਿਆਰ ਸਿੰਘ ਦੀ ਯਾਦ ਵਿੱਚ ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ, ਕਾਮਰੇਡ ਸ਼ਾਮ ਸੁੰਦਰ ਅਤੇ ਕਾਮਰੇਡ ਅਰਸ਼ੀ ਨੇ ਬਾਕੀ ਸਾਥੀਆਂ ਨਾਲ ਮਿਲ ਕੇ ਨਾਅਰਿਆਂ ਦੀ ਗੂੰਜ ਵਿੱਚ ਲਾਲ ਝੰਡਾ ਲਹਿਰਾਇਆ। ਸਮਾਗਮ ਦੌਰਾਨ ਲੋਕ ਕਲਾ ਮੰਚ ਜੀਰਾ ਦੀ ਟੀਮ ਵੱਲੋਂ ਮੇਘ ਰਾਜ ਰੱਲਾ ਦੀ ਅਗਵਾਈ ਹੇਠ ਇਨਕਲਾਬੀ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।