ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ
ਰਾਜ ਕੁਮਾਰ
ਪੰਜਾਬ ਵਿੱਚ ਝੋਨੇ ਅਧੀਨ ਰਕਬਾ ਸਾਲ 1970-71 ਵਿੱਚ ਸਿਰਫ 3.9 ਲੱਖ ਹੈਕਟੇਅਰ ਸੀ ਜੋ ਸਾਲ 2023-24 ਵਿੱਚ ਲੱਗਭਗ 31.79 ਲੱਖ ਹੈਕਟੇਅਰ ਤੱਕ ਵਧ ਗਿਆ। ਝੋਨੇ ਦਾ ਔਸਤਨ ਝਾੜ ਵੀ 27.7 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵਧ ਕੇ 67.4 ਕੁਇੰਟਲ ਪ੍ਰਤੀ ਹੈਕਟੇਅਰ ਹੋ ਗਿਆ। ਨਤੀਜੇ ਵਜੋਂ ਝੋਨੇ ਦੀ ਪੈਦਾਵਾਰ ਲੱਗਭਗ 21 ਗੁਣਾ ਵਧ ਕੇ 10.32 ਲੱਖ ਟਨ ਤੋਂ 214.3 ਲੱਖ ਟਨ ਤੱਕ ਪਹੁੰਚ ਗਈ। ਇਸੇ ਸਮੇਂ ਦੌਰਾਨ ਟਿਊਬਵੈਲਾਂ ਦੀ ਗਿਣਤੀ ਵੀ 1.92 ਲੱਖ ਤੋਂ ਵਧ ਕੇ 15.29 ਲੱਖ ਤੱਕ ਪਹੁੰਚ ਚੁੱਕੀ ਹੈ।
ਝੋਨੇ ਦੀ ਲਗਾਤਾਰ ਕਾਸ਼ਤ ਕਾਰਨ ਪੰਜਾਬ ਦੇ ਕੁਦਰਤੀ ਸੋਮਿਆਂ, ਖਾਸ ਕਰ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਦੀ ਖੋਜ ਦੇ ਨਾਲ-ਨਾਲ ਪਾਣੀ ਬਚਾਉਣ ਵਾਲੀਆਂ ਤਕਨੀਕਾਂ, ਖਾਸ ਕਰ ਕੇ ਲੇਜ਼ਰ ਕਰਾਹੇ ਨਾਲ ਜ਼ਮੀਨ ਪੱਧਰੀ ਕਰਨਾ, ਤਰ-ਵੱਤਰ ਝੋਨੇ ਦੀ ਸਿੱਧੀ ਬਿਜਾਈ, ਵੱਟਾਂ/ਬੈੱਡਾਂ ਉੱਪਰ ਲੁਆਈ, ਸੁਕਾਅ-ਸੁਕਾਅ ਕੇ ਪਾਣੀ ਲਾਉਣਾ, ਲੁਆਈ ਢੁਕਵੇਂ ਸਮੇਂ ’ਤੇ ਕਰਨਾ ਆਦਿ ਵਿਕਸਿਤ ਕੀਤੀਆਂ ਗਈਆਂ। ਰਾਜ ਸਰਕਾਰ ਨੇ ਝੋਨੇ ਦੀ ਲਵਾਈ ਇਕ ਖਾਸ ਮਿਤੀ ਤੋਂ ਬਾਅਦ ਹੀ ਕਰਨ ਨੂੰ ਯਕੀਨੀ ਬਣਾਉਣ ਲਈ ਸਾਲ 2008-09 ਵਿੱਚ ਆਰਡੀਨੈਂਸ/ਐਕਟ ਵੀ ਜਾਰੀ/ਪਾਸ ਕੀਤਾ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਇਨ੍ਹਾਂ ਕੋਸ਼ਿਸ਼ਾਂ ਨਾਲ ਪਾਣੀ ਦੇ ਹੇਠਾਂ ਜਾਣ ਦੀ ਰਫ਼ਤਾਰ ਘਟ ਤਾਂ ਗਈ ਪਰ ਪੂਰੀ ਤਰ੍ਹਾਂ ਰੋਕ ਨਹੀਂ ਲੱਗ ਸਕੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਖੋਜ ਸਦਕਾ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਇਨ੍ਹਾਂ ਅਧੀਨ ਰਕਬਾ 2013-14 ਤੋਂ 2024-25 ਦੌਰਾਨ 38.2 ਫੀਸਦੀ ਤੋਂ 74.7 ਫੀਸਦੀ ਤੱਕ ਵਧ ਗਿਆ। ਜੇਕਰ ਘੱਟ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਹੇਠਲੇ ਰਕਬੇ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਹੇਠ ਸਾਲ 2024-25 ਵਿੱਚ 90.5 ਫ਼ੀਸਦੀ ਰਕਬਾ ਸੀ ਜੋ ਕਾਫੀ ਸੰਤੋਖਜਨਕ ਹੈ। ਹੁਣ ਕਿਸਾਨ ਘੱਟ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ, ਖਾਸ ਕਰ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਵਿਕਸਿਤ ਕਿਸਮਾਂ ਨੂੰ ਖੂਬ ਤਰਜੀਹ ਦੇਣ ਲੱਗ ਪਏ ਹਨ ਕਿਉਂਕਿ ਇਨ੍ਹਾਂ ਦਾ ਝਾੜ ਲੰਮੇ ਸਮੇਂ ਵਾਲੀਆਂ ਕਿਸਮਾਂ ਦੇ ਲੱਗਭਗ ਬਰਾਬਰ ਹੈ ਅਤੇ ਇਨ੍ਹਾਂ ਦੀ ਕਾਸ਼ਤ ’ਤੇ ਖਰਚਾ ਵੀ ਘੱਟ ਆਉਂਦਾ ਹੈ।
ਪਿਛਲੇ ਸਾਲਾਂ ਦੌਰਾਨ ਝੋਨੇ ਦੀਆਂ ਗ਼ੈਰ-ਸਿਫਾਰਸ਼ੀ, ਲੰਮੇ ਸਮੇਂ ਵਿੱਚ ਪੱਕਣ ਵਾਲੀਆਂ ਅਤੇ ਪਾਣੀ ਦੀ ਵਧੇਰੇ ਖਪਤ ਕਰਨ ਵਾਲੀਆਂ ਕਿਸਮਾਂ (ਜਿਵੇਂ ਪੂਸਾ 44 ਕਿਸਮ) ਹੇਠੋਂ ਰਕਬਾ ਲਗਾਤਾਰ ਘਟ ਰਿਹਾ ਹੈ। ਵਰਨਣਯੋਗ ਹੈ ਕਿ ਝੋਨੇ ਦੀ ਲੰਮਾ ਸਮਾਂ ਲੈਣ ਵਾਲੀ ਗ਼ੈਰ-ਪ੍ਰਮਾਣਿਤ ਕਿਸਮ ਪੂਸਾ 44 ਦਾ ਰਕਬਾ ਜੋ ਸਾਲ 2013-14 ਵਿੱਚ 45.6 ਫੀਸਦੀ ਤੱਕ ਪਹੁੰਚ ਗਿਆ ਸੀ, ਸਾਲ 2024-25 ਵਿੱਚ 5.5 ਫੀਸਦੀ ’ਤੇ ਸਿਮਟ ਗਿਆ ਹੈ। ਇਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਵਿਗਿਆਨੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਜੋ ਆਪਣੀਆਂ ਭਰਪੂਰ ਕੋਸ਼ਿਸ਼ਾਂ ਸਦਕਾ ਰਾਜ ਦੇ ਕਿਸਾਨਾਂ ਨੂੰ ਪਾਣੀ ਦੀ ਸੰਭਾਲ ਲਈ ਚੇਤਨ ਕਰਨ ਵਿੱਚ ਸਫਲ ਰਹੇ ਹਨ।
ਪਰਮਲ ਝੋਨੇ ਦੀਆਂ ਸਭ ਤੋਂ ਹਰਮਨ ਪਿਆਰੀ ਕਿਸਮਾਂ ਪੀਆਰ 126 ਅਤੇ ਪੀਆਰ 131 ਰਹੀਆਂ ਜਿਨ੍ਹਾਂ ਹੇਠ ਕ੍ਰਮਵਾਰ 42.7 ਅਤੇ 19.4 ਫੀਸਦੀ ਰਕਬਾ ਸੀ। ਇਹ ਵੀ ਦੇਖਿਆ ਗਿਆ ਕਿ ਅਜੇ ਵੀ ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਅਤੇ ਮੋਗਾ ਜਿ਼ਲ੍ਹਿਆਂ ਵਿੱਚ ਪਰਮਲ ਝੋਨੇ ਦਾ ਕ੍ਰਮਵਾਰ 36, 32 ਅਤੇ 26 ਫ਼ੀਸਦੀ ਦੇ ਲਗਭਗ ਰਕਬਾ ਲੰਮੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਹੇਠ ਹੈ ਜਿਸ ਦਾ ਧਰਤੀ ਹੇਠਲੇ ਪਾਣੀ ਦੇ ਪੱਧਰ ਤੇ ਭਵਿੱਖ ਵਿੱਚ ਮਾੜਾ ਪ੍ਰਭਾਵ ਪੈ ਸਕਦਾ ਹੈ। ਬੋਰ ਹੋਰ ਡੂੰਘੇ ਕਰਨ ਲਈ ਕਿਸਾਨਾਂ ਨੂੰ ਵਾਧੂ ਖਰਚਿਆਂ ਦਾ ਬੋਝ ਵੀ ਝੱਲਣਾ ਪੈਂਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤਰ੍ਹਾਂ ਤੇਜ਼ੀ ਨਾਲ ਖ਼ਤਮ ਹੋ ਰਹੇ ਪਾਣੀ ਦੇ ਭੰਡਾਰ ਨੂੰ ਜਲਦੀ ਕੀਤਿਆਂ ਭਵਿੱਖ ਵਿੱਚ ਪੂਰਿਆ ਵੀ ਨਹੀ ਜਾ ਸਕੇਗਾ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ ਸਿਰਫ ਵੱਧ ਝਾੜ ਲੈਣ ਲਈ ਲੰਮੇ ਸਮੇਂ ਵਾਲੀਆਂ ਕਿਸਮਾਂ ਬੀਜਦੇ ਹੋ ਸਕਦੇ ਹਨ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਇਨ੍ਹਾਂ ਕਿਸਮਾਂ ਨੂੰ ਜਿ਼ਆਦਾ ਪਾਣੀ, ਖਾਦਾਂ, ਕੀਟਨਾਸ਼ਕਾਂ ਅਤੇ ਲੇਬਰ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਜਿ਼ਆਦਾ ਹੋਣ ਕਰ ਕੇ ਇਸ ਨੂੰ ਸੰਭਾਲਣ ਦੇ ਖਰਚੇ ਵੀ ਵਧ ਜਾਂਦੇ ਹਨ। ਇਸ ਸਭ ਦੇ ਕਾਰਨ ਇਨ੍ਹਾਂ ਕਿਸਮਾਂ ਤੋਂ ਮੁਨਾਫਾ ਕਾਫੀ ਘਟ ਜਾਂਦਾ ਹੈ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਝਾੜ ਭਾਵੇਂ ਲੰਮੇ ਸਮਾਂ ਲੈਣ ਵਾਲੀਆਂ ਕਿਸਮਾਂ ਨਾਲੋਂ ਥੋੜ੍ਹਾ ਘੱਟ ਹੋ ਸਕਦਾ ਹੈ ਪਰ ਇਨ੍ਹਾਂ ਤੋਂ ਹੋਣ ਵਾਲੀ ਨਿਰੋਲ ਆਮਦਨ ਲੰਮੇ ਸਮੇਂ ਵਾਲੀਆਂ ਕਿਸਮਾਂ ਦੇ ਲਗਭਗ ਬਰਾਬਰ ਹੀ ਹੋ ਜਾਂਦੀ ਹੈ।
ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਸਾਲ ਵਿੱਚ ਤਿੰਨ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਜਿਵੇਂ ਸੱਠੀ ਮੂੰਗੀ ਨੂੰ ਤੀਜੀ ਫ਼ਸਲ ਦੇ ਤੌਰ ’ਤੇ ਬੀਜ ਕੇ ਆਮਦਨ ਵੀ ਵਧੇਗੀ ਅਤੇ ਜ਼ਮੀਨ ਦੀ ਸਿਹਤ ਵੀ ਸੁਧਰੇਗੀ; ਇਸ ਨਾਲ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਸਮੇਂ ਸਿਰ ਹੋ ਸਕੇਗੀ, ਇਉਂ ਕਣਕ ਦਾ ਝਾੜ ਵੀ ਵਧੇਗਾ। ਸੂਬੇ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਖਹਿੜਾ ਛੱਡ ਕੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਕਿਸਾਨਾਂ ਨੂੰ ਅਪੀਲ
ਪੰਜਾਬ ਦੇ ਖੇਤੀ ਅਰਥਚਾਰੇ ਦੀ ਭਲਾਈ ਅਤੇ ਅਣਮੁੱਲੇ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਿਸ਼ ਕੀਤੀਆਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਹੀ ਕਾਸ਼ਤ ਕਰਨ।
*ਪ੍ਰਿੰਸੀਪਲ ਐਕਸਟੈਂਸ਼ਨ ਸਾਇੰਟਿਸਟ (ਐਗਰੀਕਲਚਰਲ ਇਕੋਨੋਮਿਕਸ), ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।