ਪੰਜਾਬ ਉਰਦੂ ਅਕਾਦਮੀ ਦੇ ਨਵੇਂ ਆਡੀਟੋਰੀਅਮ ਦਾ ਉਦਘਾਟਨ

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ , 10 ਸਤੰਬਰ

ਆਡੀਟੋਰੀਅਮ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ।-ਫੋਟੋ:ਰਾਣੂ

ਇਥੇ ਪੰਜਾਬ ਉਰਦੂ ਅਕਾਦਮੀ ਦੇ ਨਵੇਂ ਬਣੇ ਵਾਤਾਨਕੂਲ ਆਡੀਟੋਰੀਅਮ ਦਾ ਉਦਘਾਟਨ ਅੱਜ ਟਰਾਂਸਪੋਰਟ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕੀਤਾ। ਉਨ੍ਹਾਂ ਕਿਹਾ ਕਿ ਉਨ ਦੀ ਚਿਰਾਂ ਤੋਂ ਦਿਲੀ ਇੱਛਾ ਸੀ ਕਿ ਪੰਜਾਬ ਉਰਦੂ ਅਕਾਦਮੀ ਵਿੱਚ ਬੁੱਧੀਜੀਵੀ ਲੋਕਾਂ ਲਈ ਹਰ ਤਰ੍ਹਾਂ ਦੇ ਸਮਾਰੋਹ ਕਰਨ ਲਈ ਆਡੀਟੋਰੀਅਮ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾ ਸਕੇ। ਉਨਾਂ ਦਾ ਸੁਪਨਾ ਅੱਜ ਸਕਾਰ ਹੋ ਗਿਆ ਹੈ। ਉਨਾਂ ਕਿਹਾ ਕਿ ਆਡੀਟੋਰੀਅਮ ਵਿੱਚ ਲਗਪਗ 200 ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਹੈ। ਉਨ੍ਹਾਂ ਸ਼ਹਿਰ ਦੇ ਬੱਸ ਸਟੈਂਡ ਦੀ ਨੁਹਾਰ ਬਦਲਣ, ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਅਤੇ ਸ਼ਹਿਰ ਅੰਦਰ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਵੀ ਹਰ ਹਾਲ ਪੂਰਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੜਕੀਆਂ ਲਈ ਸਰਕਾਰੀ ਕਾਲਜ ਖੋਲ੍ਹਣ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ। ਇਸ ਮੌਕੇ ਪੰਜਾਬ ਉਰਦੂ ਅਕਾਦਮੀ ਵੱਲੋਂ ਆਲ ਇੰਡੀਆ ਮੁਸ਼ਾਇਰਾ ਵੀ ਕਰਵਾਇਆ ਗਿਆ, ਜਿਸ ਵਿੱਚ ਸ਼ਾਇਰ ਸਰਦਾਰ ਪੰਛੀ, ਇਕਬਾਲ ਅਸ਼ਹਰ, ਮਹਿਕ ਭਾਰਤੀ , ਜਸਪ੍ਰੀਤ ਕੌਰ ਫ਼ਲਕ , ਬਰਕਤ ਹੋਲਟ ( ਹਾਸ ਰਸ ਕਵੀ ) ਅਤੇ ਡਾ. ਮੁਹੰਮਦ ਰਫੀ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਆਪਣਾ ਕਲਾਮ ਪੇਸ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ । ਇਹ ਸਮਾਰੋਹ ਪੰਜਾਬ ਉਰਦੂ ਅਕਾਦਮੀ ਦੇ ਸਕੱਤਰ ਲਤੀਫ ਅਹਿਮਦ ਥਿੰਦ ਪੀਸੀਐਸ (ਐਸਡੀਐਮ, ਫਗਵਾੜਾ) ਦੀ ਦੇਖ ਰੇਖ ਹੇਠ ਹੋਇਆ। ਇਸ ਮੌਕੇ ਰਜ਼ੀਆ ਸੁਲਤਾਨਾ ਵੱਲੋਂ ਡਾ. ਇਨਾਮ ਉਰ ਰਹਿਮਾਨ ਦਾ ਪੀਐਚ. ਡੀ. ਦਾ ਥੀਸਿਜ਼ ਅਤੇ ਨੌਰੀਨ ਅਸ਼ਰਫ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਪੁਲੀਸ ਕਪਤਾਨ ਸ੍ਰੀ ਮਨਜੀਤ ਸਿੰਘ ਬਰਾੜ, ਚੇਅਰਮੈਨ ਪੰਜਾਬ ਹੱਜ ਕਮੇਟੀ ਅਬਦੁਲ ਰਸ਼ੀਦ ਖਿਲਜੀ , ਨਗਰ ਕੌਂਸਲ ਪ੍ਰਧਾਨ ਇਕਬਾਲ ਫ਼ੌਜੀ ਹਾਜ਼ਰ ਸਨ।