ਪੰਜਾਬੀ ਸਾਹਿਤ ਸਭਾ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਾਰਚ
ਪੰਜਾਬੀ ਸਾਹਿਤ ਸਭਾ (ਰਜਿ.) ਵੱਲੋਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਨਾਲ ‘ਅੰਤਰਰਾਸ਼ਟਰੀ ਨਾਰੀ ਦਿਵਸ’ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਪੰਜਾਬੀ ਭਵਨ ਵਿੱਚ ਕੀਤੀ ਗਈ। ਇਸ ਦੀ ਪ੍ਰਧਾਨਗੀ ਡਾ. ਵਨੀਤਾ ਨੇ ਕੀਤੀ। ਆਰੰਭ ਵਿਚ ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਡਾ. ਰੇਣੁਕਾ ਸਿੰਘ ਨੇ ਨਾਰੀਵਾਦੀ ਲਹਿਰ ਦੇ ਇਤਿਹਾਸ ’ਤੇ ਚਾਨਣਾ ਪਾਇਆ।
ਡਾ. ਵਨੀਤਾ ਨੇ ਡਾ. ਰੇਣੁਕਾ ਸਿੰਘ ਦੀ ਗੱਲ ਨੂੰ ਅੱਗੇ ਤੋਰਦਿਆਂ ਝੰਡੇ ਦੇ ਤਿੰਨ ਰੰਗਾਂ ਪਰਪਲ (ਪਿਆਰ), ਹਰਾ (ਉਮੀਦ) ਅਤੇ ਸਫੈਦ (ਸ਼ਾਂਤੀ) ਦੀ ਮਹੱਤਤਾ ਦਾ ਜ਼ਿਕਰ ਕੀਤਾ। ਅਰਵਿੰਦਰ ਕੌਰ ਧਾਲੀਵਾਲ ਨੇ ਨਾਰੀਵਾਦੀ ਲਹਿਰ ਦੀ ਸੂਝ ਅਤੇ ਸਮਝ ਬਾਰੇ ਗੱਲ ਕੀਤੀ।
ਉਨ੍ਹਾਂ ਨਸ਼ੇ, ਤਸਕਰਾਂ ਅਤੇ ਉਸ ਸਮੇਂ ਦੇ ਹਾਲਾਤਾਂ ਅਤੇ ਲੋਕਾਂ ਦੀ ਮਾਨਸਿਕ ਸਥਿਤੀ ਬਾਰੇ ਜਾਣਕਾਰੀ ਦਿੱਤੀ। ਦਲਵੀਰ ਕੌਰ ਨੇ ਔਰਤ ਦੇ ਸਰੀਰਕ, ਦਿਮਾਗੀ ਅਤੇ ਸਮਾਜਿਕ ਰੋਲ ਬਾਰੇ ਗੱਲਬਾਤ ਕੀਤੀ। ਔਰਤ ਦੇ ਆਪਣੇ ਕੀਤੇ ਫ਼ੈਸਲਿਆਂ ਪ੍ਰਤੀ ਔਰਤ ਕਿਤਨੀ ਸੁਚੇਤ ਹੁੰਦੀ ਹੈ ਇਸ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਆਪਣੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਇਸ ਮੌਕੇ ਨਜ਼ਮ ਵੀ ਸੁਣਾਈ। ਸਰਬਜੀਤ ਸੋਹਲ ਨੇ ਔਰਤ ਦੀ ਉੱਨਤੀ ਲਈ ਸਿਧਾਂਤਕ ਅਤੇ ਵਿਹਾਰਕ ਤੌਰ ’ਤੇ ਕੀ ਕੁਝ ਕੀਤਾ ਜਾ ਰਿਹਾ ਹੈ, ਬਾਰੇ ਆਪਣੀ ਨਜ਼ਮ ਸੁਣਾਈ। ਡਾ. ਵਨੀਤਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵੀ ਪ੍ਰੋਗਰਾਮਾਂ ਵਿਚ ਹਿੱਸਾ ਲੈ ਸਕਦੇ ਹਨ।
ਮਹਿਲਾ ਕਰਮਚਾਰੀਆਂ ਨੂੰ 25 ਕੈਜ਼ੂਅਲ ਛੁੱਟੀਆਂ ਦੇੇਣ ਦੇ ਐਲਾਨ ਦਾ ਸਵਾਗਤ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਿਲਾ ਕਰਮਚਾਰੀਆਂ ਲਈ 25 ਕੈਜ਼ੂਅਲ ਛੁੱਟੀਆਂ ਦਾ ਐਲਾਨ ਕੀਤੇ ਜਾਣ ’ਤੇ ਹਸਲਾ ਜ਼ਿਲ੍ਹਾ ਪ੍ਰਧਾਨ ਡਾ. ਤਰਸੇਮ ਕੌਸ਼ਿਕ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਔਰਤਾਂ ਨੂੰ ਹੋਰ ਸ਼ਕਤੀਸ਼ਾਲੀ ਬਣਾਏਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਵਾਂਗਰ ਸੂਬੇ ਵਿੱਚ ਹਾਊਸ ਰੈਂਟ ਅਲਾਊਂਸ ਵਧਾ ਕੇ 10 ਫ਼ੀਸਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹਸਲਾ ਦਾ ਵਫਦ ਸੂਬਾ ਪ੍ਰਧਾਨ ਸਤਪਾਲ ਸੰਧੂ ਦੀ ਅਗਵਾਈ ਹੇਠ ਹਸਲਾ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲੇਗਾ।