ਪੰਜਾਬੀ ਸਾਹਿਤ ਅਕਾਦਮੀ ਵੱਲੋਂ 2023-2024 ਦੇ ਪੁਰਸਕਾਰਾਂ ਦਾ ਅੇੈਲਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਂਣਾ ਦੀ ਪੁਰਸਕਾਰ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਾਲ 2023-2024 ਦੇ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਮੌਕੇ ਸਰਬਸੰਮਤੀ ਨਾਲ਼ ਫ਼ੈਸਲਾ ਕੀਤਾ ਗਿਆ ਕਿ ਅਕਾਦਮੀ ਦਾ ਸਰਵਉੱਚ ਸਨਮਾਨ ‘ਫ਼ੈਲੋਸ਼ਿਪ’ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੂੰ ਦਿੱਤੀ ਜਾਵੇਗੀ। ਅਕਾਦਮੀ ਦੇ ਜਨਰਲ ਸਕੱਤਰ ਨੇ ਕਿਹਾ ਕਿ ‘ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਜਤਿੰਦਰ ਪਨੂੰ ਨੂੰ, ‘ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ’ (50 ਸਾਲ ਤੋਂ ਘੱਟ ਉਮਰ) ਨੀਤੂ ਅਰੋੜਾ ਨੂੰ, ‘ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਹਰਭਜਨ ਸਿੰਘ ਬਾਜਵਾ ਨੂੰ, ‘ਸ. ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ’ ਡਾ. ਧਰਮ ਸਿੰਘ ਨੂੰ, ਡਾ. ਰਵਿੰਦਰ ਰਵੀ ਯਾਦਗਾਰੀ ਪੁਰਸਕਾਰ’ ਡਾ. ਸਾਧੂ ਸਿੰਘ ਨੂੰ, ‘ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ’ ਡਾ. ਕੰਵਲਜੀਤ ਢਿੱਲੋਂ ਨੂੰ, ‘ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ’ ਡਾ. ਆਤਮਜੀਤ ਅਤੇ ਡਾ. ਸਾਹਿਬ ਸਿੰਘ ਨੂੰ, ‘ਡਾ. ਮੋਹਨਜੀਤ ਯਾਦਗਾਰੀ ਪੁਰਸਕਾਰ’ (45 ਸਾਲ ਤੋਂ ਖੱਟ ਉਮਰ) ਮੀਤ ਅਨਮੋਲ ਨੂੰ ਦਿੱਤਾ ਜਾਵੇਗਾ।
ਸਨਮਾਨਿਤ ਸ਼ਖ਼ਸੀਅਤਾਂ ਨੂੰ ਇੱਕੀ-ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲੇ ਭੇਟਾ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ‘ਅਮੋਲ ਪਰਤਾਪ ਯਾਦਗਾਰੀ ਪੁਰਸਕਾਰ’ ਜਸਵੀਰ ਮੰਡ ਨੂੰ, ‘ਅੰਮ੍ਰਿਤਾ ਇਮਰੋਜ਼ ਪੁਰਸਕਾਰ’ ਸ੍ਰੀ ਸਿਧਾਰਥ ਨੂੰ ਦਿੱਤਾ ਜਾਵੇਗਾ। ਜਿਸ ਵਿੱਚ 51-51 ਹਜ਼ਾਰ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲੇ ਦੋਵੇਂ ਸਨਮਾਨਤ ਸ਼ਖ਼ਸੀਤਾਂ ਨੂੰ ਭੇਟਾ ਕੀਤੇ ਜਾਣਗੇ। ਪਹਿਲੇ ਹੀ ਐਲਾਨ ਕੀਤਾ ਗਿਆ 2015 ਦਾ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ ਰਮਨ ਸੰਧੂ ਅਤੇ 2018 ਲਈ ਦੇਵ ਰਾਜ ਦਾਦਰ ਨੂੰ ਉਪਰੋਕਤ ਪੁਰਸਕਾਰਾਂ ਦੇ ਨਾਲ ਹੀ ਭੇਟ ਕੀਤਾ ਜਾਵੇਗਾ। ਮੀਟਿੰਗ ਮੌਕੇ ਉਕਤ ਤੋਂ ਇਲਾਵਾ ਅਕਾਦਮੀ ਦੀ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ, ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਸੁਰਜੀਤ ਸਿੰਘ, ਸੁਰਿੰਦਰ ਕੈਲੇ, ਡਾ. ਹਰੀ ਸਿੰਘ ਜਾਚਕ, ਵਾਹਿਦ (ਸਤਿਨਾਮ ਸਿੰਘ) ਸ਼ਾਮਲ ਹੋਏ। ਅਕਾਦਮੀ ਦੇ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਚਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਅਕਾਦਮੀ ਵਲੋਂ ਦਿੱਤੇ ਜਾਂਦੇ ਉਪਰੋਕਤ ਸਾਰੇ ਸਨਮਾਨ ਦੋ ਸਾਲ ਬਾਅਦ ਇਕੋ ਵਾਰੀ ਸਨਮਾਨ ਸਮਾਗਮ ਮੌਕੇ ਭੇਟ ਕੀਤੇ ਜਾਇਆ ਕਰਨਗੇ।