For the best experience, open
https://m.punjabitribuneonline.com
on your mobile browser.
Advertisement

ਪੰਜਾਬੀ ’ਵਰਸਿਟੀ ਵੱਲੋਂ ਜਾਂਚ ਦੇ ਭਰੋਸੇ ਮਗਰੋਂ ਪੱਕਾ ਮੋਰਚਾ ਮੁਲਤਵੀ

08:50 AM Sep 19, 2023 IST
ਪੰਜਾਬੀ ’ਵਰਸਿਟੀ ਵੱਲੋਂ ਜਾਂਚ ਦੇ ਭਰੋਸੇ ਮਗਰੋਂ ਪੱਕਾ ਮੋਰਚਾ ਮੁਲਤਵੀ
ਪੰਜਾਬ ਯੂਨੀਵਰਸਿਟੀ ਦੇ ਗੇਟ ਅੱਗੇ ਰੋਸ ਮੁਜ਼ਾਹਰਾ ਕਰਦੇ ਹੋਏ ਵਿਦਿਆਰਥੀ, ਕਿਸਾਨ ਅਤੇ ਐੱਸਓਆਈ ਦੇ ਹਮਾਇਤੀ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਸਤੰਬਰ
ਪੰਜਾਬੀ ਯੂਨੀਵਰਸਿਟੀ ਵਿਚ ਕੁਝ ਵਿਦਿਆਰਥੀ ਜਥੇਬੰਦੀਆਂ ਵਲੋਂ ਅੱਜ ਲਾਇਆ ਗਿਆ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਧਰਨਾ ਪ੍ਰਸ਼ਾਸਨ ਵੱਲੋਂ ਇੱਕੀ ਦਿਨਾਂ ’ਚ ਨਿਰਪੱਖ ਜਾਂਚ ਕਰਵਾਉਣ ਦੇ ਦਿੱਤੇ ਗਏ ਭਰੋਸੇ ਤਹਿਤ ਚੁੱਕਿਆ ਗਿਆ ਹੈ। ਉਂਜ ਦਿਨ ਭਰ ਯੂਨੀਵਰਸਿਟੀ ਦੇ ਮੁੱਖ ਗੇਟ ਵਾਲਾ ਖੇਤਰ ਪੁਲੀਸ ਛਾਉਣੀ ਬਣਿਆ ਰਿਹਾ।
ਦੱਸਣਾ ਬਣਦਾ ਹੈ ਕਿ ਇੱਕ ਵਿਦਿਆਰਥਣ ਦੀ ਹੋਸਟਲ ਵਿਚ ਤਬੀਅਤ ਖਰਾਬ ਹੋ ਗਈ ਸੀ ਤੇ ਉਹ ਉਸੇ ਦਿਨ ਆਪਣੇ ਘਰ ਚਲੀ ਗਈ ਸੀ ਜਿਥੇ ਅਗਲੀ ਸਵੇਰ ਉਸ ਦੀ ਮੌਤ ਹੋ ਗਈ ਸੀ। ਉਧਰ ਵਿਦਿਆਰਥੀਆਂ ਨੇ ਇੱਕ ਅਧਿਆਪਕ ਦੀ ਇਸ ਤਰਕ ਤਹਿਤ ਕੁੱਟਮਾਰ ਕਰ ਦਿੱਤੀ ਸੀ ਕਿ ਇਹ ਲੜਕੀ ਉਸ ਦੇ ਮਾੜੇ ਵਿਹਾਰ ਕਾਰਨ ਪ੍ਰੇਸ਼ਾਨ ਰਹਿੰਦੀ ਸੀ। ਇਸ ਤੋਂ ਇਲਾਵਾ ਅਧਿਆਪਕ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਕਈ ਵਿਦਿਆਰਥੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਸੀ ਪਰ ਵਿਦਿਆਰਥੀਆਂ ਨੇ ਇਸ ਕੇਸ ਨੂੰ ਗਲਤ ਦੱਸਦਿਆਂ ਮੰਗ ਕੀਤੀ ਕਿ ਅਧਿਆਪਕ ਨੂੰ ਮੁਅੱਤਲ ਕੀਤਾ ਜਾਵੇ ਤੇ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾਵੇ। ਇਨ੍ਹਾਂ ਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਹੀ ਅੱਜ ਕੁਝ ਵਿਦਿਆਰਥੀ ਜਥੇਬੰਦੀਆਂ ਵੱਲੋਂ ਮੁੱਖ ਗੇਟ ਵਾਲ਼ੀ ਇੱਕ ਸੜਕ ’ਤੇ ਧਰਨਾ ਦੇ ਕੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਐਸਓਆਈ ਦੇ ਬਾਨੀ ਸਕੱਤਰ ਜਨਰਲ ਤੇ ਅਕਾਲੀ ਆਗੂ ਅਮਿਤ ਰਾਠੀ ਸਮੇਤ ਕਰਨਬੀਰ, ਜੁਗਰਾਜ ਸਿੰਘ ਅਤੇ ਨਿਰਮਲਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ’ਚ ਮ੍ਰਿਤਕ ਵਿਦਿਆਰਥਣ ਦੇ ਪਿੰਡ ਚਾਓਕੇ ਦੇ ਪੰੰਜਾਹ ਦੇ ਕਰੀਬ ਵਸਨੀਕਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਐਸਪੀ ਸਿਟੀ ਸਰਫਰਾਜ਼ ਆਲਮ ਤੇ ਡੀਐਸਪੀ ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠ ਗੇਟ ’ਤੇ ਢਾਈ ਸੌ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ।
ਉਧਰ ਸਵੇਰੇ ਯੂਨੀਵਰਸਿਟੀ ਪੁੱਜੇ ਡੀਸੀ ਸ਼ਾਕਸੀ ਸਾਹਨੀ ਤੇ ਐਸਐਸਪੀ ਵਰੁਣ ਸ਼ਰਮਾ ਨੇ ਯੂਨੀਵਰਸਿਟੀ ਅਧਿਕਾਰੀਆਂ, ਧਰਨਾਕਾਰੀ ਵਿਦਿਆਰਥੀਆਂ ਅਤੇ ਮ੍ਰਿਤਕਾ ਦੇ ਮਾਪਿਆਂ ਤੇ ਪਿੰਡ ਦੇ ਮੋਹਤਬਰਾਂ ਨਾਲ ਵਾਰੋ ਵਾਰੀ ਮੀਟਿੰਗਾਂ ਕੀਤੀਆਂ। ਇਸ ਮੌਕੇ ਜਾਂਚ ਕਮੇਟੀ ਵਿਚ ਸੇਵਾਮੁਕਤ ਜੱੱਜ ਜਸਵਿੰਦਰ ਸਿੰਘ ਨਾਲ ਡਾਕਟਰ ਹਰਸ਼ਿੰਦਰ ਕੌਰ ਨੂੰ ਵੀ ਸ਼ਾਮਲ ਕੀਤਾ ਗਿਆ। ਇਹ ਟੀਮ ਸ਼ਿਕਾਇਤਾਂ ਦੀ ਜਾਂਚ 21 ਦਿਨਾਂ ’ਚ ਮੁਕੰਮਲ ਕਰੇਗੀ। ਇਸ ਤੋਂ ਬਾਅਦ ਟੀਮ ਦੀ ਰਿਪੋਰਟ ਨੂੰ ਕਾਰਵਾਈ ਦਾ ਆਧਾਰ ਬਣਾਇਆ ਜਾਵੇਗਾ। ਜੇ ਅਧਿਆਪਕ ਬੇਕਸੂਰ ਪਾਇਆ ਜਾਂਦਾ ਹੈ ਤਾਂ ਕਾਰਵਾਈ ਨਹੀਂ ਹੋਵੇਗੀ ਪਰ ਜੇ ਉਸ ਦਾ ਕੋਈ ਕਸੂਰ ਸਾਹਮਣੇ ਆਇਆ ਤਾਂ ਕਸੂਰ ਦੇ ਹਿਸਾਬ ਨਾਲ ਵਿਚਾਰਿਆ ਜਾਵੇਗਾ ਕਿ ਪੁਲੀਸ ਕੇਸ ਬਣਦਾ ਹੈ ਜਾਂ ਪ੍ਰਸ਼ਾਸਨਿਕ ਕਾਰਵਾਈ। ਅਧਿਆਪਕ ’ਤੇ ਹਮਲੇ ਸਬੰਧੀ ਕੇਸ ’ਚ ਸ਼ਾਮਲ ਯਾਦਵਿੰਦਰ ਯਾਦੂ, ਮਨਵਿੰਦਰ ਸਿੰਘ ਤੇ ਗੈਵੀ ਦੀ ਭੂਮਿਕਾ ਦੀ ਜਾਂਚ ਪੁਲੀਸ ਕਰੇਗੀ। ਜੇ ਉਹ ਬੇਕਸੂਰ ਪਾਏ ਗਏ ਤਾਂ ਉਨ੍ਹਾਂ ਦਾ ਨਾਂ ਕੇਸ ਵਿਚੋਂ ਕੱਢ ਦਿੱਤਾ ਜਾਵੇਗਾ। ਬਾਅਦ ’ਚ ਐਸਡੀਐਮ ਇਸ਼ਮਤਵਿਜੈ ਸਿੰਘ ਨੇ ਇਨ੍ਹਾਂ ਫੈਸਲਿਆਂ ਬਾਰੇ ਧਰਨੇ ’ਚ ਜਾ ਕੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ, ਜਿਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਡੀਸੀ ਤੇ ਐਸਐਸਪੀ ਨੇ ਇਨ੍ਹਾਂ ਫੈਸਲਿਆਂ ਬਾਰੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨਾਲ ਵੀ ਚਰਚਾ ਕੀਤੀ।

ਪੰਜਾਬੀ ਯੂਨੀਵਰਸਿਟੀ ਵਿੱਚ ਹਿੰਸਾ ਦੀ ਨਿਖੇਧੀ

ਖੰਨਾ (ਟ੍ਰਿਬਿਊਨ ਨਿਊਜ਼ ਸਰਵਿਸ): ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਟਰੱਸਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪੰਜਾਬੀ ਯੂਨੀਵਰਸਿਟੀ ਵਿਚ ਵਾਪਰੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਟਰੱਸਟੀਆਂ ਨੇ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਬੇਵਕਤੀ ਮੌਤ ’ਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਤੇ ਮਿੱਤਰਾਂ ਨਾਲ ਦੁੱਖ ਸਾਂਝਾ ਕਰਦਿਆਂ ਇਸ ਮੌਤ ਦੀ ਆੜ ਹੇਠ ਡਾ. ਸੁਰਜੀਤ ਸਿੰਘ ’ਤੇ ਹੋਏ ਹਮਲੇ ਦੀ ਨਿੰਦਾ ਵੀ ਕੀਤੀ ਹੈ। ਟਰੱਸਟ ਦੀ ਜਨਰਲ ਸਕੱਤਰ ਪ੍ਰਿੰਸੀਪਲ ਅਨੂ ਬਾਹੀਆ ਨੇ ਦੱਸਿਆ ਕਿ ਟਰੱਸਟ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਕਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਵਰਗੇ ਅਦਾਰੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਵੱਡੀ ਚਿੰਤਾ ਦਾ ਵਿਸ਼ਾ ਹੈ।

Advertisement
Author Image

joginder kumar

View all posts

Advertisement
Advertisement
×