ਪੰਜਾਬੀ ’ਵਰਸਿਟੀ ਵਿਦੇਸ਼ੀ ਵਿਦਿਆਰਥੀਆਂ ਦਾ ਰੱਖ ਰਹੀ ਹੈ ਖ਼ਾਸ ਖਿਆਲ

ਰਵੇਲ ਸਿੰਘ ਭਿੰਡਰ
ਪਟਿਆਲਾ, 25 ਮਾਰਚ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦੇ ਵੱਡੀ ਗਿਣਤੀ ਵਿਦੇਸ਼ੀ ਤੇ ਬਾਹਰਲੇ ਰਾਜਾਂ ਦੇ ਵਿਦਿਆਰਥੀ ਸੂਬੇ ਵਿਚ ਲੱਗੇ ਕਰਫਿਊ ਕਾਰਨ ਇੱਥੇ ਫਸ ਗਏ ਹਨ। ਕਰੋਨਾਵਾਇਰਸ ਦੇ ਮੱਦੇਨਜ਼ਰ ਭਾਵੇਂ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਸਨ, ਪ੍ਰੰਤੂ ਵਿਦੇਸ਼ ਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਕਰਫਿਊ ਕਾਰਨ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਹੋਸਟਲਾਂ ਵਿੱਚ ਰੁਕਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉੱਧਰ ਲੌਕਡਾਊਨ ਦਾ ਸਮਾਂ 14 ਅਪਰੈਲ ਤੱਕ ਵਧਣ ਕਰ ਕੇ ਵਿਦਿਆਰਥੀਆਂ ਦੀ ਇੱਛਾ ਹੈ ਕਿ ਉਨ੍ਹਾਂ ਲਈ ਖਾਣੇ ਤੇ ਹੋਰ ਹੋਸਟਲ ਸਹੂਲਤਾਂ ਪਹਿਲਾਂ ਵਾਂਗ ਜਾਰੀ ਰੱਖੀਆਂ ਜਾਣੀਆਂ ਚਾਹੀਦੀਆਂ ਹਨ।
ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਇਸ ਵੇਲੇ ਅਫ਼ਗਾਨਿਸਤਾਨ ਤੇ ਇਥੋਪੀਆ ਦੇ 72 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚ ਦੋਹਾਂ ਮੁਲਕਾਂ ਦੀਆਂ ਅੱਧੀ ਦਰਜਨ ਤੋਂ ਵੱਧ ਲੜਕੀਆਂ ਵੀ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਲਈ ਭਾਵੇਂ ਕਿ ਮੈੱਸ ਦੀ ਸਹੂਲਤ ਉਪਲਬਧ ਹੈ, ਪਰ ਵਧੇਰੇ ਵਿਦਿਆਰਥੀ ਕੱਚੇ ਰਾਸ਼ਨ ਦੀ ਮੰਗ ਕਰ ਰਹੇ ਹਨ ਤਾਂ ਜੋ ਉਹ ਆਪਣੀ ਪਸੰਦ ਦਾ ਖਾਣਾ ਬਣਾ ਤੇ ਖਾ ਸਕਣ। ਲੰਘੀ ਰਾਤ ਵੀ ਹੋਸਟਲ ਪ੍ਰਬੰਧਨ ਨੇ ਅਜਿਹੇ ਵਿਦਿਆਰਥੀਆਂ ਲਈ ਵੱਖਰੇ ਤੌਰ ’ਤੇ ਖਾਣਾ ਤਿਆਰ ਕਰਵਾਇਆ ਸੀ। ਹੁਣ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹੇ ਵਿਦੇਸ਼ੀ ਵਿਦਿਆਰਥੀਆਂ ਦੀ ਮੰਗ ’ਤੇ ਪਹਿਲਾਂ ਵਾਂਗ ਹੀ ਇਨ੍ਹਾਂ ਨੂੰ ਕੱਚਾ ਰਾਸ਼ਨ ਸਪਲਾਈ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਲਈ ਕੁੱਕ ਦਾ ਪ੍ਰਬੰਧ ਵੀ ਵੱਖਰੇ ਤੌਰ ’ਤੇ ਹੋਵੇਗਾ। ਉੱਧਰ, ਹੋਰਨਾਂ ਰਾਜਾਂ ਦੇ ਵਿਦਿਆਰਥੀਆਂ ਲਈ ਹੋਸਟਲ ਪ੍ਰਬੰਧਕਾਂ ਨੇ ਇੱਕ ਮੈੱਸ ਨੂੰ ਫਿਲਹਾਲ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਬਾਹਰਲੇ ਰਾਜਾਂ ਦੇ ਅਜਿਹੇ ਅੱਧੀ ਦਰਜਨ ਦੇ ਕਰੀਬ ਵਿਦਿਆਰਥੀ ਹੋਸਟਲਾਂ ਵਿੱਚ ਠਹਿਰੇ ਹੋਏ ਹਨ। ਯੂਨੀਵਰਸਿਟੀ ਦੇ ਡੀਨ (ਬੁਆਏਜ਼ ਹੋਸਟਲ) ਡਾ. ਤਾਰਾ ਸਿੰਘ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਹੋਸਟਲਾਂ ਵਿੱਚ ਠਹਿਰੇ ਹੋਏ ਹਨ ਉਨ੍ਹਾਂ ਲਈ ਬਾਕਾਇਦਾ ਇੱਕ ਮੈੱਸ ਚੱਲਦੀ ਰੱਖੀ ਹੋਈ ਹੈ ਜਦੋਂ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਹੋਸਟਲ ਜਾਂ ਖਾਣ-ਪੀਣ ਦੇ ਪ੍ਰਬੰਧ ਦਾ ਖਾਸ ਖ਼ਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ’ਤੇ ਕੱਚਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।