ਪੰਜਾਬੀ ’ਵਰਸਿਟੀ ਮਨਾਏਗੀ ਗੁਰੂ ਤੇਗ ਬਹਾਦਰ ਦਾ 350 ਸਾਲਾ ਸ਼ਹੀਦੀ ਦਿਹਾੜਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜੂਨ
ਪੰਜਾਬੀ ਯੂਨੀਵਰਸਿਟੀ ਇਸ ਸਾਲ ਗੁਰੂ ਤੇਗ ਬਹਾਦਰ ਦਾ 350 ਸਾਲਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਵੇਗੀ। ਇਸ ਸ਼ਤਾਬਦੀ ਨੂੰ ਸ਼ਰਧਾ ਨਾਲ ਮਨਾਉਣ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਵੀਸੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਸ਼ੇਸ਼ ਕਮੇਟੀ ਕਾਇਮ ਕੀਤੀ ਗਈ ਹੈ ਜਿਸ ਦੌਰਾਨ ਡਾ. ਪਰਮਵੀਰ ਸਿੰਘ ਕਮੇਟੀ ਦੇ ਕਨਵੀਨਰ ਵਜੋਂ ਭੂਮਿਕਾ ਨਿਭਾਉਣਗੇ ਜਦਕਿ ਡਾ. ਜਸਵਿੰਦਰ ਸਿੰਘ ਬਰਾੜ, ਡਾ. ਦਲਜੀਤ ਸਿੰਘ, ਡਾ. ਸੰਦੀਪ ਕੌਰ ਅਤੇ ਡਾ. ਸੁਖਵਿੰਦਰ ਸਿੰਘ ਮੈਂਬਰਾਂ ਵਜੋਂ ਸ਼ਾਮਲ ਰਹਿਣਗੇ। ਇਸ ਕਮੇਟੀ ਨਾਲ ਪਲੇਠੀ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਸ਼ੇਸ਼ ਤੌਰ ’ਤੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਬਣੀ ਹੈ ਅਤੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣਾ ਇਸ ਉਦੇਸ਼ ਨੂੰ ਨਿਸ਼ਠਾ ਪੂਰਵਕ ਅੱਗੇ ਲਿਜਾਣ ਵਾਲਾ ਕਦਮ ਹੈ। ਇਸ ਮੌਕੇ ਮੀਟਿੰਗ ਦੌਰਾਨ ਵਿਚਾਰ ਕੀਤੀ ਗਈ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਕਾਂਸਟੀਚੂਐਂਟ ਕਾਲਜਾਂ, ਰੀਜ਼ਨਲ ਸੈਂਟਰਾਂ, ਨੇਬਰਹੁੱਡ ਕੈਂਪਸਾਂ ਅਤੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਇਸ ਦੌਰਾਨ ਕਮੇਟੀ ਦੇ ਕਨਵੀਨਰ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਅਤੇ ਸਿੱਖ ਸਾਹਿਤ ਸਬੰਧੀ ਬਹੁਤ ਸਾਰੇ ਅਕਾਦਮਿਕ ਕਾਰਜ ਨਿਰੰਤਰ ਜਾਰੀ ਹਨ ਅਤੇ ਇਸ ਸ਼ਤਾਬਦੀ ਨੂੰ ਸਮਰਪਿਤ ‘ਗੁਰੂ ਤੇਗ ਬਹਾਦਰ ਜੀ: ਜੀਵਨ, ਬਾਣੀ ਅਤੇ ਪ੍ਰਮੱਖ ਯਾਦਗਾਰਾਂ’ ਨਾਮੀਂ ਵਿਸ਼ੇਸ਼ ਪੁਸਤਕ ਵੀ ਤਿਆਰ ਕੀਤੀ ਜਾ ਰਹੀ ਹੈ।
ਵੀਸੀ ਵੱਲੋਂ ਤਿੰਨ ਹੋਸਟਲਾਂ ਦਾ ਦੌਰਾ
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਕੈਂਪਸ ਦੇ ਤਿੰਨ ਹੋਸਟਲਾਂ ਦਾ ਦੌਰਾ ਕੀਤਾ ਗਿਆ। ਉਹ ਮਾਈ ਭਾਗੋ ਹੋਸਟਲ, ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਅਤੇ ਡਾ. ਭੀਮ ਰਾਓ ਅੰਬੇਡਕਰ ਹੋਸਟਲ ਦੀਆਂ ਵੱਖ-ਵੱਖ ਥਾਵਾਂ ਉੱਤੇ ਗਏ ਅਤੇ ਵੱਖ-ਵੱਖ ਸੁਵਿਧਾਵਾਂ ਦੀ ਜਾਂਚ ਕੀਤੀ। ਉਨ੍ਹਾਂ ਹੋਸਟਲਾਂ ਦੇ ਕਮਰਿਆਂ, ਵਾਸ਼ਰੂਮ ਤੇ ਪਖਾਨਿਆਂ ਦੀ ਜਾਂਚ ਕੀਤੀ ਅਤੇ ਇਨ੍ਹਾਂ ਦੇ ਸੁਧਾਰ ਹਿੱਤ ਲੋੜੀਂਦੇ ਕਾਰਜ ਤੁਰੰਤ ਸ਼ੁਰੂ ਕਰਨ ਬਾਰੇ ਇੰਜਨੀਅਰਿੰਗ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।