ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ
ਮੰਗਤ ਕੁਲਜਿੰਦ
ਸਿਆਟਲ: ਆਪਣੇ ਸਾਹਿਤਕ ਉਦੇਸ਼ਾਂ ਦੀ ਪ੍ਰਾਪਤੀ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ‘ਰੰਧਾਵਾ ਫਾਊਂਡੇਸ਼ਨ, ਕੈਂਟ ਸਿਆਟਲ’ ਵਿਖੇ ਇੱਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ 52ਵੀਂ ਬਰਸੀ ’ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਸਨਮਾਨ ਸਮਾਰੋਹ ਅਤੇ ਸੰਗੀਤਕ ਕਵੀ ਦਰਬਾਰ ਸਮਾਗਮ ਦੇ ਮੁੱਖ ਖਿੱਚ ਦੇ ਕੇਂਦਰ ਸਨ। ਕਈ ਦਹਾਕਿਆਂ ਤੋਂ ਅਮਰੀਕਾ ਵਿੱਚ ਵੱਸ ਰਹੇ ਵਿਦਵਾਨ ਬਹੁ-ਭਾਸ਼ੀ ਸਾਹਿਤਕਾਰ ਡਾ.ਪ੍ਰੇਮ ਕੁਮਾਰ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ।
ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਸ਼ਿਵ ਕੁਮਾਰ ਬਟਾਲਵੀ ਵੱਲੋਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਈਆਂ ਕਿਤਾਬਾਂ- ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਲੂਣਾ ਆਦਿ ਦੀ ਜਾਣਕਾਰੀ ਸਾਂਝੀ ਕੀਤੀ। ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਸਨਮਾਨਿਤ ਸ਼ਖ਼ਸੀਅਤ ਡਾ. ਪ੍ਰੇਮ ਕੁਮਾਰ ਦੀ ਜਾਣ ਪਹਿਚਾਣ ਕਰਵਾਈ ਅਤੇ ਸ਼ਿਵ ਦੀ ‘ਲੂਣਾ’ ਦਾ ਜ਼ਿਕਰ ਕਰਦਿਆਂ ਬਲਿਹਾਰ ਲੇਹਲ ਨੇ ਅੱਜ ਦੀ ‘ਲੂਣਾ’ ਬਾਰੇ ਕੁੱਝ ਸੋਚਣ ਲਈ ਸਮਾਜ ਨੂੰ ਪ੍ਰੇਰਿਆ ਜੋ ਸਮਾਜ ਦੇ ਧੱਕਿਆਂ ਦੀਆਂ ਸ਼ਿਕਾਰ ਹੋ ਕੇ ਅੱਲ੍ਹੜ-ਉਮਰੇ ਕੈਨੇਡਾ ਦੀ ਫ੍ਰੇਜਰ ਨਦੀ ਦੇ ਪੁਲ ਤੋਂ ਛਾਲ ਮਾਰ ਕੇ ਆਪਣੀਆਂ ਜੀਵਨ-ਲੀਲਾਵਾਂ ਸਮਾਪਤ ਕਰ ਚੁੱਕੀਆਂ ਹਨ ਜਾਂ ਕਰ ਰਹੀਆਂ ਹਨ।
‘ਲੂਣਾ’ ਵਰਗੇ ਮਹਾਂਕਾਵਿ ਨਾਲ ਔਰਤਾਂ ਦੀ ਪ੍ਰਚੱਲਿਤ ਦਸ਼ਾ-ਦਿਸ਼ਾ ਨੂੰ ਨਵੇਂ ਅਰਥ ਪ੍ਰਦਾਨ ਕਰਨ ਵਾਲੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਕਈ ਪੱਖਾਂ ’ਤੇ ਚਾਨਣਾ ਪਾਉਂਦਿਆਂ, ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਡਾ. ਪ੍ਰੇਮ ਕੁਮਾਰ ਨੇ ਉਨ੍ਹਾਂ ਦੀਆਂ ਰਚਨਾਵਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਕਈ ਖ਼ਾਸ ਘਟਨਾਵਾਂ ਜੋ ਉਨ੍ਹਾਂ ਦੇ ਸੁਭਾਅ, ਰਹਿਣ ਸਹਿਣ ਦੇ ਢੰਗ ਦੇ ਕਈ ਪੱਖਾਂ ਨੂੰ ਉਭਾਰਦੀਆਂ ਸਨ, ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ। ਅਵਤਾਰ ਸਿੰਘ ਆਦਮਪੁਰੀ, ਰਾਜਿੰਦਰ ਸਿੰਘ ਮਿਨਹਾਸ, ਹਰਜਿੰਦਰ ਸਿੰਘ ਸੰਧਾਵਾਲੀਆ, ਹਰਸ਼ਿੰਦਰ ਸਿੰਘ ਸੰਧੂ, ਕਿਰਨ ਸੋਹਲ, ਮਨਜੀਤ ਕੌਰ ਕੋਟਕਪੂਰਾ, ਜਗੀਰ ਸਿੰਘ, ਉਪਿੰਦਰ ਸਿੰਘ ਢੀਂਡਸਾ, ਹਰਦੇਵ ਸਿੰਘ ਜੱਜ, ਹਰਕੀਰਤ ਕੌਰ, ਜੰਗਪਾਲ ਸਿੰਘ ਆਦਿ ਨੇ ਸ਼ਿਵ ਦੀਆਂ ਲੋਕ-ਸਾਹਿਤ ਦਾ ਹਿੱਸਾ ਬਣੀਆਂ ਅਤੇ ਅਮਰ ਹੋ ਚੁੱਕੀਆਂ ਲਿਖਤਾਂ ਦੀ ਗੱਲ ਕੀਤੀ।
ਪੰਜਾਬੀ ਲਿਖਾਰੀ ਸਭਾ ਸਿਆਟਲ ਲਈ ਦਹਾਕਿਆਂ ਤੋਂ ਸਮਰਪਣ ਦੀ ਭਾਵਨਾ ਨਾਲ ਕੰਮ ਕਰ ਰਹੇ ਅਤੇ ਆਪਣੀਆਂ ਸੇਵਾਵਾਂ ਦੇ ਕੇ ਆਉਣ ਵਾਲੀ ਪੀੜ੍ਹੀ ਲਈ ਤਕੜਾ ਪਲੈਟਫਾਰਮ ਮੁਹੱਈਆ ਕਰਵਾਉਣ ਵਾਲੇ ਸਭਾ ਦੇ ਸਤਿਕਾਰਤ ਸੀਨੀਅਰ ਮੈਂਬਰ ਡਾ.ਪ੍ਰੇਮ ਕੁਮਾਰ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ। ਸਭਾ ਦੇ ਸਮੂਹ ਮੈਂਬਰਾਂ, ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਸਨਮਾਨ-ਚਿੰਨ੍ਹ ਦੇ ਕੇ ਅਤੇ ਉਨ੍ਹਾਂ ਦੀ ਧਰਮ ਪਤਨੀ ਸਵਰਨ ਕੁਮਾਰ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਸ਼ਹਿਰ ਦੀਆਂ ਕਈ ਹੋਰ ਬਹੁ-ਗੁਣੀ ਸ਼ਖ਼ਸੀਅਤਾਂ ਨੂੰ ਵੀ ਸਭਾ ਵੱਲੋਂ ਸਨਮਾਨਿਆ ਗਿਆ।
ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਵੱਲੋਂ ਧੀ-ਪਿਉ ਦੇ ਨਿੱਘੇ ਰਿਸ਼ਤੇ ਉੱਪਰ ਆਪਣਾ ਗੀਤ ‘ਤੇਰੇ ਮਹਿਲਾਂ ਵਿੱਚ ਪਾਇਆ ਮੈਂ ਤੇਰਾ ਪਿਆਰ ਬਾਪੂ... ਪੇਸ਼ ਕੀਤਾ। ਪੰਜਾਬੀ ਗਾਇਕ ਬਲਬੀਰ ਸਿੰਘ ਲਹਿਰਾ ਨੇ ਸ਼ਿਵ ਦੇ ਗੀਤ ‘ਕੀ ਪੁੱਛਦੇ ਹੋ ਹਾਲ ਫਕੀਰਾਂ ਦਾ...’ ਨੂੰ ਪੇਸ਼ ਕੀਤਾ। ‘ਮਾਂ ਦਿਵਸ’ ਨੂੰ ਸਮਰਪਿਤ ਗੀਤ, ‘ਰੱਬ ਦਾ ਭਾਣਾ ਮੰਨਣਾ ਪੈਣਾ, ਹੋ ਕੇ ਰਹਿ ਗਏ ਹਾਂ ਮਜਬੂਰ’ ਮਾਂ ਨੂੰ ਯਾਦ ਕਰਦਾ ਗੀਤ ਸਾਧੂ ਸਿੰਘ ਝੱਜ ਦੇ ਮਨ ਦੀ ਹੂਕ ਸੀ। ਦਵਿੰਦਰ ਹੀਰਾ ਨੇ ‘ਪੂਜੋੋ ਉਨ੍ਹਾਂ ਨੇਕ ਇਨਸਾਨਾਂ ਨੂੰ...’ ਜਸਬੀਰ ਸਿੰਘ ਬਾਦਨ ਦੇ ਹਾਰਮੋਨੀਅਮ ਦੀਆਂ ਧੁਨਾਂ ਨਾਲ ਪੇਸ਼ ਕੀਤਾ। ਰੇਖਾ ਸੂਦ ਦਾ ਗੀਤ ‘ਭੈੜੇ ਦੁੱਖ ਯਾਰੀਆਂ ਦੇ ਮੈਂ ਧੂੰਏਂ ਦੇ ਪੱਜ ਰੋਵਾਂ’ ਔਰਤ ਦੀ ਵੇਦਨਾ ਕਹਿ ਰਿਹਾ ਸੀ।
ਆਸੇ ਪਾਸੇ ਦੇ ਇਲਾਕੇ ਵਿੱਚੋਂ ਅਤੇ ਵਿਸ਼ੇਸ਼ ਤੌਰ ’ਤੇ ਬੈਲਿੰਗਹੈਮ ਸ਼ਹਿਰ ਤੋਂ ਪਹੁੰਚੇ ਸਤਿਕਾਰਤ ਵਿਅਕਤੀਆਂ ਨਾਲ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲੱਗ ਗਏ। ਲਾਲੀ ਸੰਧੂ, ਜਸਵੀਰ ਸਹੋਤਾ, ਸ਼ਿੰਦਰਪਾਲ ਸਿੰਘ ਔਜਲਾ, ਜਸਵਿੰਦਰ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਪਰਾਨ ਵਾਹੀ, ਸੰਤੋਸ਼ ਵਾਹੀ, ਗੁਰਮੁੱਖ ਸਿੰਘ, ਰਾਕੇਸ਼ ਖੰਨਾ, ਨਰਿੰਦਰ ਸੂਦ, ਬਲਵੰਤ ਸਿੰਘ, ਦਲਜੀਤ ਸਿੰਘ, ਜਸਬੀਰ ਸਿੰਘ, ਚਰਨਜੀਤ ਸਿੰਘ, ਹਰਦੀਪ ਸਿੰਘ ਗਿੱਲ, ਰਸ਼ਮੀ ਸ਼ਰਮਾ, ਜੋਤੀ ਕੌਰ ਵਾਡਨ, ਸੁਖਦਰਸ਼ਨ ਸਿੰਘ, ਇੰਦਰਜੀਤ ਕੌਰ ਮਨਹਾਸ, ਗੁਰਿੰਦਰ ਗਰੇਵਾਲ, ਗੁਰਜੀਤ ਕੌਰ ਗਰੇਵਾਲ, ਸੁੱਚਾ ਸਿੰਘ ਗਿੱਲ, ਕੰਵਲਜੀਤ ਕੌਰ ਗਿੱਲ, ਪਰਮਜੀਤ ਸਿੰਘ ਸ਼ੇਰਗਿੱਲ, ਮਨਮੋਹਨ ਸਿੰਘ ਧਾਲੀਵਾਲ, ਜਾਤਿੰਦਰ ਕੌਰ ਧਾਲੀਵਾਲ, ਜਸਵੀਰ ਸਿੰਘ ਸਹੋਤਾ, ਰਮਿੰਦਰਪਾਲ ਸਿੰਘ ਗਿੱਲ, ਅਮਰੀਕ ਸਿੰਘ ਰੰਧਾਵਾ, ਸ਼ਿਵ ਬੱਤਰਾ, ਬਿਕਰਮਜੀਤ ਸਿੰਘ ਚੀਮਾ, ਗੁਰਮੀਤ ਸਿੰਘ ਥਿੰਦ, ਪਵਨਜੀਤ ਸਿੰਘ ਗਿੱਲ, ਸੈਮ ਵਿਰਕ, ਮਲਕੀਤ ਸਿੰਘ, ਸ਼ਾਹ ਨਿਵਾਜ਼ ਅੱਜ ਦੇ ਸਮਾਗਮ ਦੀ ਸ਼ਾਨ ਸਨ।
ਸਟੇਜ ਸੰਚਾਲਨ ਕਰਿਦਆਂ ਪ੍ਰਿਤਪਾਲ ਸਿੰਘ ਟਿਵਾਣਾ, ਰਣਜੀਤ ਸਿੰਘ ਮੱਲ੍ਹੀ ਨੇ ਰੋਚਕਤਾ ਬਣਾਈ ਰੱਖੀ। ਅੰਤ ਵਿੱਚ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਸਭਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਭਾ ਨੂੰ ਸਿਖਰ ’ਤੇ ਪਹੁੰਚਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਬਠਿੰਡਾ ਤੋਂ ਨਿਕਲਦੇ ਹਾਸ ਵਿਅੰਗ ਦੇ ਤਿਮਾਹੀ ਮੈਗਜ਼ੀਨ ‘ਸ਼ਬਦ ਤ੍ਰਿੰਝਣ’ ਦੇ ਨਵੇਂ ਅੰਕ ਨੂੰ ਅਤੇ ਦੇਸ਼ ਵਿਦੇਸ਼ ਦੇ ਨਵੇਂ ਉੱਭਰਦੇ ਕਵੀ-ਕਵਿਤਰੀਆਂ ਦੇ ਸਾਂਝੇ ਕਾਵਿ-ਸੰਗ੍ਰਹਿ ‘ਮੁਹੱਬਤਾਂ ਸਾਂਝੇ ਪੰਜਾਬ ਦੀਆਂ’ ਨੂੰ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਰਿਲੀਜ਼ ਕੀਤਾ ਗਿਆ।
ਸੰਪਰਕ: +1 425 286 0163