ਪੰਜਾਬੀ ਯੂਨੀਵਰਸਿਟੀ ਦੀ ਤਾਜ਼ਾ ਖੋਜ; ਪੁਰਾਣੇ ਦਸਤਾਵੇਜ਼ਾਂ ਵਿੱਚ ਵਰਤੀ ਸਿਆਹੀ ਤੋਂ ਲੱਗ ਸਕੇਗਾ ਲਿਖਤ ਦੇ ਸਮੇਂ ਬਾਰੇ ਅੰਦਾਜ਼ਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜੂਨ
ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਤਾਜ਼ਾ ਖੋਜ ਰਾਹੀਂ ਈਜਾਦ ਕੀਤੇ ਗਏ ਵਿਗਿਆਨਕ ਤਰੀਕਿਆਂ ਅਤੇ ਪ੍ਰਮਾਣਿਤ ਤਕਨੀਕ ਰਾਹੀਂ ਹੁਣ ਪੁਰਾਣੇ ਦਸਤਾਵੇਜ਼ਾਂ ਦੀਆਂ ਲਿਖਤਾਂ ਵਿੱਚ ਵਰਤੀ ਗਈ ਸਿਆਹੀ ਦੇ ਅਧਾਰ ’ਤੇ ਉਨ੍ਹਾਂ ਦੇ ਲਿਖੇ ਜਾਣ ਦੇ ਸਮੇਂ ਜਾਂ ਉਮਰ ਬਾਰੇ ਸਹੀ ਪਤਾ ਲਗਾਇਆ ਜਾਣਾ ਸੰਭਵ ਹੈ। ਯੂਨੀਵਰਸਿਟੀ ਦੇ ਫ਼ੋਰੈਂਸਿਕ ਵਿਗਿਆਨ ਵਿਭਾਗ ਵਿਖੇ ਪ੍ਰੋ. ਕੋਮਲ ਸੈਣੀ ਦੀ ਨਿਗਰਾਨੀ ਵਿੱਚ ਖੋਜਾਰਥੀ ਵਿਨਾਇਕ ਗੁਪਤਾ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਜੈੱਲ ਪੈੱਨ ਸਿਆਹੀ ਨੂੰ ਇਸ ਵਿੱਚ ਮੌਜੂਦ ਵਿਲੱਖਣ ਰਸਾਇਣਕ ਤੱਤਾਂ ਦੇ ਅਧਾਰ ’ਤੇ ਵੱਖ-ਵੱਖ ਤੌਰ ਉੱਤੇ ਪਛਾਣੇ ਜਾਣ ਅਤੇ ਵੱਖ-ਵੱਖ ਲਿਖ਼ਤਾਂ ਵਿੱਚ ਫ਼ਰਕ ਸਥਾਪਤ ਕਰਨ ਦੀ ਤਕਨੀਕ ਵਿਕਸਤ ਕੀਤੀ ਗਈ ਹੈ।
ਪ੍ਰੋ. ਕੋਮਲ ਸੈਣੀ ਨੇ ਦੱਸਿਆ ਕਿ ਵਸੀਅਤ, ਇਕਰਾਰਨਾਮੇ, ਸਮਝੌਤੇ, ਪੱਤਰ ਆਦਿ ਦਸਤਾਵੇਜ਼, ਜੋ ਕਿ ਬਹੁਤ ਸਾਰੀਆਂ ਕਾਨੂੰਨੀ ਕਾਰਵਾਈਆਂ ਦੀ ਰੀੜ੍ਹ ਦੀ ਹੱਡੀ ਬਣਦੇ ਹਨ, ਅਕਸਰ ਆਪਣੀ ਪ੍ਰਮਾਣਿਕਤਾ, ਮੌਲਿਕਤਾ ਅਤੇ ਲਿਖ਼ਤ ਸ਼ੈਲੀ ਆਦਿ ਪੱਖਾਂ ਤੋਂ ਇਸ ਸਬੰਧੀ ਜਾਂਚ ਅਧੀਨ ਆਉਂਦੇ ਹਨ। ਅਜਿਹੇ ਦਸਤਾਵੇਜ਼ਾਂ ਵਿੱਚ ਵਰਤੀ ਗਈ ਸਿਆਹੀ ਦੇ ਸਮੇਂ ਨੂੰ ਸਥਾਪਤ ਕਰਨ, ਉਨ੍ਹਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਪੱਖ ਤੋਂ ਇਹ ਵਿਧੀ ਅਹਿਮ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਏਜੰਸੀਆਂ ਅਤੇ ਨਿਆਂਇਕ ਅਧਿਕਾਰੀਆਂ ਨੂੰ ਫ਼ੈਸਲੇ ਲੈਣ ਵਿੱਚ ਸਹਾਇਤਾ ਕਰ ਸਕਣ ਦੀ ਸਮਰਥਾ ਵਾਲ਼ੀ ਇਸ ਖੋਜ ਦੀ ਫ਼ੋਰੈਂਸਿਕ ਵਿਗਿਆਨ ਅਤੇ ਕਾਨੂੰਨ ਖੇਤਰ ਦੇ ਮਾਹਿਰਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਇਸ ਅਧਿਐਨ ਦੇ ਨਤੀਜੇ ਕੌਮਾਂਤਰੀ ਵਿਗਿਆਨਕ ਰਸਾਲਿਆਂ ਵਿੱਚ ਛਪ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਅਧਿਐਨ ਤਹਿਤ ਜੈੱਲ ਪੈੱਨ ਸਿਆਹੀ ਦੀ ਰਸਾਇਣਕ ਰਚਨਾ ਦੀ ਜਾਂਚ ਕਰਨ ਲਈ ਵੱਖ-ਵੱਖ ਵਿਸ਼ਲੇਸ਼ਣਾਤਮਕ ਤਕਨੀਕਾਂ ਵਰਤੀਆਂ ਗਈਆਂ ਜਿਨ੍ਹਾਂ ਵਿੱਚ ਖਾਸ ਤੌਰ ’ਤੇ ਗੈਸ ਕ੍ਰੋਮੈਟੋਗ੍ਰਾਫੀ-ਮਾਸ ਸਪੈਕਟ੍ਰੋਮੈਟਰੀ ਦੀ ਵਰਤੋਂ ਕੀਤੀ ਗਈ। ਖੋਜਾਰਥੀ ਡਾ. ਵਿਨਾਇਕ ਗੁਪਤਾ ਨੇ ਦੱਸਿਆ ਕਿ ਨਤੀਜਿਆਂ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਨੂੰ ਵੱਡੇ ਪੱਧਰ ਉੱਤੇ ਅੰਕੜਿਆਂ ਦੇ ਵਿਸ਼ਲੇਸ਼ਣਾਂ ਨਾਲ਼ ਪਰਖਿਆ ਗਿਆ ਜਿਸ ਵਿੱਚੋਂ ਅਹਿਮ ਨਤੀਜੇ ਸਾਹਮਣੇ ਆਏ। ਵਿਸ਼ਲੇਸ਼ਣ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਵਿਧੀ ਨੂੰ ਫ਼ੋਰੈਂਸਿਕ ਮਾਹਰਾਂ ਵੱਲੋਂ ਆਪਣੀ ਜਾਂਚ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ਼ ਲਾਗੂ ਕੀਤਾ ਜਾ ਸਕਦਾ ਹੈ। ਦਸਤਾਵੇਜ਼ਾਂ ਦੀ ਜ਼ਾਅਲਸਾਜ਼ੀ, ਛੇੜਛਾੜ ਅਤੇ ਕਾਨੂੰਨੀ ਤੌਰ ’ਤੇ ਮਹੱਤਵਪੂਰਨ ਦਸਤਾਵੇਜ਼ਾਂ ਵਿੱਚ ਤਬਦੀਲੀ ਕੀਤੇ ਜਾਣ ਨਾਲ਼ ਸਬੰਧਤ ਮਾਮਲਿਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਮਿਲੇਗੀ।
ਉਨ੍ਹਾਂ ਕਿਹਾ ਕਿ ਫ਼ੋਰੈਂਸਿਕ ਦਸਤਾਵੇਜ਼ ਜਾਂਚਕਰਤਾ ਅਕਸਰ ਅਜਿਹੇ ਮੁੱਦਿਆਂ ਨਾਲ਼ ਨਜਿੱਠਦੇ ਹਨ ਜਿੱਥੇ ਕਾਨੂੰਨੀ ਪ੍ਰਣਾਲੀ ਲਈ ਗੰਭੀਰ ਚੁਣੌਤੀਆਂ ਦਰਪੇਸ਼ ਹੁੰਦੀਆਂ ਹਨ। ਫ਼ੋਰੈਂਸਿਕ ਜਾਂਚਾਂ ਦੇ ਸੰਦਰਭ ਵਿੱਚ ਇਸ ਖੋਜ ਦੀ ਅਹਿਮ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਸਤਾਵੇਜ਼ ਅਕਸਰ ਅਪਰਾਧਿਕ ਅਤੇ ਸਿਵਲ ਦੋਵਾਂ ਮਾਮਲਿਆਂ ਵਿੱਚ ਅਹਿਮ ਸਬੂਤ ਵਜੋਂ ਭੂਮਿਕਾ ਨਿਭਾਉਂਦੇ ਹਨ।