ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਸਮਾਗਮ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਫਰਵਰੀ
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਠਵਾਂ ਵਿਦਿਆਰਥੀ ਸਨਮਾਨ ਸਮਾਗਮ ਮਹੰਤ ਲਛਮਣ ਦਾਸ (ਐੱਮਐੱਲਡੀ) ਸੀਨੀਅਰ ਸੈਕੰਡਰ ਸਕੂਲ ਤਲਵੰਡੀ ਕਲਾਂ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਰੁਚੀ ਪੈਦਾ ਕਰਨ ਲਈ ਵਿਚਾਰ-ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਨਾਵਲਕਾਰ ਮਿੱਤਰ ਸੈਨ ਮੀਤ, ਬਾਲ ਲੇਖਕ ਅਮਰੀਕ ਸਿੰਘ ਤਲਵੰਡੀ, ਜਸਵਿੰਦਰ ਸਿੰਘ ਗਰਚਾ ਕੈਨੇਡਾ, ਦਵਿੰਦਰ ਸਿੰਘ ਸੇਖਾ, ਸੁਖਜਿੰਦਰ ਪਾਲ ਸਿੰਘ, ਸੁਭਾਸ਼ ਸਲਵ੍ਹੇ, ਪਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਮੋਹੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਾਮਲ ਹੋਏ। ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਾਹਿਤ ਸਿਰਜਣਾ ਲਈ ਸੁਖਮਨਦੀਪ ਕੌਰ, ਸ਼ੁੱਧ ਉਚਾਰਣ ਲਈ ਤੇਜਵੀਰ ਕੌਰ, ਗਾਇਨ ਲਈ ਈਸ਼ਵਰਪਾਲ ਸਿੰਘ, ਸੁੰਦਰ ਲਿਖਾਈ ਲਈ ਗੁਰਸ਼ੀਨ ਕੌਰ, ਕਲਾ ਲਈ ਗੁਰਪ੍ਰੀਤ ਸਿੰਘ, ਆਰਟ ਲਈ ਮਹਿਕਪ੍ਰੀਤ ਕੌਰ ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਨਾਵਲਕਾਰ ਮਿੱਤਰ ਸੈਨ ਮੀਤ, ਜਸਵਿੰਦਰ ਸਿੰਘ ਗਰਚਾ ਕੈਨੇਡਾ, ਦਵਿੰਦਰ ਸਿੰਘ ਸੇਖਾ ਅਤੇ ਸੁਖਜਿੰਦਰ ਪਾਲ ਸਿੰਘ ਨੇ ਸਕੂਲ ਬੈਗਾਂ, ਪੁਸਤਕਾਂ, ਪੈਂਤੀ ਅੱਖਰੀ ਕਲਿੱਪ ਬੋਰਡਾਂ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਕਲਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਜਸਵਿੰਦਰ ਸਿੰਘ ਗਰਚਾ ਨੇ ਕਿਹਾ ਕਿ ਸੱਤ ਸਮੁੰਦਰੋਂ ਪਾਰ ਵੀ ਪੰਜਾਬੀ ਦਾ ਬੋਲ ਬਾਲਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਵਿੱਚ ਲੱਗਣ ਵਾਲੇ ਬੋਰਡਾਂ ਉੱਪਰ ਪਹਿਲਾਂ ਪੰਜਾਬੀ ਹੋਣੀ ਚਾਹੀਦੀ ਹੈ। ਬਾਲ ਲੇਖਕ ਸ਼੍ਰੋਮਣੀ ਸਾਹਿਤਕਾਰ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਅਮਰੀਕ ਸਿੰਘ ਤਲਵੰਡੀ ਦਾ ਐੱਮਐੱਲਡੀ ਸਕੂਲ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਬਲਦੇਵ ਬਾਵਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਿਹਾ ਕਿ ਨਵੀਂ ਪੀੜ੍ਹੀ ਵਿੱਚ ਮਾਤ ਭਾਸ਼ਾ ਪ੍ਰਤੀ ਜਾਗਰੂਕਤਾ ਅਤੇ ਮਹਾਨਤਾ ਬਾਰੇ ਸੁਚੇਤ ਕਰਨਾ ਚੰਗਾ ਕਦਮ ਹੈ। ਅੱਜ ਵਿਸ਼ਵ ਦੇ ਹਰ ਸ਼ਹਿਰ ਵਿੱਚ ਪੰਜਾਬ ਵੱਸਦਾ ਹੈ ਪੰਜਾਬੀ ਆਪਣਾ ਸਭਿਆਚਾਰ ਧਰਮ ਅਤੇ ਭਾਸ਼ਾ ਵਿਦੇਸ਼ਾਂ ਵਿੱਚ ਵੀ ਲੈ ਗਏ ਹਨ। ਅੰਤ ਵਿੱਚ ਮੈਡਮ ਜਸਮਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।