ਪੰਜਾਬੀ ਗੀਤਕਾਰੀ ਤੇ ਗਾਇਕੀ, ਕੱਲ੍ਹ ਤੇ ਅੱਜ
ਭੋਲਾ ਸਿੰਘ ਸ਼ਮੀਰੀਆ
ਸੰਗੀਤਮਈ ਬੋਲ ਉਹ ਹੀ ਰੂਹ ਨੂੰ ਸਕੂਨ ਬਖ਼ਸ਼ਦੇ ਹਨ ਜੋ ਅੱਖਾਂ ਬੰਦ ਕਰਕੇ ਕੰਨਾਂ ਨਾਲ ਸਰਵਣ ਕੀਤੇ ਜਾਣ। ਅੱਜ ਤੋਂ ਅੱਠ-ਦਸ ਦਹਾਕੇ ਪਹਿਲਾਂ ਜਦੋਂ ਮੇਲਿਆਂ ਜਾਂ ਅਖਾੜਿਆਂ ਵਿੱਚ ਕਵੀਸ਼ਰ ਜਾਂ ਢਾਡੀ ਤੁਰ ਫਿਰ ਕੇ ਗੌਣ ਸੁਣਾਇਆ ਕਰਦੇ ਸਨ, ਉਦੋਂ ਢਾਡੀਆਂ ਜਾਂ ਕਵੀਸ਼ਰਾਂ ਦੀ ਆਵਾਜ਼ ਵੀ ਸਪੀਕਰ ਵਰਗੀ ਹੋਇਆ ਕਰਦੀ ਸੀ। ਲੋਕ ਗੋਲ ਚੱਕਰ ਬਣਾ ਕੇ ਉਨ੍ਹਾਂ ਢਾਡੀਆਂ ਨੂੰ ਸੁਣਦੇ ਸਨ। ਪਿੰਡਾਂ ਦੇ ਲੋਕ ਮੇਲਿਆਂ ’ਤੇ ਵਹੀਰਾਂ ਘੱਤ ਕੇ ਇਹ ਗੌਣ ਸੁਣਨ ਲਈ ਜਾਂਦੇ ਸਨ ਕਿਉਂਕਿ ਉਸ ਸਮੇਂ ਸਾਜ਼ਾਂ ਦਾ ਸ਼ੋਰ-ਸ਼ਰਾਬਾ ਨਹੀਂ ਸੀ।
ਕਿਤੇ ਦੂਰੋਂ ਆਉਂਦੀ ਗਮੰਤਰੀਆਂ ਦੀ ਆਵਾਜ਼ ਨੂੰ ਸੁਣ ਕੇ ਲੋਕ ਤੁਰੇ ਜਾਂਦੇ ਵੀ ਖੜ੍ਹ ਜਾਇਆ ਕਰਦੇ ਸਨ। ਖੇਤ ਹਲ਼ ਵਾਹੁੰਦੇ ਕਿਸਾਨ ਜਦੋਂ ਦੂਰ ਕਿਤੇ ਲਾਊਡ ਸਪੀਕਰ ’ਤੇ ਅਮਰ ਸਿੰਘ ਸ਼ੌਂਕੀ ਦੀ ‘ਸਾਹਿਬਾਂ ’ਵਾਜ਼ਾਂ ਮਾਰਦੀ’ ਜਾਂ ‘ਤਿੰਨ ਸੌ ਕਾਨੀ ਸਾਰਦੀ, ਮੇੇਰੇ ਲੱਕ ਲਟਕੇ ਸ਼ਮਸੀਰ। ਨੀਂ ਉਹ ਪੱਤਿਆਂ ਵਾਂਗਰ ਉੱਡਣਗੇ, ਜਦ ਮਾਰੇ ਜੱਟ ਨੇ ਤੀਰ’ ਸੁਣਦੇ ਤਾਂ ਹਰ ਸਤਰ ਦੇ ਆਖਰੀ ਤੋੜੇ ਦੇ ਨਾਲ ਉੱਚੀਂ-ਉੱਚੀਂ ਆਪ ਵੀ ਗਾਉਣ ਲੱਗ ਪੈਂਦੇ ਸਨ। ਢਾਡੀ ਬਚਨ ਸਿੰਘ ਗਾਉਂਦਾ, ‘ਇੱਕ ਤਾਂ ਆਂਹਦੀ ਸਾਧਾ ਵਿਆਹਤੀ ਕੰਤ ਨਿਆਣੇ ਨੂੰ’, ਕਵੀਸ਼ਰ ਕਰਨੈਲ ਸਿੰਘ ਪਾਰਸ ਗਾਉਂਦਾ ਹੁੰਦਾ ਸੀ, ‘ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ’, ਮਿਲਖੀ ਰਾਮ ਜਦ ਗਾਉਂਦਾ, ‘ਤੋਤਾ ਢੋਲ ਦਾ ਰੋਵੇ ਤੇ ਕੁਰਲਾਵੇ’ ਤਾਂ ਅੱਖਾਂ ਬੰਦ ਕਰਕੇ ਸੁਣਨ ਵਾਲੇ ਦੀ ਰੂਹ ਕਹਾਣੀ ਦੇ ਪਾਤਰਾਂ ਦੇ ਅੰਗ-ਸੰਗ ਜਾ ਖੜ੍ਹਦੀ ਸੀ।
ਇਹ ਉਹ ਸਮਾਂ ਸੀ ਜਦੋਂ ਗਾਇਕਾਂ ਤੇ ਪਹਿਲਵਾਨਾਂ ਪ੍ਰਤੀ ਲੋਕਾਂ ਦਾ ਪਿਆਰ ਤੇ ਸਤਿਕਾਰ ਨਿਰਛੱਲ ਤੇ ਸ਼ਰਧਾ ਵਾਲਾ ਹੁੰਦਾ ਸੀ। ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਲੋਕ ਅਖਾੜਾ ਲੱਗਣ ਤੋਂ ਬਾਅਦ ਇਨ੍ਹਾਂ ਪਹਿਲਵਾਨਾਂ ਤੇ ਗਮੰਤਰੀਆਂ ਨੂੰ ਆਪਣੇ ਘਰਾਂ ਵਿੱਚ ਨਿਵਾਸ ਦੇਣ ਨੂੰ ਵਡਿਆਈ ਵਾਲਾ ਕਾਰਜ ਸਮਝਦੇ ਸਨ। ਉੱਚੀ ਤੇ ਖੜਕਵੀਂ ਆਵਾਜ਼ ਵਿੱਚ ਅਮਰ ਸਿੰਘ ਸ਼ੌਂਕੀ ਅਤੇ ਬਾਅਦ ਵਿੱਚ ਰਣਜੀਤ ਸਿੰਘ ਸੰਧਵਾਂ ਦੀ ਝੰਡੀ ਰਹੀ। ਰਣਜੀਤ ਸਿੰਘ ਸੰਧਵਾਂ ਤੇ ਕਰਨੈਲ ਸਿੰਘ ਪਾਰਸ ਦੀ ਜੋੜੀ ਨੇ ਬਹੁਤ ਨਾਂ ਕਮਾਇਆ। ਅਲਗੋਜ਼ੇ ਦੀ ਟੌਹਰ ਸਥਾਪਿਤ ਕੀਤੀ ਮਿਲਖੀ ਰਾਮ ਤੇ ਬੇਲੀ ਰਾਮ ਨੇ। ਇਸ ਸਮੇਂ ਸਾਜ਼ਾਂ ਦਾ ਸ਼ੋਰ-ਸ਼ਰਾਬਾ ਨਹੀਂ ਸੀ ਹੁੰਦਾ। ਲੋਕ ਰੱਜ ਕੇ ਸ਼ਬਦੀ-ਰਸ ਮਾਣਦੇ। ਕਵੀਸ਼ਰ ਜਾਂ ਢਾਡੀ ਸਮੇਂ ਤੇ ਸਥਿਤੀ ਅਨੁਸਾਰ ਪਾਤਰਾਂ ਦੀ ਮਨੋਦਸ਼ਾ ਨੂੰ ਢੁੱਕਵੇਂ ਛੰਦ ਰਾਹੀਂ ਗਾ ਕੇ ਸਰੋਤਿਆਂ ਨੂੰ ਆਪਣੇ ਨਾਲ ਤੋਰ ਲੈਂਦੇ ਸਨ। ਗੱਡੀ ਛੰਦ ਰਾਹੀਂ ਪੂਰਨ ਤੇ ਰਾਣੀ ਸੁੰਦਰਾਂ ਵਿਚਲੇ ਸੰਵਾਦੀ ਰੂਪ ਨੂੰ ਅਮਰ ਸਿੰਘ ਸ਼ੌਂਕੀ ਇਉਂ ਪੇਸ਼ ਕਰਦਾ;
ਗੱਲ ਸੁਣ ਲੈ ਰਾਣੀਏ ਮੇਰੀ ਅਸੀਂ ਹਾਂ ਭਗਤ ਰੱਬ ਦੇ, ਸਾਡੀ ਸਤਿਗੁਰ,
ਸਾਡੀ ਸਤਿਗੁਰ ਨਾਲ ਪ੍ਰੀਤੀ ਲੋਕ ਭਾਵੇਂ ਲੱਖ ਵਸਦੇ, ਅਸੀਂ ਰੂਪ,
ਅਸੀਂ ਰੂਪ ਗੰਵਾ ਲਿਆ ਆਪਣਾ ਕੰਨ ਪੜਵਾ ਕੇ ਰਾਣੀਏ, ਸੁੰਦਰਾਂ,
ਸੁੰਦਰਾਂ...ਨੀਂ ਜੱਗ ਦਾ ਪਿਆਰ ਛੱਡ ਕੇ ਪਾਈਆਂ ਮੁੰਦਰਾਂ।
ਲਾਲ ਚੰਦ ਯਮਲਾ ਜੱਟ ਦੀ ਤੂੰਬੀ ਨੇ ਗੁਰੂ ਨਾਨਕ ਨੂੰ ਅਜਿਹਾ ਧਿਆਇਆ ਕਿ ਉਹ ਸਦਾ ਲਈ ਅਮਰ ਹੋ ਗਿਆ। ਜ਼ਿਆਦਾ ਕਰਕੇ ਢੋਲਕੀ ਤੇ ਤੂੰਬੀ ਹੀ ਉਸ ਦੀ ਗਾਇਕੀ ਦਾ ਧੁਰਾ ਰਹੇ। ਆਪਣੇ ਫੱਕਰਾਂ ਵਰਗੇ ਭੇਸ ਨਾਲ ਫੱਕਰਾਂ ਵਰਗੀ ਗਾਇਕੀ ਹੀ ਪ੍ਰਧਾਨ ਰਹੀ। ਸੰਸਾਰੀ ਤੇ ਅਧਿਆਤਮਿਕਤਾ ਦੇ ਸੰਵਾਦੀ ਰੂਪ ਨੂੰ ਲੋਕਾਈ ਦੇ ਪੱਧਰ ’ਤੇ ਆ ਕੇ ਲੋਕਾਂ ਦਾ ਮਨੋਰੰਜਨ ਕਰਦੀ ਰਹੀ ਯਮਲੇ ਜੱਟ ਦੀ ਗਾਇਕੀ। ਯਮਲੇ ਦੀ ਗਾਇਕੀ ਨੇ ਸਿੱਧ ਕਰ ਦਿੱਤਾ ਕਿ ਜੇ ਤੁਹਾਡੀ ਕਲਾ ਸੱਚਮੁੱਚ ਹੀ ‘ਸੱਚ’ ਦੀ ਗੱਲ ਕਰਦੀ ਹੈ ਤਾਂ ਲੋਕ ਜਾਤਾਂ, ਧਰਮਾਂ, ਮਜ਼ਹਬਾਂ ਤੋਂ ਉੱਪਰ ਉੱਠ ਕੇ ਤੁਹਾਨੂੰ ਪ੍ਰਵਾਨ ਕਰ ਲੈਂਦੇ ਹਨ। ਲਾਲ ਚੰਦ ਇੱਕ ਬਾਣੀਆਂ ਦਾ ਮੁੰਡਾ ਹੋਣ ਦੇ ਬਾਵਜੂਦ ਉਸ ਨੇ ਜੱਟ ਬਰਾਦਰੀ ਦਾ ਤਖੱਲਸ ‘ਯਮਲਾ ਜੱਟ’ ਅਪਣਾ ਲਿਆ, ਪਰ ਜੱਟ ਬਰਾਦਰੀ ਨੇ ਇਸ ਵਰਗ-ਅੰਤਰਾਲ ਨੂੰ ਸ਼ੁਭ ਸ਼ਗਨ ਮੰਨਦੇ ਹੋਏ ਚਾਵਾਂ ਨਾਲ ਸਵੀਕਾਰਿਆ। ਇਹ ਪ੍ਰਵਾਨਗੀ ਤੇ ਅਪਣੱਤ ਸਿਰਫ਼ ਯਮਲੇ ਦੇ ‘ਸ਼ਬਦ-ਰਸ’ ਕਰਕੇ ਹੀ ਸੰਭਵ ਹੈ। ਉਸ ਦੀ ਗਾਇਕੀ ਵਿੱਚੋਂ ਲੋਕ ਆਨੰਦ ਮਹਿਸੂਸ ਕਰਦੇ ਰਹੇ। ਉਸ ਦੀ ਗਾਇਕੀ ਵਿੱਚ ਮੌਜੂਦਾ ਸਮੇਂ ਵਰਗਾ ‘ਧੂਮ-ਧੜੱਕਾ’ ਨਹੀਂ ਸੀ। ਉਸ ਦੇ ਸੁੱਚੇ ਬੋਲਾਂ ਸਦਕੇ ਕਿਸੇ ਦੇ ਵੀ ਬੁੱਲ੍ਹਾਂ ’ਤੇ ਅੱਜ ਤੱਕ ਇਹ ਸ਼ਬਦ ਨਹੀਂ ਆਇਆ ਕਿ ਇੱਕ ਬਾਣੀਆ ਜੱਟ ਕਿਵੇਂ ਹੋਇਆ?
ਪੁਰਾਤਨ ਗਾਇਕ ਜ਼ਿਆਦਾ ਕਰਕੇ ਆਪਣੀਆਂ ਲਿਖੀਆਂ ਰਚਨਾਵਾਂ ਹੀ ਪੇਸ਼ ਕਰਦੇ ਸਨ। ਆਪਣੀ ਲਿਖੀ ਰਚਨਾ ਵਿੱਚ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਕਿਹੜਾ ਪਹਿਰਾ ਜਾਂ ਕਿਹੜਾ ਬੰਦ ਐਕਸ਼ਨ ਭਰਭੂਰ ਹੈ। ਕਿਹੜੇ ਸ਼ਬਦਾਂ ਨੂੰ ‘ਚੱਬ ਕੇ’ ਬੋਲਣਾ ਹੈ ਤੇ ਕਿੱਥੇ ਸੁਰ ਨੀਵੀਂ ਰੱਖਣੀ ਹੈ। ਫਿਰ ਜੇਲ੍ਹ ’ਚੋਂ ਨਿਕਲ ਕੇ ਸਟੇਜ ’ਤੇ ਚੜ੍ਹੇ ਜਗਤ ਸਿੰਘ ਜੱਗੇ ਨੂੰ ਲੋਕ ਸੁਣਨ ਦੇ ਨਾਲ-ਨਾਲ ਉਸ ਦੀ ਬਾਹਰੀ ਦਿੱਖ ਨੂੰ ਵੀ ਨਿਹਾਰਨ ਲੱਗੇ। ਜਦੋਂ ਉਹ ਘੋੜੀ ’ਤੇ ਚੜ੍ਹ ਕੇ ਆਉਂਦਾ ਤੇ ਉਤਰਨ ਸਾਰ ਹੀ ਗਾਉਂਦਾ, ‘ਮੈਨੂੰ ਜੱਟ ਮਿਰਜ਼ਾ ਨੇ ਆਖਦੇ’ ਉਦੋਂ ਉਹ ਸੱਚਮੁੱਚ ਮਿਰਜ਼ਾ ਹੀ ਪ੍ਰਤੀਤ ਹੁੰਦਾ। ਉਸ ਦੇ ਨਾਲ ਨਰਿੰਦਰ ਬੀਬਾ ਦਾ ਸਾਥ ਸੋਨੇ ’ਤੇ ਸੁਹਾਗੇ ਵਰਗਾ ਸੀ। ਸੁਰਿੰਦਰ ਕੌਰ ਨੂੰ ‘ਪੰਜਾਬ ਦੀ ਕੋਇਲ’ ਹੋਣ ਦਾ ਮਾਣ ਹਾਸਲ ਸੀ। ਉਸ ਦੇ ਗਾਏ ਗੀਤ ‘ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ’, ‘ਨੀਂ ਇੱਕ ਮੇਰੀ ਅੱਖ ਕਾਸ਼ਨੀ’, ‘ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆਂ’ ਕਾਫ਼ੀ ਚਰਚਿਤ ਰਹੇ। ਪ੍ਰਕਾਸ਼ ਕੌਰ, ਜਗਜੀਤ ਜੀਰਵੀ ਤੇ ਆਸਾ ਸਿੰਘ ਮਸਤਾਨਾ ਦਾ ਆਪਣਾ ਰੰਗ ਸੀ। ਇਸ ਤੋਂ ਬਾਅਦ ਅਖਾੜਾ ਪ੍ਰਣਾਲੀ ਲੋਕਾਂ ਦੀ ਭਰਭੂਰ ਖਿੱਚ ਦਾ ਕੇਂਦਰ ਬਣੀ ਰਹੀ।
ਇਨ੍ਹਾਂ ਅਖਾੜਾ ਜੋੜੀਆਂ ਦੇ ਸਰਗਰਮ ਹੋਣ ’ਤੇ ਗੀਤਕਾਰਾਂ ਦੀ ਵੱਖਰੀ ਪਛਾਣ ਬਣਨੀ ਸ਼ੁਰੂ ਹੋਈ। ਅਖਾੜੇ ਪ੍ਰਤੀ ਲੋਕਾਂ ਦੀ ਦਿਲਚਸਪੀ ਔਰਤ ਦੇ ਮੂੰਹੋਂ ਬੇਬਾਕ ਪਰਿਵਾਰਕ ਨੋਕ-ਝੋਕ ਸੁਣਨ ਕਰਕੇ ਜ਼ਿਆਦਾ ਹੁੰਦੀ ਸੀ ਕਿਉਂਕਿ ਔਰਤ ਸਮਾਜਿਕ ਤੌਰ ’ਤੇ ਅਣ-ਐਲਾਨੀ ਐਮਰਜੈਂਸੀ ਤਹਿਤ ਬੰਦ ਹੁੰਦੀ ਸੀ। ਸ਼ੁਰੂ-ਸ਼ੁਰੂ ਵਿੱਚ ਸਿਰਫ਼ ਮਰਦ ਹੀ ਅਖਾੜਾ ਦੇਖਿਆ ਕਰਦੇ ਸਨ। ਇਹ ਵੀ ਇੱਕ ਸ਼ਰਮ ਦਾ ਦੌਰ ਸੀ ਜਦੋਂ ਘਰ ਦੇ ਜੁਆਨ ਪੁੱਤ ਵੀ ਆਪਣੇ ਬਾਪ ਤੋਂ ਚੋਰੀਉਂ ਅਖਾੜਾ ਦੇਖਦੇ ਸਨ। ਅਖਾੜੇ ਵਿੱਚ ਖੜ੍ਹਨ ਜਾਂ ਬੈਠਣ ਸਮੇਂ ਆਪਣੇ ਬਾਪ ਤੋਂ ਓਹਲੇ ਹੋ ਕੇ ਅਖਾੜਾ ਦੇਖਦੇ ਸਨ। ਔਰਤਾਂ ਲੁਕ-ਛਿਪ ਕੇ ਜਾਂ ਕੋਠਿਆਂ ਤੋਂ ਆਪਣੇ ਚਿਹਰੇ ਕੱਪੜੇ ਨਾਲ ਢੱਕ ਕੇ ਆਪਣੇ ਘਰਦਿਆਂ ਤੋਂ ਚੋਰੀਉਂ ਅਖਾੜੇ ਦੇਖਿਆ ਕਰਦੀਆਂ ਸਨ। ਸਮੇਂ ਦੇ ਵਹਿਣ ਨਾਲ ਜਦੋਂ ਇਹ ਅਖਾੜਾ ਕਲਚਰ ਸੱਥਾਂ ਤੋਂ ਹੁੰਦਾ ਹੋਇਆ ਪੈਲੇਸਾਂ ਤੱਕ ਪੁੱਜਿਆ ਤਾਂ ਔਰਤਾਂ ਵੀ ਇਸ ਅਖਾੜਾ ਕਲਚਰ ਦਾ ਹਿੱਸਾ ਬਣਨ ਲੱਗੀਆਂ।
ਇਸ ਅਖਾੜਾ ਵਿਧੀ ਵਿੱਚ ਜਦੋਂ ਗੀਤ ਦੇ ਆਖਰੀ ਬੰਦ ਵਿੱਚ ਗੀਤਕਾਰ ਦਾ ਨਾਂ ਨਸ਼ਰ ਹੁੰਦਾ ਤਾਂ ਲੋਕ ਗੀਤਕਾਰਾਂ ਦੀ ਵੀ ਪਛਾਣ ਕਰਨ ਲੱਗੇ। ਨੰਦ ਲਾਲ ਨੂਰਪੁਰੀ, ਚਿਮਨ ਲਾਲ ਸ਼ੁਗਲ, ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ, ਹਰਦੇਵ ਦਿਲਗੀਰ ਥਰੀਕੇ ਵਾਲਾ, ਸੋਹਣ ਸਿੰਘ ਸੀਤਲ, ਗਾਮੀ ਸੰਗਤਪੁਰੀਆ ਆਦਿ ਗੀਤਕਾਰ ਵੱਖੋ-ਵੱਖਰੀਆਂ ਵਿਧਾਵਾਂ ਤੇ ਗੀਤ ਰਚ ਕੇ ਆਪੋ-ਆਪਣੇ ਵੱਖਰੇ ਮਾਰਕੇ ਦੀ ਗੱਲ ਕਰਦੇ ਰਹੇ। ਗੀਤਾਂ ਦੀਆਂ ਸ਼ੈਲੀਆਂ ਤੋਂ ਹੀ ਲੋਕ ਗੀਤਕਾਰਾਂ ਦੀ ਪਛਾਣ ਕਰਨ ਲੱਗੇ। ਅਖਾੜਿਆਂ ਵਿੱਚ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਜਾਂ ਪਰਿਵਾਰਕ ਮਸਲਿਆਂ ਨੂੰ ਨਾਟਕੀ ਢੰਗ ਨਾਲ ਦਰਸਾਇਆ ਜਾਣ ਲੱਗਿਆ। ਅਖਾੜਾ ਕਲਚਰ ਕਾਫ਼ੀ ਸਮਾਂ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ। ਇਸ ਸਮੇਂ ਤੱਕ ਸੰਗੀਤ ਕਲਾਕਾਰਾਂ ਦੀ ਮੁੱਠੀ ਵਿੱਚ ਰਿਹਾ ਭਾਵ ਸੰਗੀਤ ਕਦੇ ਸ਼ਬਦਾਂ ’ਤੇ ਭਾਰੂ ਨਹੀਂ ਸੀ ਪੈਂਦਾ। ਬੇਸ਼ੱਕ ਸਾਜ਼ਾਂ ਦੀ ਗਿਣਤੀ ਸਟੇਜ ’ਤੇ ਛੇ ਜਾਂ ਸੱਤ ਤੱਕ ਪੁੱਜ ਗਈ ਸੀ। ਲੋਕ ਸਰਵਣ ਵਿਧੀ ਰਾਹੀਂ ਗੀਤਾਂ ਦਾ ਸ਼ਬਦੀ ਰਸ ਮਾਣਦੇ।
ਅਖਾੜਿਆਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਕਲਾਕਾਰ ਸਨ ਪੰਮੀ-ਪੋਹਲੀ, ਮੁਹੰਮਦ ਸਦੀਕ-ਰਣਜੀਤ ਕੌਰ, ਹਰਚਰਨ ਗਰੇਵਾਲ-ਰਾਜਨ, ਚਾਂਦੀ ਰਾਮ, ਦੀਦਾਰ ਸੰਧੂ, ਕੁਲਦੀਪ ਮਾਣਕ, ਜਗਮੋਹਣ-ਕੇ ਦੀਪ, ਨਰਿੰਦਰ ਬੀਬਾ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਜਸਵੰਤ ਸੰਦੀਲਾ-ਪਰਮਿੰਦਰ ਸੰਧੂ, ਕਰਤਾਰ ਰਮਲਾ, ਹਾਕਮ ਬਖਤੜੀ ਵਲਾ, ਅਮਰ ਸਿੰਘ ਚਮਕੀਲਾ, ਮਦਨ ਰਾਹੀ ਆਦਿ ਕਲਾਕਾਰਾਂ ਦੀ ਕਤਾਰ ਕਾਫ਼ੀ ਲੰਬੀ ਹੈ। ਇਸ ਦੌਰ ਦਾ ਇੱਕ ਇਹ ਵੀ ਰੰਗ ਸੀ ਕਿ ਔਰਤ ਕਲਾਕਾਰ ਤੋਂ ਬਿਨਾਂ ਲੋਕ ਅਖਾੜੇ ਨੂੰ ਪ੍ਰਵਾਨ ਨਹੀਂ ਸਨ ਕਰਦੇ। ਕੁਲਦੀਪ ਮਾਣਕ ਦਾ ਇਸ ਦੌਰ ਵਿੱਚ ਇੱਕ ਵੱਖਰਾ ਰੰਗ ਸੀ। ਨਰਿੰਦਰ ਬੀਬਾ ਦਾ ਵੱਖਰਾ ਤੇ ਜਗਮੋਹਣ-ਕੇ.ਦੀਪ ਦਾ ਵੱਖਰਾ। ਦੀਦਾਰ ਸੰਧੂ ਖ਼ੁਦ ਹੀ ਗੀਤ ਲਿਖਦਾ ਤੇ ਖੁਦ ਹੀ ਗਾਉਂਦਾ ਸੀ। ਉਸ ਦੀ ਮੁਹਾਵਰਿਆਂ ਨਾਲ ਸ਼ਿੰਗਾਰੀ ਹੋਈ ਗੀਤ-ਸ਼ੈਲੀ ਲੋਕਾਂ ਨੇ ਬਹੁਤ ਪਸੰਦ ਕੀਤੀ।
ਅਖਾੜਾ ਵਿਧੀ ਵਿੱਚ ਮੁਹੰਮਦ ਸਦੀਕ-ਰਣਜੀਤ ਕੌਰ ਲੰਬੀ ਪਾਰੀ ਖੇਡਣ ਵਾਲੀ ਜੋੜੀ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਮੁਹੰਮਦ ਸਦੀਕ ਸਿਰਫ਼ ਗਾਇਕ ਹੀ ਨਹੀਂ, ਸੰਗੀਤਕਾਰ ਦੇ ਤੌਰ ’ਤੇ ਉਸ ਤੋਂ ਵੀ ਜ਼ਿਆਦਾ ਮਾਹਿਰ ਹੈ। ਮੁਹੰਮਦ ਸਦੀਕ ਨੇ ਬਾਬੂ ਸਿੰਘ ਮਾਨ ਦੇ ਕੋਰੜਾ ਛੰਦ ਨੁਮਾ ਗੀਤਾਂ ਨੂੰ ਵੱਖੋ-ਵੱਖਰੀਆਂ ਤਰਜ਼ਾਂ ਵਿੱਚ ਪੇਸ਼ ਕਰਕੇ ਆਪਣੀ ਕਲਾ ਦਾ ਭਰਭੂਰ ਮੁਜ਼ਾਹਰਾ ਕੀਤਾ। ਜਦੋਂ ਕਲਾਕਾਰ ਤੇ ਸੁਰ ਇੱਕ-ਸੁਰ ਹੁੰਦੇ ਹਨ ਤਾਂ ਕਲਾ ਦਾ ਜਨਮ ਹੁੰਦਾ ਹੈ। ਕਲਾ ਜਦੋਂ ਸਿਰ ਚੜ੍ਹ ਕੇ ਬੋਲਦੀ ਹੈ ਤਾਂ ਕਲਾਕਾਰ ਨੂੰ ਵੀ ਵਹਿਣਾਂ ਵਿੱਚ ਡਬੋ ਜਾਂਦੀ ਹੈ। ਇੱਕ ਵਾਰ ਮੁਹੰਮਦ ਸਦੀਕ, ਬਾਬੂ ਸਿੰਘ ਮਾਨ ਦੇ ਗੀਤ ‘ਨਹੀਉਂ ਭੁੱਲਣਾ ਵਿਛੋੜਾ ਤੇਰਾ’ ਦਾ ਸੰਗੀਤ ਤਿਆਰ ਕਰ ਰਿਹਾ ਸੀ। ਜਦੋਂ ਗੀਤ ਨੂੰ ਪੂਰੀ ਤਰ੍ਹਾਂ ਸੰਗੀਤਬੱਧ ਕਰਕੇ ਮੁਹੰਮਦ ਸਦੀਕ ਗਾਉਣ ਲੱਗਿਆ ਤਾਂ ਮੁਹੰਮਦ ਸਦੀਕ ਖ਼ੁਦ ਵੀ ਰੋਣ ਲੱਗ ਪਿਆ। ਇਸ ਨੂੰ ਕਹਿੰਦੇ ਨੇ ਜਿਉਂਦੀ ਭਾਵਨਾ ਵਾਲਾ ਗੀਤ। ਸੋ ਇਸ ਤਰ੍ਹਾਂ ਗੀਤਕਾਰਾਂ ਦੀ ਸ਼ੈਲੀ ਵਿੱਚ ਵੀ ਨਿਖਾਰ ਆਉਂਦਾ ਗਿਆ। ਬਾਬੂ ਸਿੰਘ ਮਾਨ ਲੋਕ ਬੋਲੀ ਵਿੱਚ ਭਾਵਨਾਤਮਕ ਗੀਤ ਲਿਖਣ ਦੇ ਮਾਹਿਰ ਵਜੋਂ ਜਾਣਿਆ ਜਾਣ ਲੱਗਾ ਤੇ ਥਰੀਕੇ ਵਾਲਾ ਲੋਕ ਗਥਾਵਾਂ ਲਿਖਣ ਵਾਲਾ। ਲਹਿੰਦੇ ਪੰਜਾਬ ਦੇ ਕਲਾਕਾਰਾਂ ਨੇ ਸੰਗੀਤ ਨੂੰ ਵਿਕਾਊ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਸ਼ਬਦਾਵਲੀ ਉੱਪਰ ਸੰਗੀਤ ਨੂੰ ਅਜੇ ਤੀਕ ਵੀ ਭਾਰੂ ਨਹੀਂ ਹੋਣ ਦਿੱਤਾ।
ਮੌਜੂਦਾ ਗਾਇਕੀ ਤੇ ਗੀਤਕਾਰੀ ਵਿੱਚੋਂ ਹੁਣ ਸੁਚੱਜਾ ਕਲਾਕਾਰ ਲੱਭਣਾ ਔਖਾ ਹੈ। ਪਹਿਲਾਂ ਗਾਉਣ ਵਾਲਾ ਸੰਗੀਤ ਨੂੰ ਆਪਣੇ ਮੁਤਾਬਿਕ ਢਾਲਦਾ ਸੀ, ਹੁਣ ਸੰਗੀਤ ਕਲਾਕਾਰ ਨੂੰ ਆਪਣੇ ਮੁਤਾਬਿਕ ਤੋਰਦਾ ਹੈ। ਸੰਗੀਤ ਦੇ ਸ਼ੋਰ ਨੇ ਗਾਇਕ ਤੇ ਗੀਤਕਾਰ ਦੋਵੇਂ ਹੀ ਗੁਣਾਤਮਕ ਪੱਖ ਤੋਂ ਹੀਣੇ ਕਰ ਦਿੱਤੇ ਹਨ। ਹੁਣ ਗੀਤ ਵਿਚਲਾ ਸਰੋਦੀ-ਰਸ ਅੱਖਾਂ ਰਾਹੀਂ ਦੇਖਣ ਵਾਲੀ ਵਸਤੂ ਬਣ ਕੇ ਰਹਿ ਗਿਆ ਹੈ। ਹੁਣ ਅਸੀਂ ਪਰਦੇ ’ਤੇ ਗੀਤ ਸੁਣਦੇ ਨਹੀਂ, ਦੇਖਦੇ ਹਾਂ। ਅੱਜਕੱਲ੍ਹ ਕਲਾਕਾਰ ਸਿੱਖਦੇ ਨਹੀਂ, ਕੰਪਿਊਟਰ ’ਤੇ ਵਜਦਾ ਸੰਗੀਤ ਹੀ ਉਨ੍ਹਾਂ ਨੂੰ ਆਪਣੇ ਮੁਤਾਬਿਕ ਮੋੜਦਾ ਹੈ। ਹੁਣ ਤਾਂ ਇਹ ਵੀ ਨਹੀਂ ਪਤਾ ਕਿ ਇੱਕ ਅਣਜਾਣ ਜਿਹਾ ਅਖੌਤੀ ਕਲਾਕਾਰ ਕਦੋਂ ਸੁਪਰ ਸਟਾਰ ਬਣ ਜਾਵੇ। ਅਜਿਹੇ ਕਲਾਕਾਰ ਸਟੇਜ ’ਤੇ ਗਾਉਂਦੇ ਘੱਟ ਤੇ ਨੱਚਦੇ ਜ਼ਿਆਦਾ ਹਨ। ਹੁਣ ਤਾਂ ਇਹ ਵੀ ਸਮਝ ਨਹੀਂ ਆਉਂਦੀ ਕਿ ਪਰਦੇ ਅੱਗੇ ਬੈਠੇ ਨੂੰ ਦਰਸ਼ਕ ਕਹੀਏ ਜਾਂ ਸਰੋਤਾ।
ਬਾਬੂ ਸਿੰਘ ਮਾਨ ਦੇ ਕਹਿਣ ਅਨੁਸਾਰ ਹੁਣ ਗੀਤਕਾਰੀ ਵਾਲੀ ਕਲਾਤਮਿਕਤਾ ਖ਼ਤਮ ਹੋ ਚੁੱਕੀ ਹੈ। ਗੀਤਕਾਰੀ ਤੇ ਗਾਇਕੀ ਨੂੰ ਕੰਪਿਊਟਰੀ ਸੰਗੀਤ ਨੇ ਆਪਣੇ ਕਲਾਵੇ ਵਿੱਚ ਲੈ ਲਿਆ ਹੈ, ਪ੍ਰੰਤੂ ਫਿਰ ਵੀ ਕੁਝ ਕਲਾਕਾਰ ਅਜੇ ਵੀ ਅਜਿਹੇ ਹਨ ਜਿਨ੍ਹਾਂ ਨੇ ਸਾਜ਼ਾਂ ਦੇ ਸੋਰ-ਸ਼ਰਾਬੇ ਵਿੱਚ ਵੀ ਆਪਣੀ ਆਵਾਜ਼ ਨੂੰ ਗੁਆਚਣ ਨਹੀਂ ਦਿੱਤਾ। ਜਿਵੇਂ ਗੁਰਦਾਸ ਮਾਨ, ਸਤਿੰਦਰ ਸਰਤਾਜ, ਹਰਭਜਨ ਮਾਨ, ਹੰਸ ਰਾਜ ਹੰਸ, ਸੁਖਵਿੰਦਰ ਆਦਿ ਕਲਾਕਾਰ ਵਰਣਨਯੋਗ ਹਨ। ਜਿਨ੍ਹਾਂ ਨੇ ਸਾਜ਼ਾਂ ਨੂੰ ਆਪਣੀ ਗਾਇਕੀ ’ਤੇ ਭਾਰੂ ਨਹੀਂ ਪੈਣ ਦਿੱਤਾ। ਜਿਨ੍ਹਾਂ ਸਾਜ਼ਾਂ ਦਾ ਸ਼ੋਰ ਸ਼ਰਾਬਾ ਹੋਵੇਗਾ ਸਮਝੋ ਗਾਇਕ ਓਨਾਂ ਹੀ ਕਮਜ਼ੋਰ ਪੱਧਰ ਦਾ ਹੋਵੇਗਾ। ਸੰਗੀਤਕ ਪੱਖ ਦੀ ਕਮਜ਼ੋਰੀ ਵਾਲਾ ਕਲਾਕਾਰ ਹੀ ਸਾਜ਼ਾਂ ਦੀ ‘ਢਊਂ-ਢਊਂ’ ਦਾ ਸਹਾਰਾ ਲਵੇਗਾ। ਕਈ ਨਵੇਂ ਗੀਤਕਾਰਾਂ ਨੇ ਅਜਿਹੇ ਗੀਤ ਸਿਰਜੇ ਹਨ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਕੀ ਮਤਲਬ ਹੈ।
ਹੁਣ ਗੀਤਕਾਰੀ ਸਾਡੀਆਂ ਭਾਵਨਾਵਾਂ ਨੂੰ ਹਲੂਣਾ ਦੇਣ ਵਾਲੀ ਨਹੀਂ ਰਚੀ ਜਾ ਰਹੀ, ਸਿਰਫ਼ ਪਰਦੇ ਨੂੰ ਮੁੱਖ ਰੱਖ ਕੇ ਰਚੀ ਜਾ ਰਹੀ ਹੈ। ਮੇਰੇ ਕਹਿਣ ਦਾ ਭਾਵ ਇਹ ਵੀ ਨਹੀਂ ਹੈ ਕਿ ਮੌਜੂਦਾ ਗਾਇਕੀ ਜਾਂ ਗੀਤਕਾਰੀ ਬਿਲਕੁਲ ਤਬਾਹ ਹੀ ਹੋ ਗਈ ਹੈ। ਕੁਝ ਨਵੇਂ ਕਲਾਕਾਰ ਅਜੇ ਵੀ ਬਹੁਤ ਵਧੀਆ ਲੀਹਾਂ ਪਾ ਰਹੇ ਹਨ, ਪਰ ਉਨ੍ਹਾਂ ਨਾਲੋਂ ਵਪਾਰੀ ਕਿਸਮ ਦੀ ਗਾਇਕੀ ਸਿਖਰਾਂ ਨੂੰ ਛੋਹ ਰਹੀ ਹੈ। ਜੇਕਰ ਇਹੀ ਰੁਝਾਨ ਜਾਰੀ ਰਿਹਾ ਤਾਂ ਸਾਡੀ ਅਗਲੀ ਪੀੜ੍ਹੀ ਵੀ ਇਸ ‘ਢਊਂ-ਢਊਂ’ ਦੀ ਆਦੀ ਹੋ ਜਾਵੇਗੀ। ਸੋ ਨਵੇਂ ਤੇ ਉੱਭਰਦੇ ਕਲਾਕਾਰਾਂ ਤੇ ਗੀਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਵਪਾਰੀ ਪੱਧਰ ਦੇ ਤਾਣੇ-ਬਾਣੇ ਦਾ ਸ਼ਿਕਾਰ ਨਾ ਬਣਨ, ਗਾਇਕੀ ਦਾ ਹੁਨਰ ਸਿੱਖਣ ਤੇ ਆਪਣੇ ਸ਼ਬਦੀ-ਰਸ ਨੂੰ ਗੁਆਚਣ ਨਾ ਦੇਣ।
ਸੰਪਰਕ: 95010-12199