ਤਰਸੇਮ ਸਿੰਘਜੰਡਿਆਲਾ ਮੰਜਕੀ, 7 ਜੂਨਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿੱਚ ‘ਸਮਕਾਲੀ ਪੰਜਾਬੀ ਸਮਾਜ ਦੇ ਭਖਦੇ ਮਸਲੇ ਅਤੇ ਚੁਣੌਤੀਆਂ’ ਵਿਸ਼ੇ ’ਤੇ ਇਕ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਕਾਲਜ ਇੰਚਾਰਜ ਡਾ. ਜਗਸੀਰ ਸਿੰਘ ਬਰਾੜ ਵਲੋਂ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਨਾਲ ਹੋਈ। ਉਦਘਾਟਨ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਕੀਤਾ ਗਿਆ। ਉਨ੍ਹਾ ਨੇ ਸਰੋਤਿਆਂ ਨਾਲ ਸਮਕਾਲੀਨ ਪੰਜਾਬੀ ਸਮਾਜ ਦੇ ਵਿਭਿੰਨ ਮੁੱਦਿਆਂ ਅਤੇ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਦੂਸਰੇ ਵਕਤਾ ਵਨੀਤਾ ਆਨੰਦ, ਐਡੀਸ਼ਨਲ ਡਾਇਰੈਕਟਰ ਰੂਸਾ ਨੇ ਪੰਜਾਬੀਆਂ ਦੀ ਪਹਿਚਾਣ ਅਤੇ ਪਰਵਾਸ ਮੁੱਦੇ ’ਤੇ ਡੂੰਘਾਈ ਨਾਲ ਚਰਚਾ ਕੀਤੀ। ਤੀਸਰੇ ਬੁਲਾਰੇ ਵਿਸ਼ੇਸ਼ ਮਹਿਮਾਨ ਡਾ. ਅਜੇ ਸਾਹਨੀ, ਕਾਰਜਕਾਰੀ ਡਾਇਰੈਕਟਰ ਇੰਡੀਅਨ ਇੰਸਟੀਚਿਊਟ ਆਫ ਕਨਫਲਿਕਟ ਮੈਨਜਮੈਂਟ ਨਵੀਂ ਦਿੱਲੀ ਨੇ ਪੰਜਾਬੀ ਭਾਸ਼ਾ ਤੇ ਪਹਿਚਾਣ ਵਿਸ਼ੇ ਬਾਰੇ ਵਿਚਾਰਾਂ ਦੀ ਸਾਂਝ ਪਾਈ। ਆਖਰੀ ਵਕਤਾ ਜੰਡਿਆਲਾ ਲੋਕ ਭਲਾਈ ਮੰਚ ਦੇ ਪ੍ਰਧਾਨ ਮੱਖਣ ਪੱਲਣ ਨੇ ਨਸ਼ਿਆ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਵਿਚ ਜੰਡਿਆਲਾ ਦੇ ਸਰਪੰਚ ਕਮਲਜੀਤ ਸਿੰਘ ਸਹੋਤਾ ਅਤੇ ਜੰਡਿਆਲਾ ਲੋਕ ਭਲਾਈ ਮੰਚ ਦੇ ਮੈਂਬਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।