ਪੰਜਾਬੀਆਂ ਦੀ ਜੱਦੋਜਹਿਦ ਦਾ ਸਿਰਨਾਵਾਂ ਗੁਰੂ ਨਾਨਕ ਜਹਾਜ਼
ਗੁਰਪ੍ਰੀਤ ਸਿੰਘ ਤਲਵੰਡੀ
ਮੌਜੂਦਾ ਸਮੇਂ ਵਾਂਗ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਵੀ ਪੰਜਾਬੀਆਂ ਵੱਲੋਂ ਕੈਨੇਡਾ ਵਰਗੇ ਮੁਲਕਾਂ ਵਿੱਚ ਜਾ ਕੇ ਵੱਸਣ ਨੂੰ ਤਰਜੀਹ ਦਿੱਤੀ ਜਾ ਰਹੀ ਸੀ। ਕੈਨੇਡਾ ਉਸ ਵਕਤ ਬਰਤਾਨਵੀ ਸਾਮਰਾਜ ਦੇ ਅਧਿਕਾਰ ਹੇਠ ਸੀ, ਪਰ ਕੈਨੇਡਾ ਨੂੰ ਆਪਣੇ ਅੰਦਰੂਨੀ ਫ਼ੈਸਲੇ ਲੈਣ ਦੀ ਖੁੱਲ੍ਹ ਸੀ। ਕੈਨੇਡਾ ਵਿੱਚ ਪੰਜਾਬੀਆਂ ਦੇ ਦਾਖਲੇ ਨੂੰ ਰੋਕਣ ਲਈ ਕੈਨੇਡਾ ਦੀ ਸਰਕਾਰ ਵੱਲੋਂ ਦੋ ਅਹਿਮ ਕਾਨੂੰਨ ਬਣਾਏ ਗਏ। ਇਨ੍ਹਾਂ ਕਾਨੂੰਨਾਂ ਅਨੁਸਾਰ ਭਾਰਤ ਤੋਂ ਕੈਨੇਡਾ ਸਿੱਧਾ ਜਾਣ ਵਾਲੇ ਯਾਤਰੀਆਂ ਨੂੰ ਛੱਡ ਕੇ ਹੋਰਨਾਂ ਦੇਸ਼ਾਂ ਵਿਚਦੀ ਜਾਣ ਵਾਲੇ ਯਾਤਰੀਆਂ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਰੋਕ ਸਕਦੇ ਸਨ। ਦੂਸਰਾ ਜੇਕਰ ਕਿਸੇ ਯਾਤਰੀ ਕੋਲ 200 ਡਾਲਰ ਤੋਂ ਘੱਟ ਰਾਸ਼ੀ ਹੁੰਦੀ ਤਾਂ ਵੀ ਕੈਨੇਡੀਅਨ ਅਧਿਕਾਰੀ ਯਾਤਰੀ ਨੂੰ ਕੈਨੇਡਾ ਵਿੱਚ ਦਾਖਲੇ ਤੋਂ ਜਵਾਬ ਦੇ ਸਕਦੇ ਸਨ।
20ਵੀਂ ਸਦੀ ਦੀ ਸ਼ਰੂਆਤ ਵਿੱਚ ਭਾਰਤੀ ਜਿਨ੍ਹਾਂ ਵਿੱਚ ਵਧੇਰੇ ਵਸੋਂ ਪੰਜਾਬੀਆਂ ਦੀ ਸੀ, ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵੱਸਣੇ ਸ਼ੁਰੂ ਹੋ ਗਏ। ਕੈਨੇਡਾ ਅਤੇ ਅਮਰੀਕਾ ਹਮੇਸ਼ਾਂ ਚੀਨ ਅਤੇ ਜਪਾਨੀਆਂ ਦਾ ਆਪਣੇ ਦੇਸ਼ਾਂ ਵਿੱਚ ਵੱਸਣ ਦਾ ਵਿਰੋਧ ਕਰਦੇ ਰਹੇ। ਅਖੀਰ 1908 ਵਿੱਚ ਕੈਨੇਡਾ ਨੇ ਭਾਰਤ ਤੋਂ ਵੀ ਇਮੀਗ੍ਰੇਸ਼ਨ ਬੰਦ ਕਰ ਦਿੱਤੀ। ਜਦੋਂਕਿ ਅਮਰੀਕਾ ਵੱਲੋਂ ਇਹੀ ਫ਼ੈਸਲਾ ਸੰਨ 1910 ਵਿੱਚ ਲਾਗੂ ਕਰ ਦਿੱਤਾ ਗਿਆ। ਉਪਰੋਕਤ ਜ਼ਿਕਰ ਕੀਤੇ ਗਏ ਕਾਨੂੰਨ ਕੈਨੇਡਾ ਵੱਲੋਂ ਪੂਰੀ ਤਰ੍ਹਾਂ ਲਾਗੂ ਕਰ ਦਿੱਤੇ ਗਏ। ਇਸ ਦੇ ਚੱਲਦਿਆਂ ਇੱਕ ਕੈਨੇਡੀਅਨ ਜੱਜ ਵੱਲੋਂ 38 ਪੰਜਾਬੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਇਮੀਗ੍ਰੇਸ਼ਨ ਵਿਭਾਗ ਦੇ ਹੁਕਮ ਰੱਦ ਕਰ ਦਿੱਤੇ ਗਏ। ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਇਹ ਹੁਕਮ ਇਸ ਲਈ ਦਿੱਤੇ ਗਏ ਸਨ, ਕਿਉਂਕਿ ਉਹ ਭਾਰਤ ਤੋਂ ਸਿੱਧਾ ਕੈਨੇਡਾ ਜਾਣ ਦੀ ਬਜਾਏ ਜਪਾਨ ਰਾਹੀਂ ਕੈਨੇਡਾ ਪਹੁੰਚੇ ਸਨ।
ਦੂਸਰੇ ਪਾਸੇ ਕੈਨੇਡਾ ਦੇ ਧਨਾਢ ਸਿੱਖ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਹਾਲੀ ਦੇ ਵਸਨੀਕ ਬਾਬਾ ਗੁਰਦਿੱਤ ਸਿੰਘ ਨੇ ਪੰਜਾਬੀਆਂ ਨੂੰ ਕੈਨੇਡਾ ਪਹੁੰਚਾਉਣ ਦੇ ਉਦੇਸ਼ ਨਾਲ ਸਮੁੰਦਰੀ ਜਹਾਜ਼ ਕਿਰਾਏ ’ਤੇ ਲੈਣ ਦੀ ਯੋਜਨਾ ਬਣਾਈ, ਪਰ ਬਹੁਤੀਆਂ ਕੰਪਨੀਆਂ ਅੰਗਰੇਜ਼ੀ ਸਾਮਰਾਜ ਦੇ ਅਧੀਨ ਹੋਣ ਕਾਰਨ ਉਨ੍ਹਾਂ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਮੁਲਕ ਹਾਂਗਕਾਂਗ ਦੀ ਕੰਪਨੀ ਐੱਸ.ਐੱਸ. ਕਾਮਾਗਾਟਾਮਾਰੂ ਦਾ ਜਹਾਜ਼ ਕਿਰਾਏ ’ਤੇ ਲੈ ਲਿਆ। ਇਹ ਜਹਾਜ਼ ਲਗਭਗ 20 ਕੁ ਸਾਲਾਂ ਤੋਂ ਜਰਮਨ ਮਾਲਕੀ ਅਧੀਨ ਚੱਲ ਰਿਹਾ ਸੀ ਅਤੇ ਇਸ ਨੂੰ ਇੱਕ ਵਪਾਰਕ ਜਹਾਜ਼ ਵਜੋਂ ਵਰਤਿਆ ਜਾ ਰਿਹਾ ਸੀ। ਬਾਬਾ ਗੁਰਦਿੱਤ ਸਿੰਘ ਵੱਲੋਂ ਹਾਂਗਕਾਂਗ ਵਿੱਚ ਹਜ਼ਾਰਾਂ ਪੰਜਾਬੀਆਂ ਨਾਲ ਮੁਲਾਕਾਤ ਕੀਤੀ ਗਈ ਜੋ ਕੈਨੇਡਾ ਅਤੇ ਅਮਰੀਕਾ ਜਾ ਵੱਸਣ ਦੇ ਚਾਹਵਾਨ ਸਨ। ਜਹਾਜ਼ ਕਿਰਾਏ ’ਤੇ ਲੈਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ।
ਇਸ ਤੋਂ ਠੀਕ ਤਿੰਨ ਮਹੀਨੇ ਬਾਅਦ ਗੁਰੂ ਨਾਨਕ ਜਹਾਜ਼ ਨੇ ਹਾਂਗਕਾਂਗ ਤੋਂ ਵੈਨਕੂਵਰ ਵੱਲ ਨੂੰ ਚਾਲੇ ਪਾ ਦਿੱਤੇ। ਜਹਾਜ਼ ਦੇ ਮੁੱਖ ਪ੍ਰਬੰਧਕ ਬਾਬਾ ਗੁਰਦਿੱਤ ਸਿੰਘ ਸਮੇਤ ਹੋਰਨਾਂ ਪ੍ਰਬੰਧਕਾਂ ਨੂੰ ਇਹ ਵਿਸ਼ਵਾਸ ਸੀ ਕਿ ਇੱਕ ਕੈਨੇਡੀਅਨ ਅਦਾਲਤ ਵੱਲੋਂ ਭਾਰਤੀਆਂ ਦੇ ਹੱਕ ਵਿੱਚ ਕੀਤੇ ਗਏ ਫ਼ੈਸਲੇ ਦਾ ਲਾਭ ਜ਼ਰੂਰ ਹੋਵੇਗਾ, ਪਰ ਜਹਾਜ਼ ਦੇ ਪ੍ਰਬੰਧਕਾਂ ਨੂੰ ਕੈਨੇਡਾ ਸਰਕਾਰ ਦੁਆਰਾ ਵਿਦੇਸ਼ੀਆਂ ਦੇ ਕੈਨੇਡਾ ਵਿੱਚ ਦਾਖਲ ਹੋਣ ਸਬੰਧੀ ਬਣਾਏ ਗਏ ਸਖ਼ਤ ਕਾਨੂੰਨਾਂ ਬਾਰੇ ਭੋਰਾ ਵੀ ਜਾਣਕਾਰੀ ਨਹੀਂ ਸੀ। ਵੈਨਕੂਵਰ ਵੱਲ ਨੂੰ ਵਧ ਰਹੇ ਜਹਾਜ਼ ਵਿੱਚ ਆਪੋ ਆਪਣੇ ਧਰਮ ਅਨੁਸਾਰ ਸਮਾਗਮ ਕਰਨ ਦਾ ਵੀ ਪ੍ਰਬੰਧ ਸੀ। ਇਸ ਤੋਂ ਇਲਾਵਾ ਹੋਰ ਸਿਆਸੀ ਸਮਾਗਮ ਕਰਨ ਦਾ ਵੀ ਪੂਰਾ ਪ੍ਰਬੰਧ ਸੀ। ਜਹਾਜ਼ ਵਿੱਚ ਸਾਰੇ ਯਾਤਰੀ ਪੰਜਾਬੀ ਸਨ। ਇਨ੍ਹਾਂ ਕੁੱਲ ਯਾਤਰੀਆਂ ਵਿੱਚ ਦੋ ਔਰਤਾਂ ਅਤੇ ਚਾਰ ਬੱਚਿਆਂ ਤੋਂ ਇਲਾਵਾ ਬਾਕੀ ਸਾਰੇ ਮਰਦ ਸਨ। ਇਨ੍ਹਾਂ ਯਾਤਰੀਆਂ ਵਿੱਚੋਂ 337 ਸਿੱਖ, 27 ਮੁਸਲਮਾਨ ਅਤੇ 12 ਹਿੰਦੂ ਸਨ। ਮੁਸਲਮਾਨਾਂ ਵਿੱਚੋਂ ਜ਼ਿਆਦਾਤਰ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। 21 ਮਈ ਸੰਨ 1914 ਨੂੰ ਇਹ ਜਹਾਜ਼ ਕੈਨੇਡੀਅਨ ਪਾਣੀਆਂ ਵਿੱਚ ਦਾਖਲ ਹੋਇਆ ਅਤੇ 23 ਮਈ ਨੂੰ ਵੈਨਕੂਵਰ ਦੀ ਹਰਬਰ ਬੰਦਰਗਾਹ ’ਤੇ ਲਗਾ ਦਿੱਤਾ ਗਿਆ।
ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਹ ਵੀ ਇਲਮ ਸੀ ਕਿ ਕੈਨੇਡਾ ਦੀ ਧਰਤੀ ’ਤੇ ਉਤਰਨਾ ਉਨ੍ਹਾਂ ਲਈ ਕੋਈ ਸੌਖਾ ਕੰਮ ਨਹੀਂ ਕਿਉਂਕਿ ਭਾਰਤੀਆਂ ਨੂੰ ਕੈਨੇਡਾ ਆਉਣ ਤੋਂ ਰੋਕਣ ਲਈ ਤਾਂ ਕੈਨੇਡਾ ਸਰਕਾਰ ਪਹਿਲਾਂ ਹੀ ਸਖ਼ਤ ਕਾਨੂੰਨ ਬਣਾ ਚੁੱਕੀ ਸੀ। ਸੋ ਕੈਨੇਡਾ ਬੰਦਰਗਾਹ ਦੇ ਅਧਿਕਾਰੀਆਂ ਨੇ ਕਿਸੇ ਵੀ ਯਾਤਰੀ ਨੂੰ ਧਰਤੀ ਉੱਪਰ ਆਉਣ ਦੀ ਆਗਿਆ ਨਾ ਦਿੱਤੀ। ਯਾਤਰੀਆਂ ਦੇ ਕੈਨੇਡਾ ਵਿਚਲੇ ਰਿਸ਼ਤੇਦਾਰ ਜਾਂ ਹੋਰ ਸਕੇ ਸਬੰਧੀਆਂ ਵੱਲੋਂ ਵਕੀਲ ਕਰਕੇ ਕੈਨੇਡੀਅਨ ਅਧਿਕਾਰੀਆਂ ਨਾਲ ਗੱਲਬਾਤ ਆਰੰਭੀ ਗਈ। ਇਸ ਤੋਂ ਬਾਅਦ ਦੋਵੇਂ ਹੀ ਧਿਰਾਂ ਵੱਲੋਂ ਬ੍ਰਿਟਿਸ਼ ਕੋਲੰਬੀਆ ਕੋਰਟ ਵਿੱਚ ਕੇਸ ਲਿਜਾਣ ਦੀ ਸਹਿਮਤੀ ਬਣੀ, ਪ੍ਰੰਤੂ ਜਹਾਜ਼ ਦੇ ਯਾਤਰੀਆਂ ਨੂੰ ਕਿਧਰੋਂ ਵੀ ਕੋਈ ਲਾਭ ਨਹੀਂ ਮਿਲਿਆ। ਸਮੁੱਚੇ ਜਹਾਜ਼ ਦੇ ਯਾਤਰੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਜਾਂ ਲੰਡਨ ਸਥਿਤ ਬ੍ਰਿਟਿਸ਼ ਕੌਂਸਲ ਕੋਲ ਅਪੀਲ ਕਰਨ ਦੇ ਸਮਰੱਥ ਨਹੀਂ ਸਨ ਕਿਉਂਕਿ ਸਾਰੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਸਨ।
ਹੇਠਲੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਭਾਵੇਂ ਜਹਾਜ਼ ਦੀ ਭਾਰਤ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਸੀ, ਪਰ ਇਹ ਮਸਲਾ ਇੱਕ ਵਾਰ ਫਿਰ ਉਲਝ ਗਿਆ ਕਿਉਂਕਿ ਯਾਤਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਰਕਾਰੀ ਅਧਿਕਾਰੀਆਂ ਅੱਗੇ ਇਹ ਮੰਗ ਰੱਖ ਦਿੱਤੀ ਕਿ ਜਹਾਜ਼ ਦੀ ਵਾਪਸੀ ਉੱਪਰ ਆਉਣ ਵਾਲੇ ਸਮੁੱਚੇ ਖ਼ਰਚ ਦਾ ਪ੍ਰਬੰਧ ਕੌਣ ਕਰੇਗਾ? ਅਖੀਰ ਵਿੱਚ ਕੈਨੇਡੀਅਨ ਸਰਕਾਰ ਵੱਲੋਂ ਜਹਾਜ਼ ਵਾਪਸੀ ਦੀ ਹਾਂਗਕਾਂਗ ਤੱਕ ਦੀ ਜ਼ਿੰਮੇਵਾਰੀ ਉਠਾ ਲਈ ਗਈ। ਇਸ ਤੋਂ ਬਾਅਦ 23 ਜੁਲਾਈ ਨੂੰ ਇਹ ਜਹਾਜ਼ ਭਾਰਤ ਵਾਪਸੀ ਲਈ ਚੱਲ ਪਿਆ। ਜਪਾਨ ਵਿੱਚ ਕੁੱਝ ਯਾਤਰੀਆਂ ਦੇ ਉਤਰਨ ਤੋਂ ਬਾਅਦ 29 ਸਤੰਬਰ 1914 ਨੂੰ 321 ਯਾਤਰੀਆਂ ਨੂੰ ਲੈ ਕੇ ਇਹ ਜਹਾਜ਼ ਬਜ ਬਜ ਦੀ ਕਲਕੱਤਾ ਨੇੜਲੀ ਬੰਦਰਗਾਹ ’ਤੇ ਪਹੁੰਚਿਆ। ਤਦ ਤੱਕ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ ਸੀ। ਬਜ ਬਜ ਦੀ ਬੰਦਰਗਾਹ ’ਤੇ ਜਦੋਂ ਜਹਾਜ਼ ਦੇ ਯਾਤਰੀਆਂ ਨੇ ਉਤਰਨਾ ਸ਼ੁਰੂ ਕੀਤਾ ਤਾਂ ਯਾਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਹਿੰਸਾ ਭੜਕ ਗਈ। ਇਸ ਤੋਂ ਬਾਅਦ ਗੋਰੀ ਹਕੂਮਤ ਵੱਲੋਂ ਗੋਲੀ ਵੀ ਚਲਾਈ ਗਈ। ਇਸ ਦੌਰਾਨ ਕਰੀਬ 20 ਵਿਅਕਤੀ ਮਾਰੇ ਗਏ, ਜਿਨ੍ਹਾਂ ਵਿੱਚ ਪੁਲੀਸ ਮੁਲਾਜ਼ਮ ਵੀ ਸਨ। ਇਸ ਹਿੰਸਾ ਤੋਂ ਬਾਅਦ ਪੁਲੀਸ ਵਲੋਂ ਸਮੁੱਚੇ ਇਲਾਕੇ ਦੀ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਦੁਆਰਾ ਕਰੀਬ 28 ਯਾਤਰੀਆਂ ਨੂੰ ਫੜ ਕੇ ਕਲਕੱਤਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਸਿੱਖ ਵਿਦਵਾਨ ਮਲਵਿੰਦਰ ਸਿੰਘ ਵੜੈਚ ਲਿਖਦੇ ਹਨ ਕਿ ਹਿੰਸਾ ਤੋਂ ਬਾਅਦ ਕਰੀਬ 211 ਯਾਤਰੀ ਪੁਲੀਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਜਹਾਜ਼ ਦੇ ਯਾਤਰੀਆਂ ਨੂੰ ਜੇਲ੍ਹਾਂ ਵਿੱਚ ਰੱਖ ਕੇ ਘੋਰ ਤਸ਼ੱਦਦ ਕੀਤਾ ਗਿਆ। ਦੂਸਰੇ ਪਾਸੇ ਗੋਰੀ ਸਰਕਾਰ ਦੇ ਇਸ਼ਾਰਿਆਂ ’ਤੇ ਚੱਲਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਵੱਲੋਂ ਹੁਕਮਨਾਮਾ ਜਾਰੀ ਕਰਦਿਆਂ ਸਿੱਖ ਯਾਤਰੀਆਂ ਨੂੰ ਗ਼ੈਰ ਸਿੱਖ ਕਰਾਰ ਦੇ ਦਿੱਤਾ ਗਿਆ। ਇਸ ਤੋਂ ਬਾਅਦ 12 ਅਕਤੂਬਰ 1920 ਨੂੰ ਇਸ ਹੁਕਮਨਾਮੇ ਨੂੰ ਰੱਦ ਕਰਦਿਆਂ ਅਰੂੜ ਸਿੰਘ ਨੂੰ ਗ਼ੈਰ ਸਿੱਖ ਗਰਦਾਨਿਆ ਗਿਆ। ਦੂਸਰੇ ਪਾਸੇ ਮਲਵਿੰਦਰ ਸਿੰਘ ਵੜੈਚ ਬਾਬਾ ਗੁਰਦਿੱਤ ਸਿੰਘ ਬਾਰੇ ਲਿਖਦੇ ਹਨ ਕਿ ਉਹ 1921 ਤੱਕ ਰੁਪੋਸ਼ ਰਹੇ ਅਤੇ 15 ਨਵੰਬਰ 1921 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਗ੍ਰਿਫ਼ਤਾਰੀ ਦਿੱਤੀ। ਫਿਰ ਗੋਰੀ ਸਰਕਾਰ ਦੁਆਰਾ ਉਨ੍ਹਾਂ ਨੂੰ ਫਰਵਰੀ 1922 ਤੱਕ ਜੇਲ੍ਹ ਵਿੱਚ ਰੱਖਿਆ ਗਿਆ। 6 ਮਾਰਚ 1922 ਨੂੰ ਅੰਮ੍ਰਿਤਸਰ ਵਿਖੇ ਇੱਕ ਭੜਕਾਊ ਭਾਸ਼ਣ ਦੇਣ ਕਰਕੇ ਉਨ੍ਹਾਂ ਨੂੰ ਪੰਜ ਸਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮਈ 1927 ਵਿੱਚ ਉਹ ਅਕਾਲੀ ਦਲ ਦੇ ਪ੍ਰਧਾਨ ਬਣੇ। ਉਹ ਦੇਸ਼ ਦੀ ਆਜ਼ਾਦੀ ਤੱਕ ਗੋਰੀ ਹਕੂਮਤ ਖਿਲਾਫ਼ ਸੰਘਰਸ਼ ਲੜਦੇ ਰਹੇ। ਜਨਵਰੀ 1952 ਵਿੱਚ ਉਨ੍ਹਾਂ ਬਜ ਬਜ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਪੰਡਿਤ ਜਵਾਹਰ ਲਾਲ ਨਹਿਰੂ ਪਾਸੋਂ ਰਖਵਾਇਆ। ਉਹ 24 ਜੁਲਾਈ 1952 ਨੂੰ ਅਕਾਲ ਚਲਾਣਾ ਕਰ ਗਏ।
1990 ਦੇ ਦਹਾਕੇ ਤੱਕ ਕੈਨੇਡਾ ਭਰ ਵਿੱਚ ਪੰਜਾਬੀਆਂ ਦੀ ਗਿਣਤੀ ਪ੍ਰਭਾਵਸ਼ਾਲੀ ਹੱਦ ਤੱਕ ਵਧੀ। ਫਿਰ ਗੁਰੂ ਨਾਨਕ ਜਹਾਜ਼ ਘਟਨਾ ਦੀ ਸ਼ਤਾਬਦੀ ਨੇੜੇ ਆਉਂਦਿਆਂ ਹੀ ਪੰਜਾਬੀਆਂ ਵੱਲੋਂ ਕੈਨੇਡਾ ਸਰਕਾਰ ਪਾਸੋਂ ਜਨਤਕ ਮੁਆਫ਼ੀ ਮੰਗਣ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਗਈ। ਮਈ 2008 ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਗੁਰੂ ਨਾਨਕ ਜਹਾਜ਼ ਦੇ ਯਾਤਰੀਆਂ ਨਾਲ ਹੋਏ ਦੁਰਵਿਹਾਰ ਲਈ ਮੁਆਫ਼ੀ ਮੰਗ ਲਈ। ਅਗਸਤ 2008 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਮੁਆਫ਼ੀ ਮੰਗੀ। ਫਿਰ 18 ਮਈ 2016 ਨੂੰ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਸੰਸਦ ਵਿੱਚ ਸਮੁੱਚੇ ਸਦਨ ਦੇ ਸਾਹਮਣੇ ਇਸ ਘਟਨਾ ਲਈ ਮੁਆਫ਼ੀ ਮੰਗੀ ਗਈ। ਸੰਨ 2012 ਨੂੰ ਵੈਨਕੂਵਰ ਦੀ ਹਰਬਰ ਪੋਰਟ ਕੋਲ ਇੱਕ ਵਿਸ਼ੇਸ਼ ਯਾਦਗਾਰ ਗੁਰੂ ਨਾਨਕ ਜਹਾਜ਼ ਦੀ ਘਟਨਾ ਦੀ ਯਾਦ ਵਜੋਂ ਬਣਾਈ ਗਈ। ਸਮੁੰਦਰ ਕਿਨਾਰੇ ਬਣਾਈ ਗਈ ਇਸ ਯਾਦਗਾਰ ਕੋਲ ਇੱਕ ਧਾਤੂ ਦਾ ਵੱਡ ਆਕਾਰੀ ਬੋਰਡ ਵੀ ਲਗਾਇਆ ਗਿਆ ਹੈ, ਜਿਸ ਉੱਪਰ ਜਹਾਜ਼ ਦੇ ਸਾਰੇ ਹੀ ਯਾਤਰੀਆਂ ਦੇ ਨਾਮ ਉੱਕਰੇ ਗਏ ਹਨ। ਲੋਕ ਇਸ ਯਾਦਗਾਰ ਨੂੰ ਦੇਖਣ ਅਤੇ ਸਿਜਦਾ ਕਰਦੇ ਦੇਖੇ ਜਾ ਸਕਦੇ ਹਨ। ਇਹ ਸਥਾਨ ਵੈਨਕੂਵਰ ਦਾ ਸੰਘਣੀ ਆਬਾਦੀ ਵਾਲਾ ਉਹ ਇਲਾਕਾ ਹੈ, ਜੋ ਹਰ ਵਕਤ ਵਿਸ਼ਵ ਭਰ ਦੇ ਸੈਲਾਨੀਆਂ ਦੀ ਵੱਡੀ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ।
ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ ਕਲਾ ਦੇ ਸਫ਼ਰ ਦੀ 111ਵੀਂ ਵਰੇਗੰਢ ਮੌਕੇ ਵੈਨਕੂਵਰ ਵਿਖੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ 25 ਮਈ ਦਿਨ ਐਤਵਾਰ ਨੂ ਬਾਅਦ ਦੁਪਹਿਰ 2 ਵਜੇ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਵੱਡੀ ਗਿਣਤੀ ਸਾਹਿਤਕ, ਚਿੰਤਕ ਅਤੇ ਸਿਆਸਤਦਾਨ ਆਦਿ ਪਹੁੰਚ ਰਹੇ ਹਨ।
ਸੰਪਰਕ: 0017789809196