ਪੰਜਵੇਂ ਗੁਰੂ ਨਾਨਕ
ਪਰਵਾਸੀ ਕਾਵਿ
ਭਾਈ ਹਰਪਾਲ ਸਿੰਘ ਲੱਖਾ
ਗੋਵਿੰਦਵਾਲ ਸਿੱਖੀ ਦਾ ਕੇਂਦਰ, ਰਚਿਆ ਨਦੀ ਕਿਨਾਰੇ।
ਤੀਜੇ ਸਤਿਗੁਰ ਅਮਰ ਦਾਸ ਜੀ, ਸੱਭੇ ਕਾਜ ਸਵਾਰੇ।
ਚੌਥੇ ਸਤਿਗੁਰ ਰਾਮਦਾਸ ਜੀ, ਗੁਰਗੱਦੀ ਬਖ਼ਸ਼ਾਏ।
ਗੁਰ ਅਰਜਨ ਦਾ ਰੂਪ ਧਾਰ ਕੇ, ਪੰਜਵੇਂ ਨਾਨਕ ਆਏ।
ਬਾਣੀ ਦਾ ਹੈ ਬੋਹਿਥਾ ਦੋਹਤਾ, ਨਾਨਾ ਜੀ ਵਰ ਦਿੱਤਾ।
ਬੀਬੀ ਭਾਨੀ ਦਾ ਏ ਪੁੱਤਰ, ਪ੍ਰੇਮ ਨਾਲ ਭਰ ਦਿੱਤਾ।
ਬਾਬਾ ਮੋਹਨ ਤੇ ਮੋਹਰੀ ਜੀ ਨੇ, ਆਪਣੀ ਗੋਦ ਖਿਡਾਏ।
ਗੁਰ ਅਰਜਨ ਦਾ ਰੂਪ ਧਾਰ ਕੇ, ਪੰਜਵੇਂ ਨਾਨਕ ਆਏ।
ਚੱਕ ਰਾਮਦਾਸਪੁਰੇ ਦੇ ਅੰਦਰ, ਸੱਚਖੰਡ ਰਚਿਆ ਸੋਹਣਾ।
ਅੰਮ੍ਰਿਤਸਰ ਦੇ ਵਿੱਚ ਸਰੋਵਰ, ਪਾਵਨ ਤੇ ਮਨ ਮੋਹਣਾ।
ਤਨ ਮਨ ਦੇ ਦੁਖ ਦੂਰ ਹੋਂਵਦੇ, ਜੋ ਸ਼ਰਧਾ ਕਰ ਨਾਇ।
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।
ਸਾਰੀ ਬਾਣੀ ਇੱਕ ਥਾਂ ਕਰਕੇ, ਗੁਰੂ ਗਰੰਥ ਬਣਾਏ।
ਰੱਬੀ ਰੰਗ ’ਚ ਰੰਗੇ ਭਗਤ ਜੋ, ਓਹ ਵੀ ਨਾਲ ਬੈਠਾਏ।
ਪੜ੍ਹੇ ਸੁਣੇ ਜੋ ਗਾਵੈ ਬਾਣੀ, ਜੀਵਨ ਮੁਕਤ ਕਰਾਏ।
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।
ਤਰਨ ਤਾਰਨ ਗੁਰਧਾਮ ਸਰੋਵਰ ਪੰਜਵੇਂ ਗੁਰਾਂ ਵਸਾਇਆ।
ਦੁਖੀਆਂ ਦੇ ਇਲਾਜ ਕਰਨ ਲਈ, ਸੇਵਾ ਲੰਗਰ ਲਾਇਆ।
ਰੋਗੀ ਸੋਗੀ ਭੋਗੀ ਦੁਖੀਏ, ਬੇੜੇ ਪਾਰ ਲੰਘਾਏ।
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।
ਪਿੰਡ ਵਡਾਲੀ ਜਾ ਕੇ ਸਤਿਗੁਰ, ਮਿੱਠਾ ਖੂਹ ਲਗਾਇਆ।
ਹਰਿਗੋਬਿੰਦ ਜੀ ਪ੍ਰਗਟ ਹੋਏ, ਸੀ ਆਲਮ ਰੁਸ਼ਨਾਇਆ।
ਦਲ ਭੰਜਨ ਉਪਕਾਰੀ ਸੂਰਾ, ਜ਼ਾਲਮ ਨਾਸ਼ ਕਰਾਏ।
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।
ਪੜ੍ਹੀ-ਸੁਣੀ ਜਿਨ੍ਹਾਂ ਨੇ ਬਾਣੀ, ਪੀਰ ਮਨਾਉਣੋ ਹਟਗੇ।
ਬਿਪਰਾਂ ਵਾਲੀ ਸੋਚ ਤਿਆਗੀ, ਰੋਟ ਪਕਾਉਣੋ ਹਟਗੇ।
ਜੋ ਵੀ ਸ਼ਰਨ ਗੁਰਾਂ ਦੀ ਆਏ, ਬੰਧਨ ਤੇ ਛੁਟਕਾਏ।
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।
ਕੱਟੜ ਕਾਜੀ ਮਨੂਵਾਦੀ, ’ਕੱਠੇ ਹੋ ਗਏ ਸਾਰੇ।
ਨਾਲ ਮਿਲਾਏ ਬਾਹਮਣ ਚੰਦੂ, ਪੁੱਜੇ ਰਾਜ ਦੁਆਰੇ।
ਬੀੜ ਸਾਹਿਬ ਦੇ ਬਰਖਿਲਾਫ਼ ਹੋ ਝੂਠੇ ਦੋਸ਼ ਲਗਾਏ।
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।
ਜਹਾਂਗੀਰ ਨਫ਼ਰਤ ਸੀ ਕਰਦਾ, ਭੇਜ ਦਿੱਤਾ ਹਰਕਾਰਾ।
ਸਿੱਖੀ ਤਾਈਂ ਖ਼ਤਮ ਕਰਾਂਗਾ, ਬੰਦ ਕਰੂੰ ਗੁਰਦੁਆਰਾ।
ਬਾਗੀ ਖੁਸਰੋ ਕੰਠ ਲਗਾਏ, ਜੋ ਆਇ ਸ਼ਰਣਾਏ।
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।
ਸੰਗਤ ਨੂੰ ਫਰਮਾਇਆ ਸਤਿਗੁਰ, ਅਸਾਂ ਸ਼ਹੀਦੀ ਪਾਣਾ।
ਹਰਿਗੋਬਿੰਦ ਜੀ ਗੁਰੂ ਹੋਣਗੇ, ਸਭ ਨੇ ਮੰਨਣਾ ਭਾਣਾ।
ਮੀਰੀ ਪੀਰੀ ਬਖ਼ਸ਼ਿਸ਼ ਕਰਕੇ, ਸੱਚੇ ਤਖ਼ਤ ਬੈਠਾਏ।
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।
ਛੱਡੋ ਧਰਮ ਜਾਂ ਪਾਓ ਸ਼ਹੀਦੀ, ਰਾਜੇ ਹੁਕਮ ਸੁਣਾਇਆ।
ਚੰਦੂ ਪਿਰਥੀ ਦੁਸ਼ਟ ਚੌਕੜੀ, ਰਲ ਕੇ ਕਹਿਰ ਕਮਾਇਆ।
‘ਯਾਸਾਂ’ ਰਾਹੀਸ਼ ਕਸ਼ਟ ਦਵਾਏ, ਤੱਤੀ ਤਵੀ ਬਿਠਾਏ।
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।
ਤੱਤਾ ਕਰਕੇ ਰੇਤਾ ਦੁਸ਼ਟਾਂ, ਸੀਸ ਗੁਰਾਂ ਦੇ ਪਾਇਆ।
ਫੇਰ ਉਬਲਦੇ ਪਾਣੀ ਦੇ ਵਿੱਚ,
ਸਤਿਗੁਰ ਤਾਈਂ ਬੈਠਾਇਆ।
ਹਰਪਾਲ ਸਿੰਘਾ ਸ਼ਹੀਦੀ ਪਾ ਕੇ, ਹਾਕਮ ਦੁਸ਼ਟ ਹਰਾਏ।
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ।