ਪੰਚਾਇਤਾਂ ਦੀ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਦੀ ਮੰਗ
ਪੱਤਰ ਪ੍ਰੇਰਕ
ਫਿਲੌਰ, 10 ਜੂਨ
ਮਗਨਰੇਗਾ ਦੇ ਕੰਮ ਕਾਰ ’ਚ ਪੰਚਾਇਤਾਂ ਦੀ ਬੇਲੋੜੀ ਦਖਲਅੰਦਾਜ਼ੀ ਤੁਰੰਤ ਬੰਦ ਕਰਨ ਦੀ ਮੰਗ ਕਰਦਿਆਂ ਮਗਨਰੇਗਾ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਅੱਜ ਇੱਥੇ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਨੂੰ ਮਜਬੂਰਨ ਸਰਕਾਰ ਖ਼ਿਲਾਫ਼ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਚਰਨਜੀਤ ਥੰਮੂਵਾਲ ਅਤੇ ਤਹਿਸੀਲ ਪ੍ਰਧਾਨ ਮੇਜਰ ਫਿਲੌਰ ਨੇ ਅੱਜ ਇੱਥੇ ਦੱਸਿਆ ਕਿ ਬਲਾਕ ਰੁੜਕਾ ਕਲਾਂ ਦੇ ਪਿੰਡ ਦੁਸਾਂਝ ਖੁਰਦ ’ਚ ਬੇਲੋੜੀ ਦਖਲਅੰਦਾਜ਼ੀ ਕਰਕੇ ਵਰਕਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਆਗੂਆਂ ਏਡੀਸੀ ਜਲੰਧਰ ਅਤੇ ਬੀਡੀਪੀਓ ਰੁੜਕਾ ਕਲਾਂ ਤੋਂ ਮੰਗ ਕੀਤੀ ਕਿ ਇਸ ਦਖਲਅੰਦਾਜ਼ੀ ਨੂੰ ਤੁਰੰਤ ਰੋਕਿਆ ਜਾਵੇ। ਆਗੂਆਂ ਮੰਗ ਕੀਤੀ ਕਿ ਪਿੰਡ ਦੁਸਾਂਝ ਖੁਰਦ ’ਚ ਮਨਰੇਗਾ ਵਰਕਰਾਂ ਦਾ ਕੰਮ ਬੰਦ ਕਰਵਾਏ ਜਾਣ ਦੀ ਜਾਂਚ ਕੀਤੀ ਜਾਵੇ ਕਿ ਕਿਸ ਦੇ ਹੁਕਮਾਂ ’ਤੇ ਕੰਮ ਬੰਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 15 ਜੂਨ ਨੂੰ ਜੰਡਿਆਲਾ ਮੰਜਕੀ ’ਚ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ, ਜੇ ਉਸ ਵੇਲੇ ਤੱਕ ਵਰਕਰਾਂ ਦੀ ਸੁਣਵਾਈ ਨਾ ਹੋਈ ਤਾਂ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਬੀਡੀਪੀਓ ਰੁੜਕਾ ਕਲਾਂ ਨਵਨੀਤ ਕੌਰ ਨੇ ਕਿਹਾ ਕਿ ਮਗਨਰੇਗਾ ਦੇ ਕੰਮ ਲਈ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ, ਕਿਸੇ ਇੱਕ ਨੂੰ ਪੁੱਛ ਪੜਤਾਲ ਦਾ ਕੋਈ ਅਧਿਕਾਰ ਨਹੀਂ ਹੈ।