ਪੰਚਾਇਤਾਂ ਤੇ ਨੌਜਵਾਨਾਂ ਵੱਲੋਂ ਬਹੁਗਿਣਤੀ ਪਿੰਡ ਸੀਲ

ਪਿੰਡ ਤਰੈਂ ਦੀ ਮੁੱਖ ਐਂਟਰੀ ’ਤੇ ਨਾਕਾ ਲਾ ਕੇ ਖੜ੍ਹੇ ਪਿੰਡ ਵਾਸੀ। -ਫੋਟੋ: ਭੰਗੂ

ਬੀਰਬਲ ਰਿਸ਼ੀ
ਸ਼ੇਰਪੁਰ, 3 ਅਪਰੈਲ
ਇੱਥੇ ਕਰੋਨਾ ਦੇ ਕਹਿਰ ਨੂੰ ਰੋਕਣ ਲਈ ਪੁਲੀਸ ਤੇ ਪ੍ਰਸ਼ਾਸਨ ਦੇ ਸਹਿਯੋਗੀ ਬਣਕੇ ਹੁਣ ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਨੌਜਵਾਨਾਂ ਨੇ ਆਪਣੇ ਪਿੰਡਾਂ ਤੇ ਪਰਿਵਾਰਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਖੁਦ ਅੱਗੇ ਆਉਂਦਿਆਂ ਆਪਣੀ ਪੱਧਰ ’ਤੇ ਨਾਕੇ ਲਗਾ ਕੇ ਪਿੰਡ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਹਨ। ਐੱਸਐੱਚਓ ਸ਼ੇਰਪੁਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਥਾਣੇ ਦੇ ਕੁੱਲ 20 ਪਿੰਡਾਂ ’ਚੋਂ 18 ਪਿੰਡਾਂ ਵਿੱਚ ਅਜਿਹੇ ਨਾਕੇ ਲੱਗ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਆਪਣੇ ਸੂਬੇ ਨੂੰ ਵਾਇਆ ਸ਼ੇਰਪੁਰ ਪਰਤ ਰਹੇ 15 ਪਰਵਾਸੀ ਮਜ਼ਦੂਰਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ-1 ਵਿੱਚ ਬਣਾਏ ਲੇਬਰ ਸ਼ੈਲਟਰ ਰੂਮ ਭੇਜਿਆ ਗਿਆ ਹੈ।
ਲਹਿਰਾਗਾਗਾ(ਪੱਤਰ ਪ੍ਰੇਰਕ): ਇੱਥੇ ਕਰੋਨਾਵਾਇਰਸ ਤੋਂ ਬਚਾਅ ਲਈ ਪਿੰਡ ਭਾਈ ਕੀ ਪਿਸ਼ੌਰ ਦੇ ਸਰਪੰਚ ਪੁਸ਼ਪਿੰਦਰ ਸਿੰਘ ਜੋਸ਼ੀ ਦੀ ਅਗਵਾਈ ’ਚ ਬਾਹਰਲੇ ਪਿੰਡਾਂ ਦੇ ਵਿਆਕਤੀਆਂ ਦਾ ਪਿੰਡ ’ਚ ਦਾਖਲ ਬਿਲਕੁਲ ਬੰਦ ਕੀਤਾ ਹੈ। ਇਸੇ ਤਰ੍ਹਾਂ ਨੇੜਲੇ ਪਿੰਡ ਭੁਟਾਲ ਕਲਾਂ ’ਚ ਪੰਚਾਇਤ ਨੇ ਸਰਪੰਚ ਗੁਰਵਿੰਦਰ ਸਿੰਘ ਬੱਗੜ ਦੀ ਅਗਵਾਈ ’ਚ ਪਿੰਡ ਦੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਅਤੇ ਪ੍ਰਸ਼ਾਸਨ ਵੱਲੋਂ ਲਾਏ ਕਰਫਿਊ ਨੂੰ ਨਾ ਤੋੜਣ ਲਈ ਅਹਿਮ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਹਨ।
ਲੌਂਗੋਵਾਲ(ਜਗਤਾਰ ਸਿੰਘ ਨਹਿਲ): ਇੱਥੇ ਖ਼ਤਰਨਾਕ ਵਾਇਰਸ ਕੋਵਿਡ 19 ਨੂੰ ਆਪਣੇ ਪਿੰਡਾਂ ਵਿੱਚ ਰੋਕਣ ਲਈ ਲੌਂਗੋਵਾਲ ਇਲਾਕੇ ਦੀਆਂ ਪੰਚਾਇਤਾਂ ਨੇ ਆਪੋ-ਆਪਣੇ ਪਿੰਡਾਂ ਨੂੰ ਸੀਲ ਕਰ ਦਿੱਤਾ ਹੈ। ਐੱਸ.ਐੱਚ.ਓ. ਲੌਂਗੋਵਾਲ ਬਲਵੰਤ ਸਿੰਘ ਨੇ ਦੱਸਿਆ ਕਿ ਪੰਚਾਇਤਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਬਾਹਰੀ ਵਿਅਕਤੀਆਂ ਦਾ ਪ੍ਰਵੇਸ਼ ਬੰਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਥਾਣਾ ਲੌਂਗੋਵਾਲ ਅਧੀਨ ਪੈਂਦੇ ਪਿੰਡਾਂ ਮੰਡੇਰ ਕਲਾਂ, ਲੋਹਾਖੇੜਾ, ਤਕੀਪੁਰ, ਕਿਲ੍ਹਾ ਭਰੀਆਂ, ਦਿਆਲਗੜ੍ਹ, ਢੱਡਰੀਆਂ, ਮੰਡੇਰ ਖ਼ੁਰਦ, ਰੱਤੋਕੇ, ਸਾਹੋਕੇ, ਤੋਗਾਵਾਲ, ਉੱਭਾਵਾਲ, ਪੱਤੀ ਭਰੀਆਂ, ਬੁੱਗਰਾਂ, ਬਡਰੁੱਖਾਂ, ਬਹਾਦਰਪੁਰ, ਕੁੰਨਰਾਂ, ਭੰਮਾਵੱਦੀ, ਦੁੱਗਾਂ ਅਤੇ ਲਿੱਦੜਾਂ ਦੀਆਂ ਪੰਚਾਇਤਾਂ ਨੇ ਆਪਣੇ ਪਿੰਡਾਂ ਨੂੰ ਪੂਰਨ ਤੌਰ ’ਤੇ ਬੰਦ ਕਰ ਦਿੱਤਾ ਹੈ। ਵੱਖ ਵੱਖ ਸਰਪੰਚਾਂ ਅਤੇ ਮੋਹਤਬਰਾਂ ਨੇ ਦੱਸਿਆ ਕਿ ਇਸ ਦੌਰਾਨ ਕੇਵਲ ਅਤਿ ਜਰੂਰੀ ਹਾਲਤਾਂ ਵਿੱਚ ਹੀ ਪਿੰਡ ਵਾਸੀਆਂ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਹੈ। ਪਿੰਡਾਂ ਵਿੱਚ ਬਾਹਰੋਂ ਆਉਣ ਵਾਲੇ ਫੇਰੀ ਵਾਲਿਆਂ ’ਤੇ ਵੀ ਰੋਕ ਲਾਈ ਗਈ ਹੈ ਅਤੇ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ ਦੇ ਪਿੰਡਾਂ ਵਿੱਚ ਨਾ ਆਉਣ ਪ੍ਰਤੀ ਸੁਚੇਤ ਕੀਤਾ ਹੈ। \

ਤਰੈਂ ਵਾਸੀਆਂ ਨੇ ਬਾਹਰੀ ਲੋਕਾਂ ਦਾ ਦਾਖ਼ਲਾ ਕੀਤਾ ਬੰਦ

ਪਟਿਆਲਾ(ਖੇਤਰੀ ਪ੍ਰਤੀਨਿਧ): ਇੱਥੇ ਪਟਿਆਲਾ ਨੇੜਲੇ ਪਿੰਡ ਤਰੈਂ ਦੇ ਵਾਸੀਆਂ ਨੇ ਵੀ ਪੰਚਾਇਤ ਤੇ ਹੋਰਾਂ ਦੇ ਸਹਿਯੋਗ ਸਦਕਾ ਨਾਕੇਬੰਦੀ ਕਰਕੇ ਕਿਸੇ ਬਾਹਰੀ ਵਿਅਕਤੀ ਦੇ ਪਿੰਡ ’ਚ ਆਉਣ ’ਤੇ ਰੋਕ ਲਾ ਦਿੱਤੀ ਹੈ। ਸਰਪੰਚ ਸ਼ਿਵ ਕੁਮਾਰ ਦੀ ਅਗਵਾਈ ਵਿਚ ਲਾਏ ਗਏ ਇਸ ਨਾਕੇ ਦੌਰਾਨ ਦਲਿਤ ਤੇ ਮੁਲਾਜ਼ਮ ਆਗੂ ਡਾ. ਜਤਿੰਦਰ ਸਿੰਘ ਮੱਟੂ ਦਾ ਵੀ ਭਰਵਾਂ ਸਹਿਯੋਗ ਹੈ। ਡਾ. ਮੱਟੂ ਦਾ ਕਹਿਣਾ ਸੀ ਕਿ ਪਿੰਡ ਵਿਚੋ ਬਾਹਰ ਜਾਣ ਅਤੇ ਬਾਹਰਲੇ ਵਿਅਕਤੀਆਂ ਦੀ ਪਿੰਡ ਵਿਚ ਐਂਟਰੀ ’ਤੇ ਪਾਬੰਦੀ ਲਗਾ ਦਿੱਤੀ ਗਈ। ਪਿੰਡ ਵਾਸੀਆਂ ਨੂੰ ਘਰਾਂ ਵਿਚ ਰਹਿਣ ਲਈ ਅਨਾਊਂਸਮੈਂਟ ਕੀਤੀ ਗਈ ਹੈ। ਸਰਪੰਚ ਦਾ ਕਹਿਣਾ ਸੀ ਕਿ ਜੇਕਰ ਕਿਸੇ ਨੂੰ ਕੋਈ ਘਰੇਲੂ ਵਸਤੂ ਦੀ ਲੋੜ ਹੈ, ਤਾਂ ਉਹ ਪਿੰਡ ਤੋਂ ਬਾਹਰ ਨਾ ਜਾਵੇ, ਇਸਦਾ ਪ੍ਰਬੰਧ ਪੰਚਾਇਤ ਕਰਕੇ ਦੇਵੇਗੀ।

ਨਾਕਾਬੰਦੀ ਕਰਕੇ ਕਰੋਨਾ ਖ਼ਿਲਾਫ਼ ਡਟੇ ਲੋਕ

ਦਿੜ੍ਹਬਾ ਮੰਡੀ(ਰਣਜੀਤ ਸਿੰਘ ਸ਼ੀਤਲ): ਕਰੋਨਾਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੀਤੀ ਗਈ ਦੇਸ਼ਵਿਆਪੀ ਤਾਲਾਬੰਦੀ ਤੇ ਲਗਾਏ ਗਏ ਕਰਫਿਊ ਦੇ ਬਾਵਜੂਦ ਪੁਲੀਸ ਦੀ ਨਰਮੀ ਕਾਰਨ ਜਿੱਥੇ ਦਿੜ੍ਹਬਾ ਦੀਆਂ ਸੜਕਾਂ ’ਤੇ ਸਵੇਰ ਤੋਂ ਸ਼ਾਮ ਸਮੇਂ ਆਮ ਲੋਕ ਘੁੰਮਦੇ ਨਜ਼ਰ ਆਏ, ਉੱਥੇ ਕਰੋਨਾ ਨਾਲ ਨਜਿੱਠਣ ਲਈ ਦਿੜ੍ਹਬਾ ਹਲਕੇ ਦੇ ਪਿੰਡਾਂ ਦੇ ਲੋਕਾਂ ਨੇ ਆਪੋ-ਆਪਣੇ ਪਿੰਡਾਂ ਦੀਆਂ ਹੱਦਾਂ ਤੇ ਪੂਰੀ ਤਰ੍ਹਾਂ ਨਾਕਾਬੰਦੀ ਕਰਕੇ ਬਾਹਰਲੇ ਲੋਕਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਅਤੇ ਪਿੰਡ ਵਾਸੀਆਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇੱਥੇ ਗਰੀਨ ਸਿਟੀ ਦਿੜ੍ਹਬਾ ਦੇ ਵਾਸੀਆਂ ਦੀ ਅੱਜ ਮੀਟਿੰਗ ਹੋਈ, ਜਿਸ ਵਿੱਚ ਕਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਗਰੀਨ ਸਿਟੀ ਕਲੋਨੀ ਨੂੰ ਲੌਕਡਾਊਨ ਕਰਨ ਦਾ ਫੈਂਸਲਾ ਕੀਤਾ ਗਿਆ।

ਪਿੰਡ ਦੇਹਲਾ ਸ਼ੀਹਾਂ ਵਿੱਚ ਸਾਰੇ ਰਸਤਿਆਂ ’ਤੇ ਸਖ਼ਤ ਪਹਿਰਾ

ਮੂਨਕ(ਪੱਤਰ ਪ੍ਰੇਰਕ): ਇੱਥੇ ਕਰੋਨਾਵਾਇਰਸ ਦੇ ਦਿਨ-ਬ-ਦਿਨ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਿੱਥੇ ਸੂਬਾ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਹੋਇਆ ਹੈ, ਉੱਥੇ ਇਸ ਨੂੰ ਸਫਲ ਬਣਾਉਣ ਲਈ ਪਿੰਡ ਪੱਧਰ ’ਤੇ ਲੋਕ ਸਰਕਾਰ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ ਲੱਗੇ ਬੀਤੇ ਕਈ ਦਿਨਾਂ ਤੋਂ ਦੇਹਲਾ ਸ਼ੀਹਾਂ ਵਿਖੇ ਗ੍ਰਾਮ ਪੰਚਾਇਤ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੱਖ-ਵੱਖ ਪਿੰਡਾਂ ਤੋਂ ਆਉਣ ਵਾਲੇ ਰਸਤਿਆਂ ਤੇ ਨੋਜਵਾਨਾਂ ਵੱਲੋਂ ਸਖ਼ਤ ਪਹਿਰਾ ਦਿੱਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਇਹ ਬਿਮਾਰੀ ਖਤਮ ਨਹੀਂ ਹੁੰਦੀ, ਉਸ ਸਮੇਂ ਤੱਕ ਪਿੰਡ ’ਚ ਨਾ ਕੋਈ ਬਾਹਰਲਾ ਵਿਅਕਤੀ ਆਉਣ ਦਿੱਤਾ ਜਾਵੇਗਾ ਅਤੇ ਨਾਂ ਹੀ ਕੋਈ ਵਿਅਕਤੀ ਬਾਹਰ ਜਾਣ ਦਿੱਤਾ ਜਾਵੇਗਾ।

Tags :