For the best experience, open
https://m.punjabitribuneonline.com
on your mobile browser.
Advertisement

ਪੰਖੇਰੂਆਂ ਦੀ ਪਰਵਾਜ਼

04:21 AM Mar 26, 2025 IST
ਪੰਖੇਰੂਆਂ ਦੀ ਪਰਵਾਜ਼
Advertisement

ਜਗਜੀਤ ਸਿੰਘ ਲੋਹਟਬੱਦੀ

Advertisement

ਸਾਲ ਦਾ ਅਖ਼ੀਰਲਾ ਦਿਨ ਸੀ। ਵੱਡੇ ਦਿਨਾਂ ਦੀਆਂ ਛੁੱਟੀਆਂ ਕੱਟਣ ਪਿੱਛੋਂ ਵਾਪਸ ਪੰਜਾਬੀ ਯੂਨੀਵਰਸਿਟੀ ਹੋਸਟਲ ਵਿੱਚ ਪਹੁੰਚ ਗਏ। ਅਗਲੇ ਦਿਨ ਸ਼ੈਕਸਪੀਅਰ ਦੇ ‘ਕਿੰਗ ਲੀਅਰ’ ਨਾਲ ਵਾਹ ਪੈਣਾ ਸੀ। ਫੀਸਾਂ ਭਰਨ ਲਈ ਮਾਪਿਆਂ ਦੇ ਦਿੱਤੇ ਨੋਟਾਂ ਨਾਲ ‘ਅਮੀਰਾਂ’ ਵਾਲੀ ਫੀਲਿੰਗ ਆ ਰਹੀ ਸੀ। ਰਾਤੀਂ ਨਵੇਂ ਸਾਲ ਨੂੰ ‘ਖ਼ੁਸ਼-ਆਮਦੀਦ’ ਕਹਿੰਦਿਆਂ ਪੰਜਾਂ ਵਿੱਚੋਂ ਇੱਕ ਦੋਸਤ ਨੇ ਅਗਲੇ ਦਿਨ ਸ਼ਿਮਲਾ ਗੇੜੀ ਦਾ ਪ੍ਰਸਤਾਵ ਰੱਖਿਆ ਜੋ ਸਰਬਸੰਮਤੀ ਨਾਲ ਪਾਸ ਹੋ ਗਿਆ।
ਸਵੇਰ ਹੋਈ, ਕੜਕਵੀਂ ਠੰਢ, ਉੱਪਰੋਂ ਕਿਣਮਿਣ; ਪਟਿਆਲਾ ਹੀ ‘ਸ਼ਿਮਲਾ’ ਬਣਿਆ ਹੋਇਆ ਸੀ। ਖ਼ੈਰ, ਸ਼ਾਮ ਤੱਕ ‘ਪਹਾੜਾਂ ਦੀ ਰਾਣੀ’ ਦੇ ਦਰਸ਼ਨ ਜਾ ਕੀਤੇ। ਰਾਤ ਭਰ ਹਲਕੀ-ਹਲਕੀ ਬਰਫ਼ਬਾਰੀ ਹੁੰਦੀ ਰਹੀ। ਸੁਬ੍ਹਾ ਨਾਸ਼ਤਾ-ਪਾਣੀ ਕਰਨ ਤੋਂ ਬਾਅਦ ਟਹਿਲਣ ਲਈ ਰਿੱਜ ’ਤੇ ਪਹੁੰਚ ਗਏ। ਸੈਲਾਨੀਆਂ ਦੀ ਵੱਡੀ ਭੀੜ ਮੌਸਮ ਦਾ ਲੁਤਫ਼ ਉਠਾ ਰਹੀ ਸੀ। ਬੱਚੇ ਇੱਕ ਦੂਜੇ ਉੱਤੇ ਬਰਫ਼ ਦੇ ਗੋਲ਼ੇ ਵਰ੍ਹਾ ਰਹੇ ਸਨ।
ਮਾਲ ਰੋਡ ਦੀ ਚਹਿਲਕਦਮੀ ਮਗਰੋਂ ਸਾਡੀ ਜਾਖੂ ਬਜਰੰਗ ਬਲੀ ਦੇ ਮੰਦਰ ਨਤਮਸਤਕ ਹੋਣ ਦੀ ਯੋਜਨਾ ਸੀ। ਟਕਾ ਬੈਂਚ ਨੇੜਿਓਂ ਜਿਉਂ ਹੀ ‘ਓਕਓਵਰ’ ਦੇ ਰਸਤੇ ਚੜ੍ਹਾਈ ਸ਼ੁਰੂ ਕੀਤੀ ਤਾਂ ‘ਇੱਕ ਕਦਮ ਅੱਗੇ, ਦੋ ਕਦਮ ਪਿੱਛੇ’ ਵਾਲੀ ਹਾਲਤ ਬਣ ਗਈ। ਸ਼ੀਸ਼ੇ ਵਰਗੀ ਬਰਫ਼ ਉੱਤੇ ਲੋਹੜਿਆਂ ਦੀ ਤਿਲਕਣ ਸੀ। ਥੱਕ ਹਾਰ ਕੇ ਬੈਂਚ ਉੱਪਰ ਬੈਠ ਗਏ। ਕੋਈ ਖ਼ਤਰਾ ਮੁੱਲ ਲੈਣਾ ਠੀਕ ਨਾ ਸਮਝਿਆ।
ਗਰਮ ਚਾਹ ਦੀਆਂ ਚੁਸਕੀਆਂ ਭਰਦਿਆਂ ਨਜ਼ਰ ਸਾਹਮਣੇ ਦੋ ਮਾਸੂਮ ਬੱਚਿਆਂ ’ਤੇ ਪਈ: ‘ਸ਼ਾਇਦ ਸਕੂਲ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਣ!’ ਨੇੜੇ ਆਏ ਤਾਂ ਅੱਧੋਰਾਣੇ ਕੱਪੜਿਆਂ ਵਿੱਚ ਠੁਰ-ਠੁਰ ਕਰਦੇ। ਸਾਡੇ ਕੋਲ ਆ ਕੇ ਉਨ੍ਹਾਂ ਹੱਥ ਦੀਆਂ ਉਂਗਲਾਂ ਦਾ ਪੌਂਚਾ ਜਿਹਾ ਬਣਾ ਆਪਣੇ ਮੂੰਹ ਵੱਲ ਕੀਤਾ; ਇਸ਼ਾਰਾ ਸੀ, ਉਨ੍ਹਾਂ ਦੇ ਭੁੱਖੇ ਹੋਣ ਦਾ। ਅਸੀਂ ਸਨੇਹ ਨਾਲ ਕੋਲ ਬਿਠਾ ਕੇ ਚਾਹ ਪਿਲਾਈ। ਜਦੋਂ ਥੋੜ੍ਹਾ ਸਹਿਜ ਹੋਏ ਤਾਂ ਪ੍ਰਦੀਪ ਨੇ ਉਨ੍ਹਾਂ ਦੇ ਸਕੂਲ ਅਤੇ ਕਲਾਸ ਬਾਰੇ ਜਾਣਨਾ ਚਾਹਿਆ। ਸੁਣ ਕੇ ਡਾਢਾ ਸਦਮਾ ਲੱਗਾ ਕਿ ਉਹ ਸਕੂਲ ਕਦੇ ਗਏ ਹੀ ਨਹੀਂ ਸਨ। 7-8 ਸਾਲ ਦੇ ਮਦਨ ਅਤੇ ਮਨੋਜ, ਇੱਕ ਸੰਜੌਲੀ ਤੋਂ, ਦੂਜਾ ਕੁੱਪਵੀ ਤੋਂ, ਭੀਖ ਮੰਗਣ ਦੇ ਰਾਹ ਪਏ ਹੋਏ...!
ਗੱਲਾਂ ਕਰਦਿਆਂ ਉਨ੍ਹਾਂ ਜਾਣ ਲਿਆ ਕਿ ਅਸੀਂ ਜਾਖੂ ਜਾਣੈ, ਇਕਦਮ ਉਨ੍ਹਾਂ ਸਾਨੂੰ ਕਿਸੇ ਦੂਜੇ ਰਸਤੇ ਲਿਜਾਣ ਦੀ ਪੇਸ਼ਕਸ਼ ਕਰ ਦਿੱਤੀ ਜੋ ਥੋੜ੍ਹਾ ਲੰਮਾ ਪਰ ਸੁਰੱਖਿਅਤ ਸੀ। ਅੰਨ੍ਹਾ ਕੀ ਭਾਲੇ, ਦੋ ਅੱਖਾਂ!... ਹੁਣ ਉਹ ਸਾਡੇ ‘ਗਾਈਡ’ ਬਣ ਕੇ ਅੱਗੇ ਚੱਲ ਰਹੇ ਸਨ। ਕੁਦਰਤ ਨਾਲ ਸੰਵਾਦ ਰਚਾਉਂਦੇ, ਅਸੀਂ ਘੰਟੇ ਕੁ ਪਿੱਛੋਂ ਮੰਦਰ ਦੁਆਰ ’ਤੇ ਪਹੁੰਚ ਗਏ। ਹੁਣ ਨਾ ਉਨ੍ਹਾਂ ਨੂੰ ਅਤੇ ਨਾ ਹੀ ਸਾਨੂੰ ਕੋਈ ਓਪਰਾਪਣ ਲੱਗ ਰਿਹਾ ਸੀ।
ਢਾਈ ਤਿੰਨ ਘੰਟੇ ਇਕੱਠੇ ਬਿਤਾਉਣ ਤੋਂ ਬਾਅਦ ਪਾਲੀ ਨੇ ਉਨ੍ਹਾਂ ਤੋਂ ਸਕੂਲ ਨਾ ਜਾਣ ਦੀ ਵਜ੍ਹਾ ਪੁੱਛੀ। ਗਰੀਬੀ ਸਾਹਮਣੇ ਆਣ ਖਲੋਤੀ ਸੀ... ਮਦਨ ਦਾ ਪਿਤਾ ਸਕੂਟਰ ਮੁਰੰਮਤ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ ਅਤੇ ਮਨੋਜ ਦਾ ਪੈਟਰੋਲ ਪੰਪ ’ਤੇ। ਅਸੀਂ ਉਨ੍ਹਾਂ ਨੂੰ ਸਕੂਲ ਜਾਣ ਲਈ ਪ੍ਰੇਰਿਆ। ਜਾਪਿਆ, ਜਿਵੇਂ ਉਹ ਸਾਡੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਹੋਣ।
ਵਾਪਸ ਰਿੱਜ ’ਤੇ ਆਏ ਤਾਂ ਫੋਟੋਗ੍ਰਾਫਰਾਂ ਨੇ ਘੇਰ ਲਿਆ: “ਸਰ ਏਕ ਪਿਕਚਰ ਕਰਵਾ ਲਓਪਲੀਜ਼…।” ਕੈਮਰੇ ਨੇ ਕਲਿੱਕ ਕੀਤਾ ਤਾਂ ਕਾਲੀ-ਚਿੱਟੀ ਤਸਵੀਰ ਸਾਹਮਣੇ ਆ ਗਈ- ਪੰਜ ਅਸੀਂ, ਦੋ ਉਹ। ਫੋਟੋ ਦੀ ਇੱਕ ਕਾਪੀ ਮਦਨ ਤੇ ਮਨੋਜ ਨੂੰ ਵੀ ਦੇ ਦਿੱਤੀ। ਵਿਦਾਈ ਵੇਲੇ ਜਦੋਂ ਅਸੀਂ 10-10 ਰੁਪਏ ਉਨ੍ਹਾਂ ਦੀਆਂ ਜੇਬਾਂ ਵਿੱਚ ਪਾਏ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਜਿਵੇਂ ਸੂਰਜ ਲਿਸ਼ਕ ਰਿਹਾ ਹੋਵੇ। ਸ਼ਾਇਦ ਇਹ ਉਨ੍ਹਾਂ ਦੀ ‘ਅਸਲ ਕਮਾਈ’ ਸੀ।
ਕਈ ਸਾਲ ਬੀਤ ਗਏ। ਦੋਸਤਾਂ ਸੰਗ ਬਿਤਾਏ ਉਹ ਪਲ ਚੇਤਿਆਂ ਵਿੱਚ ਵੱਸੇ ਰਹੇ। 2018 ਵਾਲੀਆਂ ਗਰਮੀਆਂ ਵਿੱਚ ਬੱਚਿਆਂ ਨਾਲ ਸ਼ਿਮਲੇ ਜਾਣ ਦਾ ਸਬੱਬ ਬਣ ਗਿਆ। ਇੱਕ ਦਿਨ ਉੱਥੇ ਰੁਕਣ ਤੋਂ ਬਾਅਦ ਨਾਰਕੰਡਾ ਜਾਣ ਦੀ ਤਜਵੀਜ਼ ਸੀ। ਟੈਕਸੀ ਅਤੇ ਹੋਟਲ ਦੀ ਜਾਣਕਾਰੀ ਲਈ ਮੈਂ ਮਾਲ ਰੋਡ ’ਤੇ ‘ਟੂਰ ਐਂਡ ਟਰੈਵਲਜ਼’ ਫੱਟੇ ਵਾਲੀ ਦੁਕਾਨ ਅੰਦਰ ਜਾ ਵੜਿਆ। ਦਾਖਲ ਹੁੰਦਿਆਂ ਹੀ ਖੱਬੇ ਪਾਸੇ ਦੀ ਦੀਵਾਰ ’ਤੇ ਲੱਗੇ ਨੋਟਿਸ ਬੋਰਡ ਉੱਤੇ ਦੇਖਣ ਯੋਗ ਥਾਵਾਂ ਦੇ ਅਨੇਕ ਰੰਗਦਾਰ ਚਿੱਤਰ, ਨਕਸ਼ੇ ਅਤੇ ਰੂਟ ਪਲਾਨ ਚੇਪੇ ਹੋਏ ਸਨ। ਮਿਡਲ ਵਿੱਚ ਲੱਗੀ ਕਾਲੀ-ਚਿੱਟੀ ਤਸਵੀਰ ’ਤੇ ਨਜ਼ਰ ਪਈ ਤਾਂ ਚੌਂਕ ਗਿਆ। ਇਹ ਉਹੀ ਫੋਟੋ ਸੀ- ਰਿੱਜ ਵਾਲੀ, 1980 ਦੇ ਨਵੇਂ ਸਾਲ ਦੀ... ਕਿੰਨਾ ਚਿਰ ਮੈਂ ਮਾਲਕ ਦੇ ਚਿਹਰੇ ਵੱਲ ਟਿਕਟਿਕੀ ਲਗਾ ਕੇ ਦੇਖਦਾ ਰਿਹਾ। ਪਛਾਣਾਂ ਬਦਲ ਗਈਆਂ ਸਨ। ਉਹ ਮਦਨ ਸੀ!
ਨਮ ਅੱਖਾਂ ਨਾਲ ਝੁਕ ਕੇ ਉਹਨੇ ਮੈਨੂੰ ਕਲਾਵੇ ਵਿੱਚ ਲੈ ਲਿਆ: “ਸਰ... ਅਸੀਂ ਉਸੇ ਦਿਨ ਭੀਖ ਮੰਗਣ ਤੋਂ ਤੌਬਾ ਕਰ ਕੇ ਸਕੂਲ ਜਾਣ ਦੀ ਠਾਣ ਲਈ ਸੀ... ਮਾਪਿਆਂ ਨੂੰ ਮਨਾ ਲਿਆ ਕਿ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਾਂਗੇ... ਮੈਂ ਸਕੂਲ ਤੋਂ ਬਾਅਦ ਪਿਤਾ ਜੀ ਨਾਲ ਦੁਕਾਨ ’ਤੇ ਕੰਮ ਕਰਾਉਂਦਾ... ਤੇ ਮਨੋਜ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਅਖ਼ਬਾਰ ਵੰਡਣ ਦਾ ਕੰਮ ਮੁਕਾ ਲੈਂਦਾ... ਹੁਣ ਦੋਵੇਂ ਗਰੈਜੂਏਟ ਆਂ।” ਮੈਂ ਅਚੰਭੇ ਵੱਸ ਉਹਦੀਆਂ ਗੱਲਾਂ ਸੁਣ ਰਿਹਾ ਸਾਂ।
“... ਉਹ ਦਿਨ ਤੇ ਆਹ ਦਿਨ... ਹੁਣ ਅਸੀਂ ਦੋਵੇਂ ‘ਐੱਮ ਐਂਡ ਐੱਮ ਟਰੈਵਲਜ਼’ ਦੇ ਪਾਰਟਨਰ ਹਾਂ... ਮੈਂ ਇੱਥੇ ਏਜੰਸੀ ਦਾ ਕੰਮ ਦੇਖਦਾਂ... ਤੇ ਮਨੋਜ ਰਜਿਸਟਰਡ ਟੂਰ ਉਪਰੇਟਰ ਐ... ਅਹੁ ਦੇਖੋ... ਆਪਣੀ ਉਹੀ ਫੋਟੋਗਰਾਫ... ਜਦੋਂ ਅਸੀਂ ਤੁਹਾਡੇ ਪਹਿਲੇ ‘ਗਾਈਡ’ ਬਣੇ ਸੀ...।”
ਮੈਂ ਦੇਖਿਆ, ਉਹਦੀਆਂ ਅੱਖਾਂ ਵਿੱਚ ਫਿਰ ਉਹੀ ਚਮਕ ਸੀ।
ਅੱਖ ਦੇ ਫੋਰ ਵਿੱਚ ਚਾਰ ਦਹਾਕਿਆਂ ਦਾ ਸਫ਼ਰ ਅੱਖਾਂ ਥਾਣੀਂ ਲੰਘ ਗਿਆ। ਮਦਨ ਉਸ ਦਿਨ ਨੂੰ ਯਾਦ ਕਰ ਕੇ ਅਹਿਸਾਨ ਜਤਾ ਰਿਹਾ ਸੀ, ਪਰ ਮੈਂ ਉਨ੍ਹਾਂ ਮਾਸੂਮ ਪਰਿੰਦਿਆਂ ਦੀ ਉਚੇਰੀ ਉਡਾਣ ਦਾ ਅਹਿਸਾਸ ਕਰ ਕੇ ਫ਼ਖਰ ਮਹਿਸੂਸ ਰਿਹਾ ਸਾਂ।
ਸੰਪਰਕ: 89684-33500

Advertisement
Advertisement

Advertisement
Author Image

Jasvir Samar

View all posts

Advertisement