ਪ੍ਰੋਗਰੈਸਿਵ ਐਸੋਸੀਏਸ਼ਨ ਵੱਲੋਂ ਅੰਬੇਡਕਰ ਬਾਰੇ ਸੈਮੀਨਾਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਅਪਰੈਲ
ਇੱਥੇ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ’ਚ ਪ੍ਰੋਗਰੈਸਿਵ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਨ ਮੌਕੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ’ਚ ਉੱਘੇ ਚਿੰਤਕ ਡਾ. ਐੱਸਐੱਲ ਵਿਰਦੀ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਕਿਹਾ ਕਿ ਦਲਿਤਾਂ ਵਿਚ ਕਲਮ ਫੜਾਉਣ ਵਾਲੇ ਡਾ. ਅੰਬੇਡਕਰ ਹੀ ਹਨ। ਇਸ ਵੇਲੇ ਡਾ. ਹਰਨੇਕ ਸਿੰਘ ਦੀ ਪੁਸਤਕ ‘ਪਾਲੀ ਭਾਸ਼ਾ ਸੰਸਕ੍ਰਿਤ ਦੀ ਮਾਂ ਹੈ’ ਰਿਲੀਜ਼ ਕੀਤੀ ਗਈ। ਸੈਮੀਨਾਰ ਵਿਚ ਭਾਸ਼ਣ ਦੇਣ ਲਈ ਰਾਜਿੰਦਰਪਾਲ ਸਿੰਘ ਨਾਭਾ ਕਥਾਵਾਚਕ ਪੁੱਜੇ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤ ਦੇ ਅਛੂਤਾਂ ਲਈ ਤੇ ਔਰਤਾਂ ਲਈ ਵੱਡਾ ਕੰਮ ਕੀਤਾ ਤਾਂ ਹੀ ਅੱਜ ਇਕ ਔਰਤ ਦੇਸ਼ ਦੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣ ਸਕਦੀ ਹੈ। ਸੰਸਥਾ ਦੇ ਪ੍ਰਧਾਨ ਆਰਐੱਸ ਸਿਆਨ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀਆਂ ਬਾਤਾਂ ਭਾਰਤੀਆਂ ਦੇ ਘਰਾਂ ਵਿਚ ਰਾਤਾਂ ਨੂੰ ਪੈਣੀਆਂ ਚਾਹੀਦੀਆਂ ਹਨ ਤਾਂ ਕਿ ਉਨ੍ਹਾਂ ਦੇ ਜੀਵਨ ਤੋਂ ਜਾਂਚ ਲੈ ਕੇ ਹਰ ਇਕ ਬੱਚਾ ਸਿੱਖਿਅਤ ਹੋ ਸਕੇ। ਇਸ ਮੌਕੇ ਡਾ. ਗੁਰਮੀਤ ਕੱਲਰਮਾਜਰੀ, ਸੈਕਟਰੀ ਨਾਰੰਗ ਸਿੰਘ, ਪ੍ਰੀਤ ਕਾਸ਼ੀ ਡਾ. ਅੰਬੇਡਕਰ ਫ਼ਰੰਟ ਆਫ਼ ਇੰਡੀਆ, ਪਰਗਟ ਸਿੰਘ ਤੇ ਰਾਜੇਸ਼ਵਰ ਕੁਮਾਰ, ਸ਼ਿਵਾਜੀ, ਦਵਿੰਦਰ ਸਿੰਘ ਭੱਟੀ, ਓਮ ਪ੍ਰਕਾਸ਼, ਅਵਤਾਰ ਸਿੰਘ ਕੈਂਥ, ਕੁਲਵਿੰਦਰ ਸਿੰਘ ਕਲਿਆਣ ਤੇ ਬਾਲਕ ਰਾਮ ਆਦਿ ਨੇ ਸੰਬੋਧਨ ਕੀਤਾ।