ਪ੍ਰੀਖਿਆ ਵਿੱਚ ਨੰਬਰ ਘੱਟ ਆਉਣ ’ਤੇ ਖ਼ੁਦਕੁਸ਼ੀ

ਹਰਜੀਤ ਸਿੰਘ
ਡੇਰਾਬੱਸੀ, 20 ਸਤੰਬਰ

ਅਦਿੱਤਿਆ

ਇਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਦੇ 11ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰੀਖਿਆ ’ਚ ਨੰਬਰ ਘੱਟ ਆਉਣ ਕਾਰਨ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਵਿਦਿਆਰਥੀ ਦੀ ਪਛਾਣ 19 ਸਾਲਾਂ ਦੇ ਅਦਿੱਤਿਆ ਪੁੱਤਰ ਰਾਮਬੀਰ ਵਾਸੀ ਪਿੰਡ ਸੂਬਰੀ ਸਹਾਰਨਪੁਰ (ਉੱਤਰ ਪ੍ਰਦੇਸ਼) ਹਾਲ ਵਾਸੀ ਪਿੰਡ ਤ੍ਰਿਵੇਦੀ ਕੈਂਪ ਵਜੋਂ ਹੋਈ ਹੈ।
ਉਹ ਡੇਰਾਬੱਸੀ ਦੀ ਮੁਬਾਰਿਕਪੁਰ ਰੋਡ ’ਤੇ ਸਥਿਤ ਡੀਏਵੀ ਸਕੂਲ ਦਾ ਵਿਦਿਆਰਥੀ ਸੀ। ਘੱਗਰ ਰੇਲਵੇ ਪੁਲੀਸ ਦੇ ਇੰਚਾਰਜ ਏਐੱਸਆਈ ਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਲਾਸ਼ ਪਈ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਲਾਸ਼ ਇੱਕ ਵਿਦਿਆਰਥੀ ਦੀ ਹੈ ਜਿਸ ਦੀ ਜੇਬ ’ਚੋਂ ਮਿਲੇ ਮੋਬਾਈਲ ’ਤੇ ਫੋਨ ਆ ਰਿਹਾ ਸੀ। ਫੋਨ ਨੁਕਸਾਨੇ ਜਾਣ ਕਾਰਨ ਚੁੱਕਿਆ ਨਹੀਂ ਗਿਆ। ਏਐੱਸਆਈ ਨੇ ਆਪਣੇ ਫੋਨ ਤੋਂ ਉਕਤ ਨੰਬਰ ’ਤੇ ਗੱਲ ਕੀਤੀ ਤਾਂ ਵਿਦਿਆਰਥੀ ਦੇ ਪਰਿਵਾਰ ਨਾਲ ਗੱਲ ਹੋਣ ’ਤੇ ਪਤਾ ਲਗਾ ਕਿ ਉਹ ਬੀਤੀ ਰਾਤ ਦਾ ਘਰ ਤੋਂ ਗਾਇਬ ਸੀ।
ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਦੇ ਪ੍ਰੀਖਿਆ ’ਚ ਨੰਬਰ ਘੱਟ ਆਉਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਪੁਲੀਸ ਨੇ ਦੱਸਿਆ ਕਿ ਲਾਸ਼ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਉਹ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

Tags :