ਪ੍ਰੀਖਿਆ ਦੌਰਾਨ ਬਲੂਟੁੱਥ ਰਾਹੀਂ ਨਕਲ ਕਰਵਾਉਣ ਦਾ ਮਾਮਲਾ ਉਜਾਗਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਜੂਨ
ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਗੁਰੂ ਨਾਨਕ ਕਾਲਜ ਵਿੱਚ ਪ੍ਰੀਖਿਆ ਦੌਰਾਨ ਬਲੂਟੁੱਥ ਰਾਹੀਂ ਨਕਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ਮਗਰੋਂ ਪੁੱਜੀ ਪੁਲੀਸ ਨੇ ਕਾਲਜ ਨੇੜੇ ਪਾਰਕ ’ਚੋਂ ਬਲੂਟੁੱਥ ਨਾਲ ਨਕਲ ਕਰਵਾ ਰਹੇ ਨੌਜਵਾਨ ਦਾ ਮੋਬਾਈਲ ਫੋਨ ਤੇ ਨਕਲ ਨਾਲ ਸਬੰਧਤ ਸਮੱਗਰੀ ਜ਼ਬਤ ਕਰ ਲਈ।
ਗੁਰੂ ਨਾਨਕ ਕਾਲਜ ਪ੍ਰਿੰਸੀਪਲ ਡਾ. ਜਤਿੰਦਰ ਕੌਰ ਨੇ ਨਕਲ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪੁਲੀਸ ਨੂੰ ਪ੍ਰੀਖਿਆ ਕੇਂਦਰ ’ਚ ਦਾਖ਼ਲ ਹੋਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਕੋਲ ਕਿਸੇ ਵੀ ਸੀਨੀਅਰ ਅਧਿਕਾਰੀ ਦਾ ਕੋਈ ਹੁਕਮ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਕਾਲਜ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੇ ਪ੍ਰੀਖਿਆ ਕੇਂਦਰ ’ਚ ਦਾਖ਼ਲ ਹੋਣ ਕਾਰਨ ਕਈ ਵਿਦਿਆਰਥੀ ਘਬਰਾ ਗਏ ਅਤੇ ਪੂਰਾ ਪੇਪਰ ਨਹੀਂ ਕਰ ਸਕੇ। ਥਾਣਾ ਸਿਟੀ ਮੁਖੀ ਇੰਸਪੈਕਟਰ ਗੁਲਜਿੰਦਰਪਾਲ ਸਿੰਘ ਸੇਖੋਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਯੂਨੀਵਰਸਿਟੀ (ਪੀਯੂ) ਪ੍ਰਸ਼ਾਸਨ ਦੇ ਨਿਰਦੇਸ਼ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਵੇਰਵੇ ਮੁਤਾਬਕ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੌਰਾਨ ਪੀਯੂ ਨੇ 4 ਤੋਂ 13 ਮਈ ਤੱਕ ਬੀਏ, ਬੀਐੱਸਸੀ ਅਤੇ ਬੀ.ਕਾਮ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਹੁਣ ਇਹ ਪ੍ਰੀਖਿਆਵਾਂ ਚੱਲ ਰਹੀਆਂ ਹਨ। ਇੱਥੇ ਗੁਰੂ ਨਾਨਕ ਕਾਲਜ ਦੇ ਬਾਹਰ ਨੇਚਰ ਪਾਰਕ ਵਿੱਚ ਬੈਠੇ ਨੌਜਵਾਨ ਬਲੂਟੁੱਥ ਰਾਹੀਂ ਕਥਿਤ ਨਕਲ ਕਰਵਾ ਰਹੇ ਸਨ। ਇਸ ਦੌਰਾਨ ਖਪਤਕਾਰ ਅਧਿਕਾਰ ਸੰਗਠਨ ਦੇ ਪ੍ਰਧਾਨ ਪੰਕਜ ਸੂਦ ਨੇ ਨਕਲ ਕਰਵਾਉਣ ਦੀ ਵੀਡੀਓ ਬਣਾ ਕੇ ਸਿਵਲ ਤੇ ਪੁਲੀਸ ਅਧਿਕਾਰੀਆਂ ਨੂੰ ਭੇਜ ਦਿੱਤੀ। ਡੀਸੀ ਸਾਗਰ ਸੇਤੀਆ ਦੇ ਹੁਕਮਾਂ ਮਗਰੋਂ ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਨੇ ਆਪਣੀ ਜਾਂਚ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਸੌਂਪ ਦਿੱਤੀ। ਉਨ੍ਹਾਂ ਪੁਸ਼ਟੀ ਕੀਤੀ ਕਿ ਇਸ ਸਬੰਧੀ ਨੌਜਵਾਨ ਹਿਰਾਸਤ ਵਿਚ ਲਿਆ ਹੈ।