ਪ੍ਰਿੰਸ ਕਾਰਲੋਸ
ਟੈਨਿਸ ਜਗਤ ’ਤੇ ਪਿਛਲੇ ਕਈ ਸਾਲਾਂ ਤੋਂ ਛਾਏ ਰਹੇ ਰੌਜਰ ਫੈਡਰਰ, ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਦੀ ਤਿੱਕੜੀ ਦਾ ਸੂਰਜ ਢਲਣ ਤੋਂ ਬਾਅਦ ਇਸ ਦੀ ਥਾਂ ਹੁਣ ਸਪੇਨ ਦੇ ਕਾਰਲੋਸ ਅਲਕਰਾਜ਼ ਅਤੇ ਇਟਲੀ ਦੇ ਯਾਨਿਕ ਸਿਨਰ ਉੱਭਰ ਰਹੇ ਹਨ; ਇਨ੍ਹਾਂ ਦੋਵਾਂ ਦਾ ਜਾਦੂ ਇਸ ਵਕਤ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਨ੍ਹਾਂ ਦੋਵਾਂ ਦਾ ਜਨਮ ਨਵੀਂ ਸਦੀ ਦੇ ਸ਼ੁਰੂ ਵਿੱਚ ਹੋਇਆ ਸੀ। ਇਸ ਵਾਰ ਇਨ੍ਹਾਂ ਦੋਵਾਂ ਵਿਚਕਾਰ ਪਹਿਲਾ ਮੁਕਾਬਲਾ ਫਰੈਂਚ ਓਪਨ ਦੇ ਫਾਈਨਲ ਵਿੱਚ ਹੋਇਆ ਜੋ ਪੈਰਿਸ ਦੇ ਰੋਲਾਂ ਗੈਰੋ ਸਟੇਡੀਅਮ ਦੀ ਲਾਲ ਮਿੱਟੀ ’ਤੇ ਖੇਡਿਆ ਗਿਆ। ਪੰਜ ਘੰਟੇ 29 ਮਿੰਟ ਚੱਲਿਆ ਇਹ ਫਾਈਨਲ ਰੋਲਾਂ ਗੈਰੋ ਦੀਆਂ ਦੰਦ ਕਥਾਵਾਂ ਦਾ ਹਿੱਸਾ ਬਣ ਗਿਆ ਹੈ ਜਿਸ ਵਿਚ 22 ਸਾਲਾ ਅਲਕਰਾਜ਼ ਨੇ ਦੋ ਸੈੱਟਾਂ ਵਿੱਚ ਪਛੜਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਇਹ ਫਰੈਂਚ ਓਪਨ ਜਿੱਤਿਆ ਜੋ ਉਸ ਦਾ ਪੰਜਵਾਂ ਗ੍ਰੈਂਡ ਸਲੈਮ ਖ਼ਿਤਾਬ ਹੈ। ਉਸ ਨੇ ਇਸ ਉਮਰ ਵਿੱਚ ਖਿ਼ਤਾਬ ਜਿੱਤਣ ਦੇ ਲਿਹਾਜ਼ ਤੋਂ ਆਪਣੇ ਬਾਲਪਨ ਦੇ ਆਦਰਸ਼ ਅਤੇ ਹਮਵਤਨੀ ਨਡਾਲ ਦੀ ਬਰਾਬਰੀ ਕਰ ਲਈ ਹੈ। ਮੈਚ ਦੇ ਸ਼ੁਰੂਆਤੀ ਪੜਾਅ ਵਿੱਚ ਸਿਨਰ ਨੇ ਜੋ ਰੰਗ ਦਿਖਾਏ, ਉਸ ਤੋਂ ਬਹੁਤਿਆਂ ਨੂੰ ਇਹ ਜਾਪ ਰਿਹਾ ਸੀ ਕਿ ਉਹ ਇਹ ਖ਼ਿਤਾਬ ਆਪਣੇ ਨਾਂ ਕਰ ਰਿਹਾ ਹੈ ਪਰ ਅਲਕਰਾਜ਼ ਨੇ ਆਪਣੀ ਜਾਨ ਹੂਲ ਕੇ, ਅਗਲੇ ਤਿੰਨ ਸੈੱਟ ਜਿੱਤ ਕੇ ਮੈਚ ਦਾ ਪਾਸਾ ਪਲਟ ਦਿੱਤਾ।
ਜੋਕੋਵਿਚ, ਜੋ ਚੌਵੀ ਖ਼ਿਤਾਬਾਂ ਦਾ ਮਾਲਕ ਹੈ, ਨੇ ਇੱਕ ਵਾਰ ਕਿਹਾ ਸੀ ਕਿ ਉਹ ਅਲਕਰਾਜ਼ ’ਚੋਂ ਫੈਡਰਰ ਅਤੇ ਨਡਾਲ ਦੇ ਬੇਮਿਸਾਲ ਮਿਸ਼ਰਨ ਦੀ ਝਲਕ ਦੇਖਦਾ ਹੈ। ਇਸ ਤਾਰੀਫ਼ ਨੇ ਲੱਗਦਾ ਹੈ, ਸਪੇਨੀ ਖਿਡਾਰੀ ਨੂੰ ਟੈਨਿਸ ਦੀ ਦੁਨੀਆ ’ਚ ਵੱਡੀਆਂ ਪੁਲਾਂਘਾਂ ਪੁੱਟਣ ਲਈ ਉਤਸ਼ਾਹਿਤ ਕੀਤਾ। ਜੇਕਰ ਉਹ ਇੱਕ ਦਹਾਕਾ ਜਾਂ ਥੋੜ੍ਹਾ ਵੱਧ ਸਮਾਂ ਇਸੇ ਰੌਂਅ ’ਚ ਰਹਿੰਦਾ ਹੈ ਤਾਂ ਸ਼ਾਇਦ ਜੋਕੋਵਿਚ ਦਾ ਰਿਕਾਰਡ ਤੋੜ ਦੇਵੇਗਾ। ਇਸ ਵੇਲੇ ਇੱਕੋ ਬੰਦਾ ਜੋ ਉਸ ਦੀ ਸ਼ਾਨਦਾਰ ਚਾਲ ਤੋੜ ਸਕਦਾ ਹੈ, ਉਹ ਸ਼ਾਇਦ ਸਿਨਰ ਹੀ ਹੈ, ਦੁਨੀਆ ਦਾ ਨੰਬਰ ਇੱਕ ਖਿਡਾਰੀ ਜੋ ਅੱਜ ਨਹੀਂ ਤਾਂ ਕੱਲ੍ਹ ਮਹਾਨ ਖਿਡਾਰੀਆਂ ਦੀ ਸੂਚੀ ’ਚ ਜਗ੍ਹਾ ਬਣਾਉਣ ਲਈ ਬਣਿਆ ਜਾਪਦਾ ਹੈ।
ਅਲਕਰਾਜ਼ ਅਤੇ ਸਿਨਰ ਦੀ ਟੱਕਰ, ਲੱਗਦਾ ਹੈ ਕਿ ਨਡਾਲ-ਫੈਡਰਰ-ਜੋਕੋਵਿਚ ਦੀ ਮੁਕਾਬਲੇਬਾਜ਼ੀ ਦੀ ਭਾਵਨਾ ਦੇ ਬਰਾਬਰ ਖੜ੍ਹੇਗੀ। ਟੈਨਿਸ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਚੰਗੀ ਖ਼ਬਰ ਹੈ ਜੋ ਐਤਵਾਰ ਦੇ ਫਰੈਂਚ ਓਪਨ ਫਾਈਨਲ ਵਰਗੇ ਤਿੱਖੇ, ਜ਼ੋਰਦਾਰ ਮੁਕਾਬਲੇ ਦੇਖਣਾ ਪਸੰਦ ਕਰਦੇ ਹਨ। ਇਸ ਦੌਰਾਨ ਰੋਲਾਂ ਗੈਰੋ ’ਤੇ ਹੋਇਆ ਔਰਤਾਂ ਦਾ ਸਿਖਰਲਾ ਮੁਕਾਬਲਾ ਵੀ ਆਪਣੇ ਆਪ ’ਚ ਯਾਦਗਾਰੀ ਹੋ ਨਿੱਬਡਿ਼ਆ। ਅਮਰੀਕਾ ਦੀ ਕੋਕੋ ਗੌਫ (21) ਨੇ ਰੁਮਾਂਚਿਕ ਤਿੰਨ ਸੈੱਟ ਦੇ ਮੁਕਾਬਲੇ ਵਿੱਚ ਬੇਲਾਰੂਸੀ ਖਿਡਾਰਨ ਆਰਿਅਨਾ ਸਬਾਲੈਂਕਾ (27) ’ਤੇ ਜਿੱਤ ਹਾਸਿਲ ਕੀਤੀ। ਉਨ੍ਹਾਂ ਦੀ ਟੱਕਰ ਵੀ ਦਰਸ਼ਕਾਂ ਨੂੰ ਇੱਕ ਤੋਂ ਬਾਅਦ ਇੱਕ ਤਕੜੇ ਮੁਕਾਬਲੇ ਦੇ ਸਵਾਦ ਦਿੰਦੀ ਹੈ। ਵਾਕਈ ਇਹ ਬੜਾ ਲੁਭਾਉਣਾ ਪਹਿਲੂ ਹੈ।