ਪ੍ਰਿੰਸੀਪਲਾਂ ਤੋਂ ਸੱਖਣੇ ਸਕੂਲ ਬਿਆਨ ਕਰਦੇ ਹਨ ਸੈਕੰਡਰੀ ਸਿੱਖਿਆ ਦੀ ਦੁਰਦਸ਼ਾ: ਗੁਰੂ
ਜਗਜੀਤ ਕੁਮਾਰ
ਖਮਾਣੋਂ, 4 ਫ਼ਰਵਰੀ
ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬੱਸੀ ਪਠਾਣਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਵੱਲੋਂ ਜਾਰੀ ਤਾਜ਼ਾ ਰਿਪੋਰਟ ਦੇ ਆਧਾਰ ’ਤੇ ਪੰਜਾਬ ਦੇ 44% ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਤੋਂ ਬਿਨਾਂ ਹੀ ਬੱਚਿਆਂ ਦੀ ਪੜ੍ਹਾਈ ਦਾ ਡੰਗ ਸਾਰਿਆ ਜਾ ਰਿਹਾ ਹੈ। ਗੁਰੂ ਨੇ ਕਿਹਾ ਕਿ ਇਸ ਰਿਪੋਰਟ ਮੁਤਾਬਕ ਸੂਬੇ ਵਿੱਚ 1927 ਸੈਕੰਡਰੀ ਸਕੂਲ ਹਨ, ਜਿਨ੍ਹਾਂ ਵਿੱਚੋਂ 855 ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਆਸਾਮੀਆਂ ਖਾਲੀ ਹਨ ਅਤੇ ਇੰਨੀ ਵੱਡੀ ਗਿਣਤੀ ਵਿੱਚ ਸੈਕੰਡਰੀ ਸਕੂਲ ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ। ਗੁਰੂ ਨੇ ਕਿਹਾ ਕਿ ਜਿਸ ਸੰਸਥਾ ਜਾਂ ਸਕੂਲ ਵਿੱਚ ਮੁਖੀ ਹੀ ਨਹੀਂ ਹੈ ਉਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਆਪਸੀ ਤਾਲਮੇਲ ਅਤੇ ਅਨੁਸ਼ਾਸਨ ਕਿਵੇਂ ਰਹਿ ਸਕਦਾ ਹੈ। ਸਥਿਤੀ ਇਹ ਹੈ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਵੀ 95 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 57 ਸਕੂਲ ਯਾਨੀ ਕਿ 60% ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ। ਇਸ ਮੌਕੇ ਡਾ. ਜਗਦੀਪ ਸਿੰਘ ਰਾਣਾ ਮੈਂਬਰ ਪੀਏਸੀ, ਰਾਜੀਵ ਅਹੂਜਾ ਮੀਤ ਪ੍ਰਧਾਨ ਨਗਰ ਕੌਂਸਲ ਖਮਾਣੋਂ, ਮਨਪ੍ਰੀਤ ਸਿੰਘ ਮੰਪੀ ਸਾਬਕਾਮੀਤ ਪ੍ਰਧਾਨ ਨਗਰ ਪੰਚਾਇਤ, ਬਲਵਿੰਦਰ ਸਿੰਘ ਬਿੰਦੀ , ਗੁਰਮੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਅਮਰਜੀਤ ਸਿੰਘ ਭਾਮੀਆਂ ਸਾਬਕਾ ਸਰਪੰਚ, ਗਿਆਨੀ ਅਮਨ ਸਿੰਘ ਹਵਾਰਾ ਆਦਿ ਹਾਜ਼ਰ ਸਨ।